ਉਹ ਦੋਵੇਂ

Last Updated: Jul 06 2019 16:46
Reading time: 2 mins, 25 secs

ਨਿੱਕੀਆਂ-ਨਿੱਕੀਆਂ ਸੈਣ ਦੋਵੇਂ ਜਦੋਂ ਬਾਪੂ ਦੇ ਵਿਹੜੇ ਗੁੱਡੀਆਂ ਪਟੋਲੇ ਖੇਡਦੀਆਂ ਹੁੰਦੀਆਂ ਸੈਣ, ਉਹ ਵੱਡੀ ਸੀ ਨਿੱਕੀ ਤੋਂ ਪੰਜ ਕੁ ਸਾਲ ਤਾਂ ਕਰਕੇ ਸਦਾ ਹੀ ਆਪਣਾ ਗੁੱਡਾ ਜ਼ਿਆਦਾ ਸੋਹਣਾ ਸ਼ਿੰਗਾਰ ਲੈਂਦੀ ਸੀ, ਤੇ ਨਿੱਕੀ ਨੇ ਰੋਣ ਲੱਗ ਪੈਣਾ ਕਿ "ਭੈਣ ਆਹ ਗੁੱਡਾ ਮੈਨੂੰ ਜ਼ਿਆਦਾ ਪਸੰਦ ਏ, ਤਾਂ ਉਹਨੇ ਝੱਟ ਦੇ ਦੇਣਾ ਤੇ ਆਖਣਾ "ਨਾ ਨਿੱਕੀਏ ਰੋ ਨਾ, ਇਹ ਚੁੱਕ ਗੁੱਡਾ, ਮੈਂ ਤੇਰੇ ਵਾਲੇ ਨਾਲ ਖੇਡ ਲਵਾਂਗੀ ਤੇ ਫਿਰ ਦੋਵੇਂ ਭੈਣਾਂ ਨੇ ਗੁੱਡੇ ਗੁੱਡੀਆਂ ਦਾ ਵਿਆਹ ਕਰਨਾ। ਤੇ ਅੱਜ ਪੰਦਰਾਂ ਵਰ੍ਹਿਆਂ ਬਾਅਦ ਉਹ ਵੱਡੀ ਸਵਾਤ 'ਚ ਖੜੀ ਸੀ ਬਾਪੂ ਤੇ ਅੰਮੀ ਕੋਲ, "ਬੀਬੀ ਅਰਜੋਈ ਹੀ ਸਮਝ ਲਓ ਧੀ ਦੀ, ਤੱਤੀ ਵਾਅ ਨੀਂ ਲੱਗਣ ਦਿੰਦੀ ਮੈਂ ਇਹਨੂੰ, ਰਤਾ ਵੀ ਕਦੀ ਨੀਂ ਸੋਚੇਗੀ ਇਹ ਕਿ ਕੋਈ ਦੋਜਖ ਭਰ ਦਿੱਤਾ ਮੈਂ ਇਹਦੀ ਜ਼ਿੰਦਗੀ 'ਚ, ਇਹਨੂੰ ਕੁਝ ਨੀਂ ਵੰਡਣਾ ਪਊ ਮੇਰੇ ਨਾਲ, ਮੈਂ ਉਹਦੇ ਨਾਲ (ਸਾਂਈ) ਨਾਲ ਸਾਰੀ ਗੱਲ ਕਰਕੇ ਆਈ ਹਾਂ।

"ਨਾ ਮੇਰੀ ਧੀ, ਇਹ ਨੀਂ ਹੋਣਾ ਸਾਥੋਂ, ਉਹਦੀ ਅੰਮੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਪਈਆਂ ਸੀ, "ਧੀਏ, ਇਹ ਤਾਂ ਕੋਈ ਹੱਲ ਨੀਂ, ਇਹ ਕਿਹੜਾ ਲਿਖਿਆ ਕਿਤੇ ਵੀ ਜੇ ਤੇਰੀ ਕੁੱਖੋਂ ਘਰ 'ਚ ਕਿਲਕਾਰੀਆਂ ਨੀਂ ਗੂੰਜੀਆਂ ਤਾਂ ਨਿੱਕੀ ਦੀ ਕੁੱਖੋਂ... ਅੱਧੀ ਗੱਲ ਉਹਦੀ ਅੰਮੀ ਦੇ ਮੂੰਹ 'ਚ ਰਹਿ ਗਈ। ਕਹਿੰਦੀ, "ਬਾਪੂ ਜੀ, ਕੋਈ ਹੋਰ ਆ ਗਈ ਤਾਂ ਹਰਚੰਦ ਸਿਓਂ ਦੇ ਘਰ ਦੀਆਂ ਕੰਧਾਂ ਲਈ ਵੀ ਮੈਂ ਬਿਗਾਨੀ ਜਾਣਾ, ਆਪਣੀ ਛੋਟੀ ਨੂੰ ਵੇਖ ਸੌਕਣ ਦਾ ਚਿਹਰਾ ਤਾਂ ਨੀਂ ਤੱਕਾਂਗੀ ਇਹਦੇ 'ਚੋਂ। ਤਿੰਨਾਂ ਜਣਿਆਂ 'ਚ ਹਜ਼ਾਰਾਂ ਤਕਰੀਰਾਂ ਹੋਈਆਂ, ਅਖੀਰ ਉਹ ਭੈਣ ਦੀ ਤਲੀ ਤੇ ਸ਼ਗਨਾਂ ਦੇ ਗਹਿਣੇ ਰੱਖਦੀ ਅੱਖਾਂ ਦੇ ਹੰਝੂ ਨਾ ਰੋਕ ਸਕੀ ਕਹਿੰਦੀ, "ਨਿੱਕੀਏ ਤੈਨੂੰ ਯਾਦ ਏ, ਤੈਨੂੰ ਨਿੱਕੀ ਹੁੰਦੀ ਨੂੰ ਮੇਰਾ ਗੁੱਡਾ ਬੜਾ ਚੰਗਾ ਲੱਗਦਾ ਸੀ, ਹੁਣ ਵੀ ਮੈਂ ਆਪਣਾ ਗੁੱਡਾ ਤੈਨੂੰ ਦੇ ਦਿੱਤਾ ਸਾਰੀ ਉਮਰ ਲਈ ਮੇਰੀ ਭੈਣ। ਜਦੋਂ ਨਿੱਕੀ ਦਾ ਡੋਲਾ ਉਹਦੇ ਘਰ ਆਇਆ, ਉਹਦੀ ਸੱਸ ਨੇ ਬੜਾ ਸਮਝਾਇਆ ਉਹਨੂੰ, "ਧੀਏ, ਬੇਸ਼ੱਕ ਤੇਰੀ ਭੈਣ ਏ, ਪਰ ਆਪਣਾ ਹੱਕ ਨਾ ਗਵਾਈ ਮੇਰੀ ਧੀ।

ਪਰ ਉਹਨੇ ਹਮੇਸ਼ਾ ਲਈ ਆਪਣਾ ਮੰਜਾਂ ਸੱਸ ਦੀ ਸਵਾਤ 'ਚ ਡਾਹ ਲਿਆ ਸੀ, ਹਰਚੰਦ ਸਿਓਂ ਦੇ ਅੰਦਰੋਂ ਉਹ ਕਦੀ ਮੁੱਕੀ ਹੀ ਨਹੀਂ ਸੀ, ਉਹਨੇ ਬਥੇਰਾ ਆਖਿਆ ਸੀ, "ਤੂੰ ਏਂ ਤਾਂ ਸਭ ਕੁਝ ਏ ਮੇਰੇ ਕੋਲ, ਆਖਰੀ ਵਕਤ ਲਈ ਮੋਢਾ ਤੇ ਦੇਹੀ ਨੂੰ ਅੱਗ ਹੀ ਚਾਹੀਦੀ ਏ, ਉਹ ਤਾਂ ਕੋਈ ਵੀ ਦੇ ਦੇਊ, ਪਰ ਉਹ ਨਾ ਮੰਨੀ, ਲੈ ਆਈ ਭੈਣ ਨੂੰ। ਨਿੱਕੀ ਨੇ ਦੋ ਪੁੱਤਰ ਜੰਮੇ, ਉਹਨੇ ਕਦੀ ਨਿੱਕੀ ਨੂੰ ਨਾ ਆਖਿਆ, ਨਾ ਕਿਸੇ ਕੰਮ ਲਈ ਤੇ ਨਾ ਕਦੀ ਨਿਆਣਿਆਂ ਦੇ ਕਿਸੇ ਕੰਮ ਨੂੰ, ਨਿੱਕੀ ਨੂੰ ਰਾਣੀ ਬਣਾ ਰੱਖਿਆ, ਦੋਵੇਂ ਪੁੱਤਰ ਉਹਨੂੰ ਵੱਡੀ ਬੀਬੀ ਆਖਦੇ ਨਾ ਥੱਕਦੇ, ਸੱਸ ਉਹਦੀ ਉਹਨੂੰ ਹਜ਼ਾਰਾਂ ਦੁਆਵਾਂ ਦਿੰਦੀ, ਦੁਆਵਾਂ 'ਚ ਹਜ਼ਾਰਾਂ ਰਾਜ ਭਾਗ ਬਖਸ਼ਦੀ ਉਹਨੂੰ, ਅਖੀਰ ਦੋ ਨੂੰਹਾਂ ਵੀ ਆ ਗਈਆਂ, ਛੋਟੀ ਬਥੇਰਾ ਆਖਦੀ, "ਛੱਡਦੇ ਹੁਣ ਕੰਮਾਂ ਦਾ ਖਹਿੜਾ ਇਹ ਕਰ ਲੈਣਗੀਆਂ, ਪਰ ਉਹਦਾ ਨਿੱਤਨੇਮ ਉਹੀਓ ਰਿਹਾ, ਉਹਨੇ ਨੂੰਹਾਂ ਨੂੰ ਵੀ ਧੀਆਂ ਬਣਾ ਲਿਆ, ਉਹ ਧਰਤੀ ਤੇ ਤੁਰਦਾ ਫਿਰਦਾ ਰੱਬ ਜਿਹਨੂੰ ਵੇਖ ਹਰ ਕੋਈ ਸੋਚਦਾ ਏ ਕਿ "ਖੌਰੇ ਇਹ ਕਹਿੜੀ ਮਿੱਟੀ ਦੀ ਬਣੀਂ ਏ? ਹਰਚੰਦ ਸਿਓਂ ਨੇ ਸਦਾ ਉਹਨੂੰ ਉਹੀ ਰੁਤਬਾ ਦਿੱਤਾ ਜੋ ਨਿੱਕੀ ਦੀ ਡੋਲੀ ਆਉਣ ਤੋਂ ਪਹਿਲਾਂ ਸੀ ਉਹਦਾ। ਉਹਦੀ ਨੂੰਹ ਨੇ ਇਹ ਕਹਾਣੀ ਦੱਸਦਿਆਂ ਆਖਿਆ ਸੀ ਕਿ ਅਖੀਰ ਤੇ ਲਿਖਿਓ ਕਿ "ਅਗਲੀ ਜ਼ਿੰਦਗੀ 'ਚ ਮੈਂ ਇਸ ਮਾਂ ਦੀ ਕੁੱਖੋਂ ਪੈਦਾ ਹੋਵਾਂ।"