ਬਠਿੰਡਾ ਦੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਤੇ ਛਾਪੇਮਾਰੀ, ਕਈਆਂ ਦੇ ਕਾਗ਼ਜ਼ਾਂ ਵਿੱਚ ਊਣਤਾਈਆਂ

Last Updated: Jul 11 2019 18:12
Reading time: 0 mins, 56 secs

ਵਿਦੇਸ਼ ਜਾਣ ਦੇ ਸੁਪਨੇ ਦੀ ਸੌਦਾਗਰੀ ਕਰ ਰਹੇ ਸ਼ਹਿਰਾਂ ਵਿੱਚੋਂ ਬਠਿੰਡਾ ਵੀ ਆਈਲੈਟਸ ਸੈਂਟਰਾਂ ਦਾ ਗੜ੍ਹ ਬਣ ਚੁੱਕਾ ਹੈ। ਬਠਿੰਡਾ ਦੀ ਅਜੀਤ ਰੋਡ ਜਿਸ ਤੇ ਲਗਭਗ 200 ਆਈਲੈਟਸ ਸੈਂਟਰ ਹਨ ਅਤੇ ਹਜ਼ਾਰਾਂ ਵਿਦਿਆਰਥੀ ਹਨ ਜੋ ਆਈਲੈਟਸ ਸੈਂਟਰਾਂ ਵਿੱਚ ਤਿਆਰੀ ਕਰਕੇ ਵਿਦੇਸ਼ ਜਾਣ ਦੇ ਸੁਪਨੇ ਸੰਜੋ ਰਹੇ ਹਨ। ਇਹਨਾਂ ਆਈਲੈਟਸ ਸੈਂਟਰਾਂ ਤੇ ਬਠਿੰਡਾ ਪੁਲਿਸ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦੇ ਕਾਗ਼ਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਆਈਲੈਟਸ ਸੈਂਟਰਾਂ ਕੋਲ ਸੇਫ਼ਟੀ ਸਮੇਤ ਹੋਰ ਕਾਗਜ਼ ਵੀ ਪੂਰੇ ਨਹੀਂ ਸਨ।

ਪੜਤਾਲੀਆ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਆਈਲੈਟਸ ਸੈਂਟਰਾਂ ਦੇ ਸਰਕਾਰੀ ਮਾਣਕਾ ਅਨੁਸਾਰ ਕਾਗਜ਼ ਪੂਰੇ ਨਾ ਪਾਏ ਗਏ ਉਨ੍ਹਾਂ ਤੇ ਕੇਸ ਦਰਜ ਕਰਕੇ ਬਣਦੀ ਕਰਵਾਈ ਕੀਤੀ ਜਾਵੇਗੀ। ਅੱਜ ਸਵੇਰ ਤੋਂ ਹੀ ਅੱਧਾ ਦਰਜਨ ਦੇ ਕਰੀਬ ਡੀਐਸਪੀ ਦੀ ਅਗਵਾਈ ਵਿੱਚ ਇਹਨਾਂ ਸੈਂਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਸੈਂਟਰਾਂ ਦੇ ਖ਼ਿਲਾਫ਼ ਕਾਫੀ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਇਹਨਾਂ ਸੈਂਟਰਾਂ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਇਹ ਜਾਂਚ ਓਨਾ ਚਿਰ ਚਲਦੀ ਰਹੂਗੀ ਜਿੰਨਾ ਚਿਰ ਸਾਰੇ ਸੈਂਟਰ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ।