ਕੈਬਨਿਟ ਮੰਤਰੀ ਦਾ ਬਿਆਨ ਹਾਸੋਹੀਣਾ: ਸਾਬਕਾ ਚੇਅਰਮੈਨ ਵਾਹਲਾ

Last Updated: Jul 11 2019 17:02
Reading time: 1 min, 29 secs

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਸੁਖਬੀਰ ਸਿੰਘ ਵਾਹਲਾ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਾਣੀਆਂ ਦੀ ਰਾਇਲਟੀ ਤੇ ਮਸਲੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਜੋ ਬਿਆਨ ਦਿੱਤਾ ਹੈ ਉਸ ਤੋਂ ਉਨ੍ਹਾਂ ਦੀ ਲਿਆਕਤ ਅਤੇ ਮਾਨਸਿਕਤਾ ਦਾ ਪਤਾ ਲੱਗਦਾ ਹੈ। ਵਾਹਲਾ ਨੇ ਕਿਹਾ ਕਿ ਹੈ ਕਿ ਕੈਬਨਿਟ ਮੰਤਰੀ ਦਾ ਬਿਆਨ ਹਾਸੋਹੀਣਾ ਹੈ ਤੇ ਜਾਣਕਾਰੀ ਤੋਂ ਸੱਖਣਾ ਹੈ। ਸਾਬਕਾ ਚੇਅਰਮੈਨ ਨੇ ਕਿਹਾ ਕਿ ਇੱਕ ਕੈਬਨਿਟ ਮੰਤਰੀ ਜਿਸ ਨੂੰ ਇਹ ਵੀ ਪਤਾ ਨਾ ਹੋਵੇ ਕਿ ਕੁਦਰਤੀ ਸਾਧਨਾ ਨਾਲ ਜੇਕਰ ਕਿਸੇ ਰਾਜ ਵਿੱਚ ਪਾਣੀ ਆਉਂਦਾ ਹੈ ਤਾਂ ਉਸ ਦੀ ਰਾਇਲਟੀ ਨਹੀਂ ਬਣਦੀ ਸਗੋਂ ਜੇਕਰ ਮਨੁੱਖ ਨੇ ਆਪਣੇ ਫ਼ਾਇਦੇ ਲਈ ਨਹਿਰਾਂ ਬਣਾ ਕੇ ਪਾਣੀ ਨੂੰ ਕਿਸੇ ਵਿਸ਼ੇਸ਼ ਰਾਜ ਵਿੱਚ ਭੇਜਿਆ ਜਾਂਦਾ ਹੈ ਤਾਂ ਫੇਰ ਪਾਣੀ ਭੇਜਣ ਵਾਲਾ ਰਾਜ ਰਾਇਲਟੀ ਦਾ ਹੱਕਦਾਰ ਹੁੰਦਾ ਹੈ।

ਵਾਹਲਾ ਨੇ ਇਹ ਵੀ ਕਿਹਾ ਕਿ ਕਾਂਗਰਸੀਆਂ ਨੇ ਤਾਂ ਹਮੇਸ਼ਾ ਹੀ ਪੰਜਾਬ ਦੀ ਜਨਤਾ ਦਾ ਖ਼ੂਨ ਨਚੋੜਿਆ ਹੈ ਤੇ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਨਹੀਂ ਕੀਤੀ। ਜਦੋਂ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਪੰਜਾਬੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ ਤੇ ਹੁਣ ਵੀ ਪੰਜਾਬ ਦਾ ਹਰ ਵਰਗ ਰੋ ਰਿਹਾ ਹੈ ਤੇ ਪਛਤਾ ਰਿਹਾ ਹੈ। ਵਾਹਲਾ ਨੇ ਕਿਹਾ ਕਿ ਜਿਸ ਤਰ੍ਹਾਂ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਹੈ ਕਿ ਜੇਕਰ ਅਸੀਂ ਰਾਜਸਥਾਨ ਕੋਲੋਂ ਪਾਣੀ ਦੀ ਰਾਇਲਟੀ ਮੰਗਦੇ ਹਾਂ ਤੇ ਹਿਮਾਚਲ ਸਾਡੇ ਕੋਲੋਂ ਰਾਇਲਟੀ ਮੰਗੇਗਾ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਜਿਹੀ ਘੱਟ ਜਾਣਕਾਰੀ ਰੱਖਣ ਵਾਲਿਆਂ  ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਵਿੱਚ ਜਗ੍ਹਾ ਦਿੱਤੀ ਹੈ ਤਾਂ ਫੇਰ ਪੰਜਾਬ ਦਾ ਭਲਾ ਕਿਸ ਤਰਾਂ ਹੋ ਸਕਦਾ ਹੈ ਤੇ ਇਨ੍ਹਾਂ ਕੋਲ ਕੀ ਨੀਤੀਆਂ ਤੇ ਪ੍ਰੋਗਰਾਮ ਹੋਣਗੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਵਾਹਲਾ ਨੇ ਕਿਹਾ ਕਿ ਅਜਿਹੇ ਹਾਸੋਹੀਣੇ ਬਿਆਨ ਦੇਣ ਤੋਂ ਪਹਿਲਾਂ ਕੈਬਨਿਟ ਪੱਧਰ 'ਤੇ ਮੰਤਰੀ ਨੂੰ ਸੌ ਵਾਰ ਸੋਚਣਾ ਚਾਹੀਦਾ ਹੈ ਕਿ ਅਜਿਹੇ ਬਿਆਨਾਂ ਨਾਲ ਲੋਕਾਂ ਤੇ ਕੀ ਅਸਰ ਪਵੇਗਾ ਤੇ ਸਰਕਾਰ ਦਾ ਕਿਸ ਤਰਾਂ ਦਾ ਅਕਸ ਲੋਕਾਂ ਵਿੱਚ ਜਾਵੇਗਾ।