ਮਾਂ-ਬੇਟੀ ਚੌਂਕ ਅਤੇ ਸਕੀਮ ਬੇਟੀ ਚੌਂਕ ਦਾ ਵਿਧਾਇਕ ਤੇ ਡੀਸੀ ਨੇ ਕੀਤਾ ਉਦਘਾਟਨ

Last Updated: Jul 11 2019 17:55
Reading time: 1 min, 35 secs

ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਦੋ ਪ੍ਰਮੁੱਖ ਚੌਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਸਮਰਪਿਤ ਕਰ ਦਿੱਤਾ ਹੈ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚੁੰਗੀ ਨੰਬਰ 7 ਅਤੇ ਸ਼ੇਰ ਸ਼ਾਹ ਵਲੀ ਚੌਂਕ 'ਤੇ ਮਾਂ-ਬੇਟੀ ਨਾਲ ਸਬੰਧਿਤ 2 ਵਿਸ਼ਾਲ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸੰਯੁਕਤ ਰੂਪ ਵਿੱਚ ਇਨ੍ਹਾਂ ਦੋਨਾਂ ਮੂਰਤੀਆਂ ਦਾ ਉਦਘਾਟਨ ਕੀਤਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਚੂੰਗੀ ਨੰਬਰ 7 ਵਾਲੇ ਚੌਂਕ ਨੂੰ ਮਾਂ-ਬੇਟੀ ਚੌਂਕ ਦੀ ਥੀਮ ਦੇ ਤਹਿਤ ਤਿਆਰ ਕੀਤਾ ਗਿਆ ਹੈ, ਜਿੱਥੇ ਇੱਕ ਮਾਂ ਜਿਸ ਦੇ ਹੱਥਾਂ ਵਿੱਚ ਉਸਦੀ ਬੇਟੀ ਹੈ ਦੀ ਵਿਸ਼ਾਲ ਮੂਰਤੀ ਲਗਾਈ ਗਈ ਹੈ।

ਸ਼ੇਰ ਸ਼ਾਹ ਵਲੀ ਚੌਂਕ 'ਤੇ ਇੱਕ ਹੋਰ ਮੂਰਤੀ ਹੈ, ਜਿਸ ਵਿੱਚ ਪਿਛਲੇ ਚੌਂਕ 'ਤੇ ਮਾਂ ਦੇ ਹੱਥਾਂ ਵਿੱਚ ਖੇਡ ਰਹੀ ਨਿੱਕੀ ਬੱਚੀ ਵੱਡੀ ਹੋ ਗਈ ਹੈ ਅਤੇ ਉਸ ਦੇ ਆਸ-ਪਾਸ ਕਿਤਾਬਾਂ ਦਾ ਢੇਰ ਹੈ ਅਤੇ ਖ਼ੂਬ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਚੌਂਕ ਨੂੰ ਸਕੀਮ ਬੇਟੀ ਚੌਂਕ ਦਾ ਨਾਮ ਦਿੱਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਇਹ ਦੋਨੋਂ ਚੌਂਕ ਸਮਾਜ ਵਿੱਚ ਔਰਤਾਂ ਦੀ ਅਹਿਮੀਅਤ ਨੂੰ ਦਰਸ਼ਾਉਂਦੇ ਹਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਕਾਫ਼ੀ ਲੰਮੇ ਸਮੇਂ ਤੋਂ ਪ੍ਰਿਆਸ ਕੀਤੇ ਜਾ ਰਹੇ ਸਨ, ਜਿਸ ਦੇ ਤਹਿਤ ਗੈਰ-ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਪ੍ਰਿਆਸ ਕੀਤੇ ਜਾ ਰਹੇ ਹਨ।

ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਬਗੈਰ ਸਰਕਾਰੀ ਪੈਸਾ ਖ਼ਰਚ ਕੀਤੇ ਇਹ ਦੋਨੋਂ ਚੌਂਕ ਤਿਆਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਚੌਂਕ ਜਿੱਥੇ ਸ਼ਹਿਰ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾਉਣਗੇ, ਉੱਥੇ ਸਮਾਜ ਵਿੱਚ ਬੇਟੀਆਂ ਦੇ ਮਹੱਤਵਪੂਰਨ ਸਥਾਨ ਦਾ ਸੰਦੇਸ਼ ਵੀ ਦੇਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਟੀਆਂ ਅੱਜ ਬੇਟਿਆਂ ਤੋਂ ਕਿਸੇ ਵੀ ਮਾਮਲੇ ਵਿੱਚ ਘੱਟ ਨਹੀਂ ਹਨ। ਹਰ ਖੇਤਰ ਵਿੱਚ ਬੇਟੀਆਂ ਨੇ ਆਪਣਾ ਮੁਕਾਮ ਹਾਸਲ ਕੀਤਾ ਹੈ ਅਤੇ ਹਰ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਸਮੇਤ ਕਈ ਅਧਿਕਾਰੀ ਹਾਜ਼ਰ ਸਨ।