ਹੁਣ ਕੁਦਰਤੀ ਜਲ ਨਿਕਾਸੀ ਸਾਧਨਾਂ ਤੇ ਸਰਕਾਰ ਬਣਵਾਏਗੀ ਚੈੱਕ ਡੈਮ!!

Last Updated: Jul 11 2019 18:15
Reading time: 1 min, 50 secs

ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਪਾਣੀ ਦੀ ਸੰਭਾਲ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਸਬੰਧੀ ਕਾਰਜਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ 'ਚ ਸੁਧਾਰ ਲਿਆਂਦਾ ਜਾ ਸਕੇ। ਕੁਦਰਤੀ ਸਰੋਤ ਪਾਣੀ ਦੀ ਸੰਭਾਲ ਲਈ ਇਸ ਦੀ ਵਰਤੋਂ ਸੰਜਮ ਨਾਲ ਕੀਤੀ ਜਾਣੀ ਜ਼ਰੂਰੀ ਹੈ ਤਾਂ ਹੀ ਪਾਣੀ ਸਬੰਧੀ ਦਿੱਕਤਾਂ ਹੱਲ ਹੋ ਸਕਣਗੀਆਂ। ਉਪਰੋਕਤ ਵਿੱਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ 15 ਸਤੰਬਰ ਤੱਕ ਚਲਾਏ ਜਾਣ ਵਾਲੇ ਜਲ ਸ਼ਕਤੀ ਅਭਿਆਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੁਲਾਈ ਮੀਟਿੰਗ ਦੌਰਾਨ ਸਾਂਝਾ ਕੀਤਾ।

ਮੀਟਿੰਗ ਦੌਰਾਨ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲ ਸ਼ਕਤੀ ਅਭਿਆਨ ਤਹਿਤ ਜ਼ਿਲ੍ਹੇ ਅੰਦਰ ਪੈਂਦੇ ਸਰਹਿੰਦ ਚੋਅ ਜਿਹੇ ਕੁਦਰਤੀ ਜਲ ਨਿਕਾਸੀ ਸਾਧਨਾਂ 'ਚ ਚੈੱਕ ਡੈਮ ਬਣਾਉਣ ਲਈ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਪਿੰਡਾ ਅੰਦਰ ਟੋਭਿਆਂ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਉਨ੍ਹਾਂ ਵਿੱਚ ਸੀਂਚੇਵਾਲ ਮਾਡਲ ਤਹਿਤ ਸਾਫ ਕੀਤਾ ਸੀਵਰੇਜ ਦਾ ਪਾਣੀ ਪਾ ਕੇ ਉਸ ਪਾਣੀ ਦਾ ਸਿੰਚਾਈ ਲਈ ਇਸਤੇਮਾਲ ਕੀਤਾ ਜਾਵੇ, ਜਿਸ ਨਾਲ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਵੱਖ-ਵੱਖ ਕਿਸਮ ਦੇ ਸਟੋਰੇਜ ਟੈਂਕ ਬਣਾ ਕੇ ਉਨ੍ਹਾਂ 'ਚ ਬਰਸਾਤੀ ਪਾਣੀ ਦੀ ਸੰਭਾਲ ਕੀਤੀ ਜਾਵੇ ਅਤੇ ਧਰਤੀ ਥੱਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜਿੰਗ ਪਿੱਟ ਤੇ ਸੋਕ ਪਿੱਟ ਬਣਾਏ ਜਾਣ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ 'ਚ ਬੂਟੇ ਲਗਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਹਰ ਪਿੰਡ 'ਚ 550 ਬੂਟੇ ਲਗਾਉਣ ਦਾ ਟੀਚਾ ਹਰ ਹਾਲਾਤ 'ਚ 30 ਜੁਲਾਈ ਤੱਕ ਪੂਰਾ ਕੀਤਾ ਜਾਵੇ। ਬੂਟਿਆਂ ਦੀ ਸੰਭਾਲ ਲਈ ਵਣ ਮਿੱਤਰ ਵੀ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਕਿ ਬੂਟੇ ਚੰਗੀ ਤਰ੍ਹਾਂ ਵੱਧ ਫੁੱਲ ਸਕਣ ਤੇ ਪਾਣੀ ਦੀ ਸਮੱਸਿਆ ਦੇ ਹੱਲ ਦੇ ਨਾਲ ਪੂਰੇ ਵਾਤਾਵਰਨ ਦੀ ਸੰਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਲੋਕਾਂ ਦਾ ਯੋਗਦਾਨ ਜ਼ਰੂਰੀ ਹੁੰਦਾ ਹੈ। ਇਸ ਲਈ ਲੋਕਾਂ ਨੂੰ ਪਾਣੀ ਦੀ ਸੰਭਾਲ ਤੇ ਇਸ ਦਾ ਇਸਤੇਮਾਲ ਸਮਝਦਾਰੀ ਨਾਲ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇ। ਇਸਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਪ੍ਰੇਰਿਆ ਜਾਵੇ। ਮੀਟਿੰਗ ਦੌਰਾਨ ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਜਸਪ੍ਰੀਤ ਸਿੰਘ, ਅਸਿਸਟੈਂਟ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ, ਡੀ.ਡੀ.ਪੀ.ਓ ਅਮਰੀਕ ਸਿੰਘ ਸਿੱਧੂ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਹਰਕੰਵਲਜੀਤ ਸਿੰਘ, ਐਕਸੀਅਨ ਪੰਚਾਇਤੀ ਰਾਜ ਜਸਬੀਰ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।