ਇੱਟ ਭੱਠਿਆਂ ਵਿੱਚ ਬਦਲਾਅ ਨੂੰ ਲੈ ਕੇ ਪੰਜਾਬ, ਰਾਜਸਥਾਨ ਯੂਨੀਅਨ ਦਾ ਵਫਦ ਕੇਂਦਰੀ ਮੰਤਰੀਆਂ ਨੂੰ ਮਿਲਿਆ

Last Updated: Jul 11 2019 17:17
Reading time: 1 min, 23 secs

ਇੱਟ ਭੱਠੇ ਯੂਨੀਅਨ ਪੰਜਾਬ, ਰਾਜਸਥਾਨ ਦੇ ਆਗੂਆਂ ਦਾ ਇੱਕ ਵਫਦ ਅਬੋਹਰ ਦੇ ਭਾਜਪਾ ਵਿਧਾਇਕ ਅਤੇ ਖੁਦ ਭੱਠਾ ਮਾਲਕ ਅਰੂਣ ਨਾਰੰਗ ਦੀ ਅਗਵਾਈ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਵਾਤਾਵਰਨ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਮਿਲਿਆ। ਇਸ ਦੌਰਾਨ ਵਫਦ ਨੇ ਭੱਠਿਆਂ ਨਾਲ ਸਬੰਧਤ ਮੁਸ਼ਕਿਲਾਂ ਤੋਂ ਜਾਣੁ ਕਰਵਾਇਆ ਅਤੇ ਕਿਹਾ ਕਿ ਨਵੀਂ ਲਾਗੂ ਕੀਤੀ ਨੀਤੀ ਭੱਠਾ ਉਧਯੋਗ ਨੂੰ ਖਤਮ ਹੋਣ ਕਿਨਾਰੇ ਲੈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਭੱਠਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਦਵਿੰਦਰ ਰਾਜਦੇਵ ਅਤੇ ਮੀਤਪ੍ਰਧਾਨ ਰਮੇਸ਼ ਮੋਹੀ, ਸ਼੍ਰੀਗੰਗਾਨਗਰ ਦੇ ਜ਼ਿਲ੍ਹਾ ਪ੍ਰਧਾਨ ਗੋਕਰਣ ਗਰਗ ਅਤੇ ਲੁਧਿਆਣਾ ਤੋਂ ਪੁਨੀਤ ਕੁਮਾਰ ਅਤੇ ਨਰੇਂਦਰ ਕੁਮਾਰ ਵੀ ਮੌਜੂਦ ਸਨ।

ਵਿਧਾਇਕ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਰੀਬਨ 2500 ਇੱਟ ਭੱਠੇ ਚਲਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਭੱਠੇ ਛਟੀਆਂ ਆਦਿ ਤੋਂ ਚਲਦੇ ਹਨ ਜਿਸਦੇ ਨਾਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਦਾ ਅਤੇ ਇਹ ਵਾਤਾਵਰਨ ਲਈ ਨੁਕਸਾਨਦਾਇਕ ਵੀ ਨਹੀਂ ਹੈ। ਵਿਧਾਇਕ ਨੇ ਉਹ ਰਿਪੋਰਟਾਂ ਵੀ ਸੌਂਪੀਆਂ ਹਨ ਜਿਸ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਲੈਬਰੋਟਰੀਆਂ ਨੇ ਸਿੱਧ ਕੀਤਾ ਹੈ ਕਿ ਇਨ੍ਹਾਂ ਭੱਠਿਆਂ ਤੋਂ ਵਾਤਾਵਰਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਦਾ। ਉਨ੍ਹਾਂ ਨੇ ਦੱਸਿਆ ਕਿ ਕੋਲੇ ਤੋਂ ਚੱਲਣ ਵਾਲੇ ਭੱਠਿਆਂ ਤੋਂ ਪ੍ਰਦੂਸ਼ਣ ਫੈਲਦਾ ਹੈ ਅਤੇ ਇਨ੍ਹਾਂ ਤੋਂ ਉੱਠਣ ਵਾਲਾ ਧੂੰਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਉਨ੍ਹਾਂ ਨੇ ਮੰਤਰੀਆਂ ਨੂੰ ਦੱਸਿਆ ਕਿ ਉਹ ਹਾਈ ਡਰਾਫਟਇੰਡਿਊਸਡ ਡਰਾਫਟ ਜਿਗਜੈਗ ਬਰਿਕ ਸੇਟਿੰਗ ਆਇਤਾਕਾਰ ਸਰੂਪ ਵਿੱਚ ਪੂਰਣ ਰੂਪ ਤੋਂ ਬਦਲਨਾ ਸੰਭਵ ਨਹੀਂ ਹੈ। ਇਹ ਯੋਜਨਾ ਲਾਗੂ ਹੋਣ 'ਤੇ ਉਹ ਆਪਣੇ ਭੱਠੇ ਬੰਦ ਕਰਨ ਨੂੰ ਮਜਬੂਰ ਹੋ ਜਾਣਗੇ। ਇਸ ਤੋਂ ਉਨ੍ਹਾਂ ਦੇ ਨਾਲ-ਨਾਲ ਭੱਠਿਆਂ 'ਤੇ ਕੰਮ ਕਰਨ ਵਾਲੇ ਹਜ਼ਾਰਾਂ ਗਰੀਬ ਪਰਿਵਾਰ ਵੀ ਬੇਰੁਜਗਾਰ ਹੋ ਜਾਣਗੇ। ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਜਾਵੇਡਕਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ 16 ਜੁਲਾਈ ਨੂੰ ਰੱਖੀ ਗਈ ਮੀਟਿੰਗ ਵਿੱਚ ਇਸ 'ਤੇ ਵਿਸਥਾਰ ਨਾਲ ਚਰਚਾ ਕਰਨਗੇ।