ਸੂਬੇ 'ਚ ਨਸ਼ਿਆਂ ਦਾ ਕਹਿਰ, ਇੱਕ ਹੋਰ ਨੌਜਵਾਨ ਚੱਲ ਵੱਸਿਆ

Last Updated: Jul 11 2019 17:43
Reading time: 1 min, 19 secs

ਪੰਜਾਬ ਦੇ ਅੰਦਰ ਨਸ਼ਿਆਂ ਦਾ ਕਹਿਰ ਇਸ ਕਦਰ ਹਾਵੀ ਹੋ ਚੁੱਕਿਆ ਹੈ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। ਪੰਜਾਬ ਦਾ ਇਸ ਸਮੇਂ ਕੋਈ ਵੀ ਅਜਿਹਾ ਜ਼ਿਲ੍ਹਾ, ਕਸਬਾ ਜਾਂ ਫਿਰ ਪਿੰਡ ਨਹੀਂ, ਜਿੱਥੇ ਨੌਜਵਾਨ ਨਸ਼ੇ ਦੇ ਨਾਲ ਪੀੜ੍ਹਤ ਨਾ ਹੋਣ। ਹਰ ਪਿੰਡ, ਕਸਬੇ ਅਤੇ ਜ਼ਿਲ੍ਹੇ ਵਿੱਚ ਨੌਜਵਾਨ ਵੱਡੀ ਪੱਧਰ 'ਤੇ ਨਸ਼ਿਆਂ ਦੇ ਲਪੇਟ ਵਿੱਚ ਆ ਚੁੱਕੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਇੱਥੇ ਰੋਜ਼ਾਨਾ ਹੀ ਇੱਕ ਦੋ ਨੌਜਵਾਨ ਨਸ਼ੇ ਦੀ ਉਵਰਡੋਜ਼ ਲੈਣ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। 

ਤਾਜ਼ਾ ਘਟਨਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਪਿੰਡ ਹਰਾਜ ਦੀ ਦੱਸੀ ਜਾ ਰਹੀ ਹੈ, ਜਿੱਥੋਂ ਦੇ ਰਹਿਣ ਵਾਲੇ ਇੱਕ 28 ਸਾਲਾਂ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਮੇਲ ਸਿੰਘ (28) ਪੁੱਤਰ ਮੁਖ਼ਤਿਆਰ ਸਿੰਘ ਵਾਸੀ ਹਰਾਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਪ੍ਰਕਾਰ ਦੇ ਨਸ਼ੇ ਕਰਦਾ ਆ ਰਿਹਾ ਸੀ ਅਤੇ ਅੱਜ ਸੁਭਾ ਗੁਰਮੇਲ ਦੇ ਵਲੋਂ ਘਰ ਦੇ ਬਾਥਰੂਮ ਵਿਚ ਨਸ਼ੇ ਦਾ ਟੀਕਾ ਲਗਾਇਆ ਗਿਆ, ਜਿਸ ਦੇ ਕਾਰਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਸਮਗਲਰ ਫੜ੍ਹ ਕੇ ਜੇਲ੍ਹ ਅੰਦਰ ਸੁੱਟੇ ਜਾਣ। ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਜਿਵੇਂ ਹੀ ਸਬੰਧਿਤ ਥਾਣੇ ਦੀ ਪੁਲਿਸ ਤੋਂ ਇਲਾਵਾ ਐਸਪੀਡੀ ਤੋਂ ਇਲਾਵਾ ਡੀਐਸਪੀਜ਼ ਨੂੰ ਲੱਗੀ ਤਾਂ ਉਹ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ। ਇਸ ਮੌਕੇ ਐੱਸ.ਪੀ. (ਡੀ) ਫ਼ਿਰੋਜ਼ਪੁਰ ਰਾਜ ਸਿੰਘ, ਡੀ.ਐੱਸ.ਪੀ ਸਤਨਾਮ ਸਿੰਘ ਅਤੇ ਡੀ.ਐੱਸ.ਪੀ ਅਸ਼ੋਕ ਕੁਮਾਰ ਨੇ ਮ੍ਰਿਤਕ ਗੁਰਮੇਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਜਲਦ ਹੀ ਨਸ਼ਾ ਸਮਗਲਰਾਂ ਨੂੰ ਫੜ੍ਹ ਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਵੇਗਾ।