ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਚ ਬਿਜਲੀ ਦਰਾਂ ਨੂੰ ਲੈ ਕੇ ਅੰਦੋਲਨ 'ਦੌੜ' ਸ਼ੁਰੂ !!!

Last Updated: Jul 12 2019 13:19
Reading time: 2 mins, 12 secs

ਵੈਸੇ ਤਾਂ ਆਮ ਲੋਕਾਂ ਲਈ ਇਹ ਚੰਗਾ ਹੀ ਸੰਕੇਤ ਹੈ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਦੇ ਹੱਕ ਵਿੱਚ ਸਸਤੀ ਬਿਜਲੀ ਲਈ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿੱਥੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦਰਾਂ ਨੂੰ ਲੈ ਕੇ ਅੰਦੋਲਨ ਦੀ ਤਿਆਰੀ ਵਿੱਢੀ ਗਈ ਸੀ ਤੇ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਮੰਗ ਪੱਤਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਗਏ ਸਨ, ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼ਾਇਦ ਲੋਕਾਂ ਨੂੰ ਆਪਣੇ ਨਾਲ ਜੋੜਣ ਦੇ ਮੰਤਵ ਅਤੇ ਆਪਣੇ ਵਰਕਰਾਂ ਨੂੰ ਚਾਰਜ ਰੱਖਣ ਦੇ ਮੰਤਵ ਨਾਲ ਹੀ ਪੰਜਾਬ ਦੇ ਮੁੱਦਿਆਂ ਤੇ ਪ੍ਰਦਰਸ਼ਨ ਕਰਨ ਦਾ ਮਨ ਬਣਾ ਲਿਆ ਹੈ ਜਿਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬਿਜਲੀ ਦੀਆਂ ਦਰਾਂ ਦੇ ਵਾਧੇ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ। 

ਲੋਕਾਂ ਦਾ ਕਹਿਣਾ ਹੈ ਕਿ ਆਪਣੀ ਸਰਕਾਰ ਵੇਲੇ ਲਗਾਤਾਰ 10 ਸਾਲ ਬਿਜਲੀ ਦੇ ਰੇਟ ਵਧਾਉਂਦੇ ਰਹੇ ਅਕਾਲੀ ਦਲ ਵਾਲਿਆਂ ਨੂੰ ਅੱਜ ਪੰਜਾਬੀਆਂ ਦੇ ਹਿੱਤ ਆਖਿਰ ਕਿਉਂ ਦਿਖਾਈ ਦੇਣ ਲੱਗ ਪਏ ਹਨ। ਕਈਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਹੀ ਪੰਜਾਬ ਵਿੱਚ ਬਿਜਲੀ ਦੇ ਰੇਟ ਇੰਨੇ ਜ਼ਿਆਦਾ ਵਧਾ ਦਿੱਤੇ ਸਨ ਜਿਸ ਨਾਲ ਲੋਕਾਂ ਦਾ ਕਚੂਮਰ ਨਿਕਲ ਗਿਆ ਸੀ। ਪਰ ਸਸਤੀ ਬਿਜਲੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਵੱਲੋਂ ਵੀ ਬਿਜਲੀ ਦੀਆਂ ਦਰਾਂ ਘਟਾਉਣ ਦੀ ਬਜਾਏ ਵਧਾਏ ਜਾਣ ਕਰਕੇ ਪੰਜਾਬ ਦੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਸੀ ਜਿਸ ਲਈ ਆਮ ਆਦਮੀ ਪਾਰਟੀ ਵੱਲੋਂ ਹਾਅ ਦਾ ਨਾਅਰਾ ਮਾਰਿਆ ਗਿਆ ਸੀ ਤੇ ਸਸਤੀ ਬਿਜਲੀ ਦਰਾਂ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਵੀ ਜੋ ਗੂੜੀ ਨੀਂਦਰ ਸੁੱਤਾ ਪਿਆ ਲੱਗਦਾ ਸੀ ਵੀ ਜਾਗ ਗਿਆ ਹੈ ਤੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ। 

ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਹਰ ਤਰ੍ਹਾਂ ਦੇ ਵਸੀਲੇ ਹਨ ਤੇ ਆਪਣੇ ਮੀਡੀਆ ਚੈਨਲ ਦੀ ਸਹਾਇਤਾ ਨਾਲ ਉਹ ਆਪਣੇ ਧਰਨੇ ਪ੍ਰਦਰਸ਼ਨਾਂ ਨੂੰ ਲਾਈਵ ਚਲਵਾ ਕੇ ਜਾਂ ਹੋਰ ਚੈਨਲਾਂ ਅਤੇ ਮੀਡੀਆ ਰਾਹੀਂ ਆਪਣੀ ਕਵਰੇਜ ਕਰਵਾ ਕੇ ਲੋਕ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰਨ ਵਿੱਚ ਜੁੱਟ ਗਿਆ ਹੈ ਤੇ ਹੋ ਸਕਦਾ ਹੈ ਕਿ ਕਿਸੇ ਹੱਦ ਤੱਕ ਆਪਣੀ ਪਬਲਿਸਿਟੀ ਕਰਨ ਵਿੱਚ ਕਾਮਯਾਬ ਵੀ ਹੋ ਜਾਵੇ ਪਰ ਜੇਕਰ ਲੋਕਾਂ ਨੂੰ ਇਨ੍ਹਾਂ ਦੇ ਧਰਨਿਆਂ ਪ੍ਰਦਰਸ਼ਨਾਂ ਦਾ ਕੋਈ ਲਾਭ ਹੋਵੇਗਾ ਤਾਂ ਹੀ ਲੋਕ ਇਨ੍ਹਾਂ ਨਾਲ ਜੁੜ ਸਕਣਗੇ। ਓਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨੂੰ ਹੀ ਤਾਰਪੀਡੋ ਕਰਨ ਅਤੇ ਹਾਈਜੈਕ ਕਰਨ ਲਈ ਹੀ ਅਕਾਲੀ ਦਲ ਵੱਲੋਂ ਇਹ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਲੱਗਦਾ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਜੋ ਇਸ ਵਾਰ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਨਹੀਂ ਆ ਸਕੀ ਦਾ ਗੁਆਚਦਾ ਜਾ ਰਿਹਾ ਆਧਾਰ ਮੁੜ ਬਹਾਲ ਹੋ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।