ਦੋ ਸਾਲ ਹੋਰ ਲੰਘ ਲੈਣ ਦਿਓ ਨਜ਼ਾਰੇ ਲਿਆ ਦਿਆਂਗਾ: ਸੁਖਬੀਰ ਬਾਦਲ

Last Updated: Jul 12 2019 13:46
Reading time: 0 mins, 57 secs

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਹੜੇ ਅਕਾਲੀ ਸਰਪੰਚ ਹਨ ਉਹ ਕਾਂਗਰਸੀਆਂ ਕੋਲੋਂ ਪੈਸੇ ਮੰਗਣ ਨਾ ਜਾਣ ਕਿਉਂਕਿ ਤਿੰਨ ਸਾਲ ਤਾਂ ਲੰਘ ਗਏ ਹਨ ਤੇ ਦੋ ਸਾਲ ਹੋਰ ਲੰਘ ਲੈਣ ਦਿਓ ਨਜ਼ਾਰਾ ਲਿਆ ਦਿਆਂਗਾ, ਇਸ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਨਾ ਹੀ ਕਾਂਗਰਸੀਆਂ ਦੇ ਪਿੱਛੇ-ਪਿੱਛੇ ਫਿਰਨ ਦੀ ਲੋੜ ਹੈ। ਜੂਨੀਅਰ ਬਾਦਲ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਵਰਕਰਾਂ ਵਿੱਚ ਜੋਸ਼ ਪਾਇਆ ਜਾ ਰਿਹਾ ਹੈ ਉਸ ਤੋਂ ਸਪਸ਼ਟ ਹੈ ਕਿ ਸਰਕਾਰ ਭਾਵੇਂ ਸਾਡੀ ਨਹੀਂ ਹੈ ਪਰ ਵਰਕਰਾਂ ਵਿੱਚ ਕਰੰਟ ਅਜੇ ਵੀ ਪੂਰਾ ਹੈ।

ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੜੇ ਹੀ ਉਤਸ਼ਾਹ ਤੇ ਚਾਅ ਨਾਲ ਪੰਜਾਬ ਦੇ ਵਿੱਚ ਵਿਕਾਸ ਕਾਰਜ ਕਰਵਾਏ ਸਨ ਤੇ ਜਿੰਨੇ ਕੰਮ ਅਸੀਂ ਕਰਵਾਏ ਸਨ ਉਸ ਤੋਂ ਵੱਧ ਇੱਕ ਡੱਕਾ ਵੀ ਭੰਨ ਕੇ ਇਸ ਕਾਂਗਰਸ ਸਰਕਾਰ ਨੇ ਨਹੀਂ ਵੇਖਿਆ ਹੈ। ਬੇਅਦਬੀਆਂ ਦੀ ਗੱਲ ਕਰਦਿਆਂ ਸੁਖਬੀਰ ਨੇ ਮੁੜ ਆਪਣਾ ਬਿਆਨ ਦੁਹਰਾਉਂਦਿਆਂ ਕਿਹਾ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਹਨ ਉਨ੍ਹਾਂ ਦੇ ਪਰਿਵਾਰਾਂ ਦਾ ਕੱਖ ਨਾ ਰਹੇ ਕਿਉਂਕਿ ਇਹ ਅਜਿਹਾ ਘਿਨੌਣਾ ਕਾਰਾ ਹੈ ਜੋ ਨਾ ਬਖਸ਼ਣਯੋਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦਾ ਭਲਾ ਹੀ ਮੰਗਿਆ ਹੈ ਤੇ ਕੀਤਾ ਹੈ।