'ਜਲ ਸ਼ਕਤੀ ਅਭਿਆਨ' ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਮਿਲਿਆ ਦੇਸ਼ 'ਚ 10ਵਾਂ ਸਥਾਨ

Last Updated: Jul 11 2019 18:39
Reading time: 2 mins, 7 secs

ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ 'ਜਲ ਸ਼ਕਤੀ ਅਭਿਆਨ' ਤਹਿਤ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਵਾਤਾਵਰਣ ਨੂੰ ਬਚਾਉਣ ਸਬੰਧੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਦੇਸ਼ ਵਿੱਚੋਂ 10ਵਾਂ ਸਥਾਨ ਮਿਲਿਆ ਹੈ। ਇਸ ਅਭਿਆਨ ਤਹਿਤ 15 ਸਤੰਬਰ ਤੱਕ ਚੱਲਣ ਵਾਲੇ ਪਹਿਲੇ ਪੜਾਅ ਸਬੰਧੀ ਕੇਂਦਰੀ ਜਲ ਸ਼ਕਤੀ ਵਿਭਾਗ ਵੱਲੋਂ ਆਪਣੀ ਵੈੱਬਸਾਈਟ 'ਤੇ ਦਰਸਾਈ ਗਈ "ਵਿਸਥਾਰਤ ਜ਼ਿਲ੍ਹਾਵਾਰ ਰੈਂਕਿੰਗ" ਵਿੱਚ ਫ਼ਾਜ਼ਿਲਕਾ ਨੂੰ ਇਹ ਪ੍ਰਾਪਤੀ ਮਿਲੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਾਣੀ ਦੀ ਥੁੜ੍ਹ ਵਾਲੇ ਦੇਸ਼ ਦੇ 255 ਜ਼ਿਲ੍ਹਿਆਂ 'ਚ ਸ਼ੁਰੂ ਕੀਤੇ ਗਏ ਇਸ ਅਭਿਆਨ ਵਿੱਚ ਫ਼ਾਜ਼ਿਲਕਾ ਨੂੰ 10ਵਾਂ ਸਥਾਨ ਮਿਲਿਆ ਹੈ, ਜਿਸ ਨਾਲ ਵਾਤਾਵਰਣ ਅਤੇ ਪਾਣੀ ਬਚਾਉਣ ਦੇ ਸਾਡੇ ਉੱਦਮਾਂ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਦੱਸਿਆ ਕਿ ਰਾਜਾਂ ਅਤੇ ਜ਼ਿਲ੍ਹਿਆਂ ਨੂੰ ਪਾਣੀ ਬਚਾਉਣ ਲਈ ਹੋਰ ਉਤਸ਼ਾਹਿਤ ਕਰਨ ਵਾਸਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਜ਼ਿਲ੍ਹਾਵਾਰ ਰੈਂਕਿੰਗ ਲਈ ਅਭਿਆਨ ਦੌਰਾਨ ਜ਼ਿਲ੍ਹਿਆਂ ਵੱਲੋਂ ਕੀਤੀ ਗਈ ਪ੍ਰਗਤੀ ਨੂੰ ਆਧਾਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਲਈ ਪੰਜ ਮੁੱਖ ਖੇਤਰਾਂ ਜਿਵੇਂ ਪਾਣੀ ਸੰਭਾਲ ਤੇ ਬਰਸਾਤੀ ਪਾਣੀ ਸਾਂਭਣਾ, ਰਵਾਇਤੀ ਛੱਪੜਾਂ ਅਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡ ਜਾਂ ਟ੍ਰੇਂਚਿਜ਼ (ਖਾਈਆਂ) ਦਾ ਨਿਰਮਾਣ ਕਰਨਾ, ਧਰਤੀ ਹੇਠ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨਾ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਉਚੇਚਾ ਧਿਆਨ ਕੇਂਦਰਿਤ ਕਰਨਾ ਆਦਿ ਤੋਂ ਇਲਾਵਾ, ਵਿਸ਼ੇਸ਼ ਧਿਆਨਦੇਣ ਯੋਗ ਖੇਤਰ ਅਤੇ ਲੋਕਾਂ ਦੀ ਭਾਗੀਦਾਰੀ ਆਦਿ ਵਿੱਚ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਹੈ।

ਸ. ਛੱਤਵਾਲ ਨੇ ਦੱਸਿਆ ਕਿ ਜ਼ਿਲ੍ਹਿਆਂ ਦੀ ਮੁੱਖ ਤਿੰਨ ਵਰਗਾਂ ਵਿੱਚ ਰੈਂਕਿੰਗ ਕੀਤੀ ਗਈ ਹੈ ਜਿਸ ਵਿੱਚ ਸਰਕਾਰੀ ਯੋਜਨਾ ਨਾਲ ਸਬੰਧਿਤ ਕਾਰਜਾਂ ਲਈ 60 ਫ਼ੀਸਦੀ, ਵਿਸ਼ੇਸ਼ ਧਿਆਨਦੇਣ ਯੋਗ ਖੇਤਰਾਂ ਲਈ 20 ਫ਼ੀਸਦੀ ਅਤੇ ਲੋਕਾਂ ਦੀ ਸ਼ਮੂਲੀਅਤ ਲਈ 20 ਫ਼ੀਸਦੀ ਅੰਕ ਮਿੱਥੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਪੜਾਵਾਂ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਨੂੰ 10.95 ਫ਼ੀਸਦੀ ਅੰਕ ਪ੍ਰਾਪਤ ਹੋਏ ਹਨ ਜਦਕਿ ਪਹਿਲੇ ਸਥਾਨ 'ਤੇ ਆਉਣ ਵਾਲੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਵਾਰਾਣਸੀ ਨੂੰ 17.65 ਅੰਕ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਦਾ ਜ਼ਿਲ੍ਹਾ ਸੰਗਰੂਰ 10.19 ਫ਼ੀਸਦੀ ਅੰਕਾਂ ਨਾਲ 13ਵੇਂ ਸਥਾਨ 'ਤੇ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਜਲ ਸ਼ਕਤੀ ਅਭਿਆਨ' ਤਹਿਤ 255 ਜ਼ਿਲ੍ਹਿਆਂ 'ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਪਾਣੀ ਦੀ ਬਰਬਾਦੀ ਰੋਕਣ, ਲੋੜ ਅਨੁਸਾਰ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰਨ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਆਦਿ ਦੇ ਟੀਚਿਆਂ ਦੀ ਪ੍ਰਾਪਤੀ ਕੀਤੀ ਜਾਣੀ ਹੈ। ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦਿਸ਼ਾ ਵਿੱਚ ਹੋਰ ਹੰਭਲਾ ਮਾਰੇਗਾ ਅਤੇ ਸੌ ਫ਼ੀਸਦੀ ਅੰਕਾਂ ਦਾ ਟੀਚਾ ਹਾਸਲ ਕਰਨ ਲਈ ਜੀਅ ਜਾਨ ਨਾਲ ਕੰਮ ਕਰੇਗਾ। ਉਨ੍ਹਾਂ ਸਰਕਾਰ ਦੇ ਹੰਭਲਿਆਂ ਦੇ ਨਾਲ-ਨਾਲ ਲੋਕਾਂ ਤੋਂ ਵੀ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ।