ਕੌਮੀ ਮੱਛੀ ਪਾਲਕ ਦਿਵਸ ਮੌਕੇ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਮੱਛੀ ਪਾਲਣ ਧੰਦਾ ਅਪਣਾਉਣ ਲਈ ਕੀਤਾ ਜਾਗਰੂਕ

Last Updated: Jul 11 2019 18:03
Reading time: 1 min, 50 secs

ਕੌਮੀ ਮੱਛੀ ਪਾਲਕ ਦਿਵਸ ਦੇ ਸਬੰਧ ਚ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਬਾਗੜੀਆਂ-ਫੱਗਣਮਾਜਰਾ ਵਿਖੇ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਜਾਗਰੂਕਤਾ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਮੱਛੀ ਪਾਲਣ ਵਿਭਾਗ ਫ਼ਤਿਹਗੜ੍ਹ ਸਾਹਿਬ ਦੇ ਸਹਾਇਕ ਡਾਇਰੈਕਟਰ ਕੇਸਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੱਛੀ ਪਾਲਣ ਦੇ ਧੰਦੇ ਸਬੰਧੀ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਡਿਪਟੀ ਡਾਇਰੈਕਟਰ ਕੇਸਰ ਸਿੰਘ ਨੇ ਦੱਸਿਆ ਕਿ ਸੰਸਾਰ ਭਰ ਚ ਮੱਛੀ ਪਾਲਣ ਦਾ ਰੁਝਾਨ ਪਿਛਲੇ ਕੁਝ ਦਹਾਕਿਆਂ ਤੋਂ ਤੇਜ਼ੀ ਨਾਲ ਵੱਧ ਰਿਹਾ ਹੈ। ਚੀਨ ਮੱਛੀ ਉਤਪਾਦਨ ਵਿੱਚ ਸਭ ਤੋਂ ਮੋਹਰੀ ਹੈ ਤੇ ਭਾਰਤ ਦੂਜੇ ਸਥਾਨ ਤੇ ਹੈ। ਭਾਰਤ ਚ ਇਸ ਸਮੇਂ ਮੱਛੀ ਦਾ ਉਤਪਾਦਨ ਸਲਾਨਾ 12.60 ਮਿਲੀਅਨ ਮੀਟ੍ਰਿਕ ਟਨ ਹੈ, ਜੋ ਕਿ ਸਾਲ 2020 ਤੱਕ ਇਸਦਾ ਟੀਚਾ 15 ਮਿਲੀਅਨ ਟਨ ਮਿਥਿਆ ਗਿਆ ਹੈ। ਪੰਜਾਬ 6.5 ਟਨ ਪ੍ਰਤੀ ਹੈਕਟੇਅਰ ਸਾਲਾਨਾ ਦਾ ਉਤਪਾਦਨ ਲੈ ਰਿਹਾ ਹੈ।

ਇਸਦਾ ਮੁੱਖ ਕਾਰਨ ਸਾਲ 1957 ਚ ਡਾ. ਹੀਰਾ ਲਾਲ ਚੌਧਰੀ ਵੱਲੋਂ ਪਹਿਲੀ ਵਾਰ ਮਨਸੂਈ ਢੰਗ ਨਾਲ ਮੱਛੀ ਦੀ ਬ੍ਰੀਡਿੰਗ ਕਰਵਾਉਣ ਦੀ ਕੀਤੀ ਖੋਜ ਹੈ। ਇਸ ਤੋਂ ਪਹਿਲਾਂ ਮੱਛੀਆਂ ਦਾ ਪੂੰਗ ਕੁਦਰਤੀ ਪਾਣੀਆਂ ਤੋਂ ਇਕੱਠਾ ਕੀਤਾ ਜਾਂਦਾ ਸੀ, ਜਿਸ ਨਾਲ ਅਣਚਾਹੀਆਂ ਮੱਛੀਆਂ ਵੀ ਆ ਜਾਂਦੀਆਂ ਸਨ ਅਤੇ ਜ਼ਿਆਦਾ ਫ਼ਾਇਦੇਮੰਦ ਕਿੱਤਾ ਨਹੀਂ ਸੀ। ਇਸ ਉਪਰੰਤ ਭਾਰਤ ਚ ਨਰਸਰੀਆਂ ਤੇ ਮੱਛੀ ਫਾਰਮਾਂ ਦਾ ਨਿਰਮਾਣ ਹੋਇਆ ਅਤੇ ਦੇਸ਼ ਚ ਮੱਛੀ ਪੂੰਗ ਉਤਪਾਦਨ ਦੀ ਕ੍ਰਾਂਤੀ ਆਈ। ਅੱਜ ਪੰਜਾਬ ਅੰਦਰ ਮੱਛੀ ਪਾਲਣ ਇੱਕ ਫ਼ਾਇਦੇਮੰਦ ਕਿੱਤਾ ਅਤੇ ਖੇਤੀਬਾੜੀ ਦਾ ਬਦਲ ਮੰਨਿਆ ਜਾ ਰਿਹਾ ਹੈ।

ਇਸ ਮੌਕੇ ਮੱਛੀ ਪਾਲਕ ਵਿਕਾਸ ਏਜੰਸੀ ਫ਼ਤਿਹਗੜ੍ਹ ਸਾਹਿਬ ਦੇ ਮੁੱਖ ਕਾਰਜਕਾਰੀ ਅਫਸਰ ਕਰਮਜੀਤ ਸਿੰਘ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ ਬਾਗੜੀਆਂ ਫੱਗਣਮਾਜਰਾ ਵਿਖੇ ਵਿਭਾਗ ਦੁਆਰਾ ਸਥਾਪਤ ਕੀਤੀ, ਮਿੱਟੀ ਪਾਣੀ ਤੇ ਬਿਮਾਰੀਆਂ ਦੀ ਜਾਂਚ ਲਈ ਲੈਬੋਰੇਟਰੀ, ਫਿਸ਼ ਫੀਡ ਮਿੱਲ ਅਤੇ ਮੱਛੀ ਪਾਲਣ ਸਬੰਧੀ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮਿੱਟੀ, ਪਾਣੀ ਅਤੇ ਮੱਛੀਆਂ ਦੀਆਂ ਬਿਮਾਰੀਆਂ ਦੀ ਨਿਯਮਿਤ ਜਾਂਚ ਕਰਵਾ ਕੇ ਫ਼ਾਇਦਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਰਕਾਰੀ ਮੱਛੀ ਪੂੰਗ ਫਾਰਮ ਤੋਂ ਵਧੀਆ ਕਿਸਮ ਦਾ ਸਸਤੇ ਰੇਟਾਂ ਤੇ ਪੂੰਗ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਨੇ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਏਕੜ ਰਕਬੇ ਵਿੱਚ ਮਗਨਰੇਗਾ ਸਕੀਮ ਰਾਹੀਂ ਮੁਫ਼ਤ ਤਲਾਬ ਪੁਟਵਾ ਕੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰ ਸਕਦੇ ਹਨ। ਇਸ ਮੌਕੇ ਤੇ ਤੇਜਿੰਦਰ ਸਿੰਘ ਫਾਰਮ ਸੁਪਰਡੈਂਟ, ਸ੍ਰੀਮਤੀ ਸੁਖਵਿੰਦਰ ਕੌਰ, ਬਲਜੋਤ ਕੌਰ ਮੱਛੀ ਪਾਲਣ ਅਫਸਰ ਅਤੇ ਮਹਿਮਾ ਸਿੰਘ ਸੀਨੀਅਰ ਸਹਾਇਕ ਤੇ ਫ਼ਤਿਹਗੜ੍ਹ ਸਾਹਿਬ ਦੇ ਮੱਛੀ ਪਾਲਕ ਤੇ ਕਿਸਾਨ ਹਾਜ਼ਰ ਸਨ।