ਕੀ, ਹਨੀ ਸਿੰਘ ਦੇ ਗਾਣੇ ਚਲਾਉਣ ਵਾਲੇ ਚੈਨਲ ਤੇ ਰੇਡੀਓ ਸਟੇਸ਼ਨਾਂ ਦੇ ਬਰ-ਖ਼ਿਲਾਫ਼ ਵੀ ਹੋਣਗੇ ਪਰਚੇ ਦਰਜ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 12:11
Reading time: 1 min, 31 secs

ਪੰਜਾਬ ਦੇ ਵਿਵਾਦਿਤ ਗਾਇਕ ਤੇ ਰੈਪਰ ਹਨੀ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਹੋਣ ਦੇ ਬਾਅਦ ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ, ਕੀ ਹਨੀ ਸਿੰਘ ਦਾ ਗੀਤ ਮੱਖ਼ਣਾ ਚਲਾਉਣ ਵਾਲੇ ਟੀ.ਵੀ. ਚੈਨਲ ਅਤੇ ਰੇਡੀਓ ਸਟੇਸ਼ਨਾਂ ਦੇ ਖ਼ਿਲਾਫ਼ ਵੀ ਪਰਚੇ ਦਰਜ ਹੋਣਗੇ? ਕਨੂੰਨੀ ਮਾਹਿਰਾਂ ਅਨੁਸਾਰ ਪੁਲਿਸ ਨੇ ਹਨੀ ਸਿੰਘ ਦੇ ਬਰ-ਖ਼ਿਲਾਫ਼ ਜਿਹੜਾ ਪਰਚਾ ਦਰਜ ਕੀਤਾ ਹੈ, ਉਹ ਪਰਚਾ ਪੁਲਿਸ ਨੇ ਉਸਦੇ ਗੀਤ ਮੱਖ਼ਣਾ ਵਿੱਚ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਅਤੇ ਦ੍ਰਿਸ਼ਾਂ ਨੂੰ ਅਧਾਰ ਬਣਾ ਕੇ ਹੀ ਦਰਜ ਕੀਤਾ ਹੈ। 

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐੱਚ. ਵੀ. ਰਾਏ. ਦਾ ਮੰਨਣਾ ਹੈ ਕਿ, ਪੁਲਿਸ ਨੇ, ਜਿਨ੍ਹਾਂ ਇਤਰਾਜ਼ਾਂ ਨੂੰ ਲੈ ਕੇ ਹਨੀ ਸਿੰਘ ਦੇ ਬਰ ਖ਼ਿਲਾਫ਼ ਫ਼ੌਜਦਾਰੀ ਅਤੇ ਆਈ. ਟੀ. ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ, ਜਦੋਂ ਤੱਕ ਉਹ ਇਤਰਾਜ਼ ਦੂਰ ਨਹੀਂ ਹੋ ਜਾਂਦੇ ਉਦੋਂ ਤੱਕ ਜੇਕਰ, ਕੋਈ ਵੀ ਟੀ. ਵੀ. ਚੈਨਲ ਜਾਂ ਰੇਡੀਓ ਸਟੇਸ਼ਨ ਉਸਦੇ ਵਿਵਾਦਿਤ ਗਾਣੇ ਨੂੰ ਚਲਾਉਂਦਾ ਜਾਂ ਵਿਖਾਉਂਦਾ ਹੈ ਤਾਂ ਉਹ ਵੀ ਕਨੂੰਨ ਅਨੁਸਾਰ ਇੱਕ ਜੁਰਮ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਹੈ। 

ਐੱਚ. ਵੀ. ਰਾਏ ਦਾ ਮੰਨਣਾ ਹੈ ਕਿ, ਲਿਹਾਜ਼ਾ ਹਨੀ ਸਿੰਘ ਦੇ ਵਿਵਾਦਿਤ ਗਾਣੇ ਨੂੰ ਚਲਾਉਣ ਵਾਲਿਆਂ ਜਾਂ ਉਸ ਦੀਆਂ ਸੀ. ਡੀਜ਼ ਵੇਚਣ ਵਾਲਿਆਂ ਦੇ ਖ਼ਿਲਾਫ਼ ਵੀ ਕਨੂੰਨ ਅਨੁਸਾਰ ਪਰਚੇ ਦਰਜ ਕੀਤੇ ਜਾ ਸਕਦੇ ਹਨ ਪਰ, ਆਖ਼ਰੀ ਫ਼ੈਸਲਾ ਪੁਲਿਸ ਵਿਭਾਗ ਦੇ ਹੱਥ ਹੀ ਹੁੰਦਾ ਹੈ, ਕਿ ਉਹ ਅਜਿਹਾ ਕੋਈ ਐਕਸ਼ਨ ਲੈਂਦਾ ਹੈ ਜਾਂ ਨਹੀਂ। 

ਦੋਸਤੋ, ਪੁਲਿਸ ਨੇ ਹਨੀ ਸਿੰਘ ਦੇ ਖ਼ਿਲਾਫ਼ ਤਾਂ ਪਰਚਾ ਦਰਜ ਕਰ ਹੀ ਦਿੱਤਾ ਹੈ ਪਰ, ਹੁਣ ਵੇਖਣਾ ਇਹ ਹੋਵੇਗਾ ਕਿ, ਪੁਲਿਸ ਹਨੀ ਸਿੰਘ ਦਾ ਉਕਤ ਵਿਵਾਦਿਤ ਗਾਣਾ ਚਲਾਉਣ-ਵਿਖਾਉਣ ਵਾਲੇ ਰੇਡੀਓ ਸਟੇਸ਼ਨਾਂ, ਟੀ. ਵੀ. ਚੈਨਲਾਂ ਅਤੇ ਉਸ ਗਾਣੇ ਦੀਆਂ ਸੀਡੀਜ਼ ਵੇਚਣ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ? ਜਦਕਿ ਕਨੂੰਨ ਮਾਹਿਰ ਇਸ ਗੱਲ ਤੇ ਮੋਹਰ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ਕਿ, ਹਨੀ ਸਿੰਘ ਦੇ ਵਿਵਾਦਿਤ ਗਾਣੇ ਦਾ ਕਿਸੇ ਵੀ ਰੂਪ ਵਿੱਚ ਪ੍ਰਚਾਰ ਕਰਨ ਵਾਲੇ ਵੀ ਬਰਾਬਰ ਦੇ ਗੁਨਾਹਗਾਰ ਮੰਨੇ ਜਾ ਸਕਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।