ਸੜਕ ਹਾਦਸਿਆਂ ਤੋਂ ਹੈ ਬਚਣਾ ਤਾਂ ਕਰੋ ਟਰੈਫ਼ਿਕ ਨਿਯਮਾਂ ਦੀ ਪਾਲਣਾ: ਟਰੈਫ਼ਿਕ ਇੰਚਾਰਜ

Last Updated: Jul 05 2019 17:13
Reading time: 1 min, 26 secs

ਸੜਕ ਹਾਦਸਿਆਂ ਦੌਰਾਨ ਅਜਾਈਂ ਜਾਣ ਵਾਲੀਆਂ ਜਾਨਾਂ ਦੇ ਗਰਾਫ਼ 'ਚ ਕਮੀ ਲਿਆਉਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਦੂਸ਼ਣ ਤੇ ਨਸ਼ਿਆਂ ਕਾਰਨ ਇਨਸਾਨੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਟਰੈਫ਼ਿਕ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਸਹੌੜਾਂ 'ਚ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਟਰੈਫ਼ਿਕ ਜਾਗਰੂਕਤਾ ਪ੍ਰੋਗਰਾਮ ਦੌਰਾਨ ਟਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ ਜਨਕ ਰਾਜ ਵੱਲੋਂ ਸਕੂਲ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਪ੍ਰਦੂਸ਼ਣ ਅਤੇ ਨਸ਼ਿਆਂ ਦੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਏਐਸਆਈ ਜਨਕ ਰਾਜ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹਰੇਕ ਵਿਅਕਤੀ ਨੂੰ ਹੈਲਮਟ ਪਹਿਨਣਾ ਚਾਹੀਦਾ ਹੈ ਅਤੇ ਚਾਰ ਪਹੀਆ ਵਾਹਨ 'ਚ ਸਫ਼ਰ ਕਰਦੇ ਹੋਏ ਸੀਟ ਬੈਲਟ ਲਗਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਾਲਜ ਵਿਦਿਆਰਥੀਆਂ ਨੂੰ ਪ੍ਰੈਸ਼ਰ ਹਾਰਨ ਦਾ ਇਸਤੇਮਾਲ ਨਾ ਕਰਨ, ਕੋਈ ਵੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਨਾ ਸੁਣਨ, ਗ਼ਲਤ ਸਾਈਡ ਡਰਾਈਵਿੰਗ ਨਾ ਕਰਨ, ਰੈਡ ਲਾਈਟ ਦੀ ਉਲੰਘਣਾ ਨਾ ਕਰਨ, ਮੋਟਰਸਾਈਕਲ ਨਾਲ ਪਟਾਕੇ ਨਾ ਵਜਾਉਣ, ਡਰਾਈਵਿੰਗ ਸਮੇਂ ਵਾਹਨ ਦੇ ਕਾਗ਼ਜ਼ਾਤ ਪੂਰੇ ਰੱਖਣ ਅਤੇ ਨਾਬਾਲਗ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੇਣ ਸਬੰਧੀ ਜਾਗਰੂਕ ਕੀਤਾ ਗਿਆ।

ਸਮਾਰੋਹ ਦੌਰਾਨ ਏਐਸਆਈ ਜਨਕ ਰਾਜ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦਾ ਪਾਲਨ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਪ੍ਰਦੂਸ਼ਣ ਅਤੇ ਨਸ਼ਿਆਂ ਕਾਰਨ ਮਨੁੱਖੀ ਸਰੀਰ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੇ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਪਲੀਤ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੇ ਵੱਡੇ ਹੋਣ ਤੱਕ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਬੂਟੇ ਲਗਾਉਣਾ ਸਮੇਂ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਲੜਕੀਆਂ ਤੇ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ 'ਸ਼ਕਤੀ' ਐਪ ਸਬੰਧੀ ਵੀ ਜਾਗਰੂਕ ਕੀਤਾ ਗਿਆ।