ਸਰਕਾਰ ਦੀਆਂ ਝੂਠੀਆਂ ਨੀਤੀਆਂ ਤੋਂ ਤੰਗ ਹੈੱਲਥ ਵਰਕਰਾਂ ਸੰਘਰਸ਼ ਦੇ ਰਾਹ 'ਤੇ...

Last Updated: Jul 11 2019 16:59
Reading time: 1 min, 30 secs

ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰ ਫੀਮੇਲ ਪੰਜਾਬ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨ ਦਫ਼ਤਰ ਅੱਗੇ ਧਰਨੇ ਲਗਾਏ ਗਏ ਅਤੇ ਇਸ ਉਪਰੰਤ ਆਪਣਾ ਮੰਗ ਪੱਤਰ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਜਿਸ ਵਿੱਚ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਉਹ ਸਿਹਤ ਮਹਿਕਮੇ ਵਿੱਚ ਪਿਛਲੇ 10-12 ਸਾਲਾਂ ਤੋਂ ਠੇਕੇ ਦੇ ਆਧਾਰ ਤੇ ਨਿਗੂਣੀਆਂ ਤਨਖਾਹਾਂ ਲੈ ਕਿ ਸਿਹਤ ਮਹਿਕਮੇ ਅੰਦਰ ਸੇਵਾਵਾਂ ਦੇ ਰਹੀਆਂ ਹਨ। ਸਰਕਾਰ ਤੋਂ ਵਾਰ ਵਾਰ ਮੰਗ ਕਰਨ 'ਤੇ ਵੀ ਸਰਕਾਰ ਵੱਲੋਂ ਹਮੇਸ਼ਾ ਇਹ ਕਹਿ ਕੇ ਲਾਰੇ ਲਗਾਏ ਜਾਂਦੇ ਹਨ ਕਿ ਤੁਹਾਡਾ ਕੰਮ ਹੋ ਰਿਹਾ ਹੈ ਵਿੱਚਾਰ ਅਧੀਨ ਹੈ।

ਇਹ ਸਭ ਝੂਠੀਆਂ ਨੀਤੀਆਂ ਤੋਂ ਤੰਗ ਆ ਕੇ ਯੂਨੀਅਨ ਦੇ ਫੈਸਲੇ ਮੁਤਾਬਿਕ ਜੂਨ ਮਹੀਨੇ ਤੋਂ ਮਹਿਕਮੇ ਦੀਆਂ ਰਿਪੋਰਟਾਂ ਦਾ ਬਾਈਕਾਟ ਵੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਆਨ ਲਾਈਨ ਕਰਨ ਦਾ ਬੋਝ ਵੀ ਸਾਡੇ 'ਤੇ ਹੀ ਪਾਇਆ ਜਾ ਰਿਹਾ ਹੈ, ਜਿਸ ਅਧੀਨ ਅਸੀਂ ਸਰਕਾਰ ਦੇ ਪੈਡ ਲੈਣ ਦਾ ਬਾਈਕਾਟ ਵੀ ਕੀਤਾ ਹੋਇਆ ਹੈ। ਜੇਕਰ ਸਰਕਾਰ ਕਰਮਚਾਰੀਆਂ 'ਤੇ ਸਹੀ ਸਿਹਤ ਸੇਵਾਵਾਂ ਅਤੇ ਮਹਿਕਮੇ ਦਾ ਕੰਮ ਸਹੀ ਚਾਹੁੰਦੀ ਹੈ ਤਾਂ ਹੈੱਲਥ ਵਰਕਰਾਂ ਦੇ ਭਵਿੱਖ ਦਾ ਖਿਆਲ ਵੀ ਸਰਕਾਰ ਨੂੰ ਹੀ ਕਰਨ ਪਵੇਗਾ। ਪਿਛਲੇ 2 ਸਾਲਾਂ ਤੋਂ ਯੂਨੀਅਨ ਲਗਾਤਾਰ ਪੈਨਲ ਮੀਟਿੰਗ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ।

ਉਨ੍ਹਾਂ ਆਖਿਆ ਕਿ ਯੂਨੀਅਨ ਦਾ ਫੈਸਲਾ ਹੈ ਕਿ ਜੇਕਰ ਸਰਕਾਰ ਨੇ ਸਾਨੂੰ ਹੁਣ ਵੀ ਅਣਸੁਣਿਆ ਕਰਕੇ ਪੈਨਲ ਮੀਟਿੰਗ ਨਾ ਕੀਤੀ ਅਤੇ ਸਾਨੂੰ ਮਹਿਕਮੇ ਦੀਆਂ ਖਾਲੀ ਪਈਆਂ ਸੀਟਾਂ ਤੇ ਪੱਕਾ ਨਾ ਕੀਤਾ ਤਾਂ 1 ਅਗਸਤ ਤੋਂ ਮਹਿਕਮੇ ਦੇ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਨੈਸ਼ਨਲ ਪ੍ਰੋਗਰਾਮਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਲਜੀਤ ਕੌਰ, ਰਾਣੀ ਕੌਰ, ਕਮਲਜੀਤ ਕੌਰ, ਸੋਮਾ ਰਾਣੀ, ਹਰਬੀਰ ਕੌਰ, ਸ਼ਰਨਜੀਤ ਕੌਰ, ਸੰਗੀਤਾ, ਨਿਰਮਲਜੀਤ ਕੌਰ, ਰਵਿੰਦਰ ਕੌਰ, ਬਲਜਿੰਦਰ ਕੌਰ, ਵਰਿੰਦਰ ਕੌਰ, ਸਵਰਨਜੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਮਲਵਿੰਦਰ ਕੌਰ, ਅਮਰਜੀਤ ਕੌਰ, ਮਾਲਾ ਰਾਣੀ, ਰਮਨ ਅੱਤਰੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।