ਆਬਾਦੀ ਸਦਕਾ ਹਿੰਦੁਸਤਾਨ, ਦੂਜੇ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਮੂਹਰੀ ਕਤਾਰ 'ਚ ਆਣ ਖੜੋਤਾ.!!!

Last Updated: Jul 11 2019 17:16
Reading time: 2 mins, 36 secs

ਵੱਧ ਰਹੀ ਆਬਾਦੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮੁੱਖ ਰੋੜਾ ਹੈ ਅਤੇ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਅਬਾਦੀ ਨੂੰ ਕੰਟਰੋਲ ਕਰ ਦੇਸ਼ ਅਤੇ ਸਮਾਜ ਨੂੰ ਤਰੱਕੀ ਦੇ ਰਾਹੇ ਤੋਰਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰਜਿੰਦਰ ਮਨਚੰਦਾ ਐੱਸਐੱਮਊ ਮਮਦੋਟ ਵੱਲੋਂ ਵਿਸ਼ਵ ਆਬਾਦੀ ਦਿਹਾੜੇ ਮੌਕੇ ਕੀਤਾ ਗਿਆ। ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦਾ ਸੁਨੇਹਾ ਦਿੰਦਿਆਂ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵੱਲੋਂ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਨਿਰਦੇਸ਼ਾਂ ਹੇਠ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਡਾ. ਰੇਖਾ ਮੈਡੀਕਲ ਅਫ਼ਸਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
 
ਮਮਦੋਟ ਸ਼ਹਿਰ ਤੇ ਬਜ਼ਾਰਾਂ-ਗਲੀਆਂ ਵਿੱਚ ਐੱਮਪੀਐੱਚ ਡਬਲਯੂ ਮੇਲ ਵੱਲੋਂ ਕੱਢੀ ਜਾਗਰੂਕਤਾ ਰੈਲੀ ਦੌਰਾਨ ਜਿੱਥੇ ਲੋਕਾਂ ਨੂੰ ਵੱਧ ਰਹੀ ਆਬਾਦੀ ਦੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ, ਉੱਥੇ ਮਹਿਕਮੇ ਵੱਲੋਂ ਛਾਪੇ ਇਸ਼ਤਿਹਾਰ ਵੀ ਵੰਡੇ ਗਏ। ਰੈਲੀ ਦੌਰਾਨ ਮੇਲ ਵਰਕਰਾਂ ਦੇ ਹੱਥਾਂ ਵਿੱਚ ਆਬਾਦੀ 'ਤੇ ਚੋਟ ਕਰਦਿਆਂ ਫੜ੍ਹੀਆਂ ਤਖ਼ਤੀਆਂ ਵੀ ਲੋਕਾਂ ਨੂੰ ਇਸ ਵੱਲ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਰਹੀਆਂ ਸਨ। ਇਸ ਰੈਲੀ ਤੋਂ ਬਾਅਦ ਸੀਐੱਚਸੀ ਮਮਦੋਟ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਦਿਨੋਂ-ਦਿਨ ਵੱਧ ਰਹੀ ਆਬਾਦੀ ਬਾਰੇ ਵਿਸਥਾਰਤ ਵਿੱਚਾਰ ਸਾਂਝੇ ਕੀਤੇ ਗਏ।
 
ਸੈਮੀਨਾਰ ਦੀ ਅਗਵਾਈ ਕਰਦਿਆਂ ਡਾ. ਰੇਖਾ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਆਬਾਦੀ ਸਦਕਾ ਜਿੱਥੇ ਹਿੰਦੁਸਤਾਨ ਦੂਜੇ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਮੂਹਰੀ ਕਤਾਰ ਵਿੱਚ ਆਣ ਖੜੋਤਾ ਹੈ, ਉੱਥੇ ਇਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਨਾਲ ਆਮ ਲੋਕਾਂ ਦੇ ਜ਼ਿੰਦਗੀ ਜਿਊਣ ਲਈ ਜ਼ਰੂਰੀ ਸਰੋਤ ਘੱਟ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ 'ਤੇ ਕੰਟਰੋਲ ਕਰਨ ਲਈ ਸਾਨੂੰ ਆਮ ਜਨਤਾ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਇਸ ਮੌਕੇ ਅੰਕੁਸ਼ ਭੰਡਾਰੀ ਬੀਈਈ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਆਬਾਦੀ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੇ ਮੁਫ਼ਤ ਪ੍ਰਿਕੋਸ਼ਨ ਦਿੱਤੇ ਜਾਂਦੇ ਹਨ। ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਾਨੂੰ ਸਭਨਾਂ ਨੂੰ ਜਿੱਥੇ ਆਏ ਸਾਲ ਪੌਦੇ ਲਗਾ ਕੇ ਹਰਿਆਵਲ ਵਿੱਚ ਵਾਧਾ ਕਰਨਾ ਚਾਹੀਦਾ ਹੈ, ਉੱਥੇ ਇੱਕ ਜਾਂ ਦੋ ਬੱਚਿਆਂ ਦੇ ਜਨਮ ਉਪਰੰਤ ਮਾਂ ਤੇ ਬਾਪ ਨੂੰ ਨਸਬੰਦੀ-ਨਸਬੰਦੀ ਦਾ ਆਪ੍ਰੇਸ਼ਨ ਕਰਵਾਉਣਾ ਚਾਹੀਦਾ ਹੈ। 

ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੇ ਬੀਈਈ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਆਬਾਦੀ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਸਿਹਤ ਵਿਭਾਗ ਦੀਆਂ ਬਣਾਈਆਂ ਟੀਮਾਂ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਨਸਬੰਦੀ ਅਤੇ ਨਲਬੰਦੀ ਲਈ ਪ੍ਰੇਰਿਤ ਕਰਦੀਆਂ ਹਨ, ਉੱਥੇ ਸਰਕਾਰੀ ਹਸਪਤਾਲਾਂ ਵਿੱਚੋਂ ਇਹ ਆਪ੍ਰੇਸ਼ਨ ਕਰਵਾਉਣ ਵਾਲੇ ਹਰ ਕੇ ਮਰਦ ਨੂੰ 1100 ਰੁਪਏ ਨਾਲ ਨਿਵਾਜਿਆ ਜਾਂਦਾ ਹੈ, ਜਦੋਂ ਕਿ ਔਰਤ ਨੂੰ 600 ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਨਾਲ ਔਰਤ ਜਾਂ ਮਰਦ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਵਿੱਚੋਂ ਨਹੀਂ ਗੁਜ਼ਰਨਾ ਪੈਂਦਾ ਹੈ ਅਤੇ ਇਸ ਨਾਲ ਸਰੀਰਕ ਪੱਖੋਂ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ। 

ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਦੀ ਜਾਨ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਪਰਿਵਾਰ ਨੂੰ ਇੱਕ ਬੱਚੇ ਤੋਂ ਬਾਅਦ ਦੂਜਾ ਬੱਚਾ ਪੈਦਾ ਕਰਨ ਵਿੱਚ ਘਟੋਂ-ਘੱਟ ਤਿੰਨ ਸਾਲ ਦਾ ਫ਼ਰਕ ਰੱਖਣਾ ਜ਼ਰੂਰੀ ਹੈ ਤਾਂ ਜੋ  ਔਰਤ ਤੇ ਬੱਚੇ ਦੀ ਜਾਨ ਦੇ ਖ਼ਤਰੇ ਤੋਂ ਟਲਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਿਤੀ 16 ਅਤੇ 23 ਜੁਲਾਈ ਨੂੰ ਪੰਦ੍ਹਰਵਾੜਾ ਨੂੰ ਮੁੱਖ ਰੱਖਦੇ ਹੋਏ ਨਸਬੰਦੀ ਅਤੇ ਨਲਬੰਦੀ ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਅਮਰਜੀਤਸਿੰਘ, ਬਲਵਿੰਦਰ ਸਿੰਘ, ਰਜਿੰਦਰਪਾਲ, ਜਜਬੀਰ ਸਮੇਤ ਕਈ ਮੁਲਾਜ਼ਮ ਮੌਜੂਦ ਸਨ।