ਸਿਹਤ ਵਿਭਾਗ, ਡੇਂਗੂ ਨੂੰ ਖ਼ਤਮ ਕਰਨ ਲਈ ਹੋਇਆ ਪੱਬਾਂ ਭਾਰ

Last Updated: Jul 11 2019 18:09
Reading time: 0 mins, 54 secs

ਡੇਂਗੂ ਬੁਖ਼ਾਰ ਤੋਂ ਬਚਾਓ ਸਬੰਧੀ ਜਾਗਰੂਕਤਾ ਪ੍ਰੋਗਰਾਮ ਸਿਹਤ ਵਿਭਾਗ ਫ਼ਿਰੋਜ਼ਪੁਰ ਦੇ ਵਲੋਂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਡੇਂਗੂ ਦੀ ਰੋਕਥਾਮ, ਬਚਾਓ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟਿਆਂ ਆਉਣਾ, ਨੱਕ, ਮੂੰਹ, ਜਬਾੜ੍ਹਿਆਂ ਵਿੱਚੋਂ ਖ਼ੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖ਼ਾਰ ਦੇ ਲੱਛਣ ਹਨ। 

ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲ਼ੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦਾ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੁਫ਼ਤ ਕੀਤਾ ਜਾਂਦਾ ਹੈ। ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਸ਼ੁੱਕਰਵਾਰ ਨੂੰ ''ਡਰਾਈ ਡੇ'' ਵਜੋਂ ਮਨਾਉਣ ਬਾਰੇ ਕਿਹਾ ਕਿ ਹਰ ਹਫ਼ਤੇ ਦੇ ਸ਼ੁੱਕਰਵਾਰ ਨੂੰ ਆਪਣੇ ਘਰ, ਦਫ਼ਤਰਾਂ, ਦੁਕਾਨਾਂ, ਅਤੇ ਹੋਟਲਾਂ ਵਿੱਚ ਲੱਗੇ ਫ਼ਰਿਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ਼ ਕੀਤਾ ਜਾਵੇ।