ਸਰਕਾਰ ਨੇ ਮੰਨਿਆ ਪਾਣੀ ਦਾ ਪੱਧਰ ਗਿਆ ਹੇਠਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 16:31
Reading time: 0 mins, 58 secs

ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਪਾਣੀ ਦੀ ਬਰਬਾਦੀ ਰੋਕਣ, ਲੋੜ ਅਨੁਸਾਰ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸੁਧਾਰਣ ਲਈ ਭਾਰਤ ਸਰਕਾਰ ਵੱਲੋਂ 'ਜਲ ਸ਼ਕਤੀ ਅਭਿਆਨ' ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪਾਣੀ ਦੀ ਥੁੜ੍ਹ ਵਾਲੇ ਦੇਸ਼ ਦੇ 255 ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ। ਇਸੇ ਦੇ ਤਹਿਤ ਸੰਯੁਕਤ ਸਕੱਤਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਪਾਣੀ ਦੀ ਕਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲ ਸ਼ਕਤੀ ਅਭਿਆਨ ਸ਼ੁਰੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ 15 ਸਤੰਬਰ ਤੱਕ ਚੱਲਣ ਵਾਲੇ ਪਹਿਲੇ ਪੜਾਅ ਤਹਿਤ ਪਾਣੀ ਬਚਾਉਣ, ਦੁਰਵਰਤੋਂ ਰੋਕਣ, ਪਾਣੀ ਦੀ ਗੁਣਵੱਤਾ ਸੁਧਾਰਨ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ, ਜਿਸ ਪਿੱਛੋਂ 'ਜ਼ਿਲ੍ਹਾ ਪੱਧਰੀ ਪਾਣੀ ਸੰਭਾਲ ਯੋਜਨਾ' ਦਾ ਖਰੜਾ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਸੰਯੁਕਤ ਸਕੱਤਰ ਨੇ ਦੱਸਿਆ ਕਿ ਪਾਣੀ ਦੀ ਸੰਭਾਲ ਲਈ ਸ਼ੁਰੂਆਤੀ ਦੌਰ ਵਿੱਚ ਪੰਜ ਮੁੱਖ ਖੇਤਰਾਂ ਵਿੱਚ ਕੰਮ ਕੀਤਾ ਜਾਵੇਗਾ, ਜਿਸ ਵਿੱਚ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਸਾਂਭਣ, ਰਵਾਇਤੀ ਛੱਪੜਾਂ ਅਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡ ਜਾਂ ਟ੍ਰੇਂਜਿਜ਼ (ਖਾਈਆਂ) ਦਾ ਨਿਰਮਾਣ ਕਰਨ, ਧਰਤੀ ਹੇਠ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ।