ਕੀ ਅਵਾਰਾ ਪਸ਼ੂਆਂ ਦਾ ਸਰਕਾਰ ਕੋਲ ਕੋਈ ਹੱਲ ਨਹੀਂ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 04 2019 15:40
Reading time: 1 min, 38 secs

ਵੱਧ ਰਹੀ ਅਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਹੋ ਰਹੇ ਸੜਕ ਹਾਦਸਿਆਂ 'ਚ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ ਅਤੇ ਕਈ ਫੱਟੜ ਹੋ ਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ । ਇਸ ਗੰਭੀਰ ਸਮੱਸਿਆ ਦਾ ਹੱਲ ਕੱਢਣ ਨੂੰ ਲੈ ਕੇ ਪ੍ਰਸ਼ਾਸਨ ਆਪਣੇ ਹੱਥ ਖੜੇ ਕਰ ਚੁੱਕਾ ਹੈ। ਸਵਾਲ ਹੁਣ ਇਹ ਹੈ ਕਿ ਕੀ ਲੋਕ ਇਸੇ ਤਰ੍ਹਾਂ ਮਰਦੇ ਰਹਿਣਗੇ ? ਕੀ ਅਵਾਰਾ ਪਸ਼ੂਆਂ ਦਾ ਕੋਈ ਵੀ ਹੱਲ ਨਹੀਂ ? ਇਹ ਸਵਾਲ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਹੋਰ ਹੀ ਕੰਮਾਂ 'ਚ ਰੁੱਝਿਆ ਹੋਇਆ ਹੈ ਜੱਦੋ ਕਿ ਅਵਾਰਾ ਪਸ਼ੂਆਂ ਦੀ ਸੰਭਾਲ ਦਾ ਮੁੱਦਾ ਅਹਿਮ ਮੁੱਦਾ ਹੈ ਅਤੇ ਚਿੰਤਾ ਦਾ ਵਿਸ਼ਾ ਹੈ।

ਅਵਾਰਾ ਪਸ਼ੂਆਂ ਕਾਰਨ ਹੁੰਦੇ ਸੜਕ ਹਾਦਸਿਆਂ ਦੀ ਇਸੇ ਲੜੀ 'ਚ ਪਸ਼ੂ ਦੀ ਟੱਕਰ ਨਾਲ ਹੋਏ ਵੱਖ-ਵੱਖ ਸੜਕ ਹਾਦਸਿਆਂ 'ਚ ਇੱਕ ਹੋਰ ਵਿਅਕਤੀ ਮੌਤ ਦੀ ਬਲੀ ਚੜ ਗਿਆ ਅਤੇ ਦੂਜਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਮੁਤਾਬਿਕ ਗੋਬਿੰਦ ਨਗਰੀ ਵਾਸੀ ਬਲਵੰਤ ਸਿੰਘ ਪੁੱਤਰ ਦਲੀਪ ਸਿੰਘ ਫ਼ਾਜ਼ਿਲਕਾ ਰੋਡ 'ਤੇ ਗੁਰਦੁਆਰਾ ਨਾਨਕਸਰ ਟੋਭਾ ਦੇ ਨਜ਼ਦੀਕ ਆ ਰਿਹਾ ਸੀ ਕਿ ਇਸ ਦੌਰਾਨ ਇੱਕ ਅਵਾਰਾ ਪਸ਼ੂ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਜਿੱਥੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਬੀਤੀ ਰਾਤ ਆਲਮਗੜ੍ਹ ਚੌਕ 'ਤੇ ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਨਾਲ ਪਿੰਡ ਮੌਜਗੜ ਵਾਸੀ ਦੀਪਕ ਗੰਭੀਰ ਰੂਪ ਤੋਂ ਫੱਟੜ ਹੋ ਗਿਆ, ਜਿਸ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ।

ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ। ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਸ਼ਾਇਦ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦੀ ਕੋਈ ਪਰਵਾਹ ਨਹੀਂ ਹਨ ਜੋ ਇਨ੍ਹਾਂ ਅਵਾਰਾ ਪਸ਼ੂਆਂ ਕਰਕੇ ਆਪਣੀ ਜਾਨ ਗਵਾ ਬੈਠਦੇ ਹਨ ਜਾ ਫਿਰ ਫੱਟੜ ਹੋਕੇ ਆਪਣੇ ਪਰਿਵਾਰ ਲਈ ਮੁਸੀਬਤਾਂ ਖੜੀਆਂ ਕਰਦੇ ਹਨ। ਅਜਿਹੇ 'ਚ ਸਰਕਾਰਾਂ ਨੂੰ ਇੱਕ ਪਾਸੇ ਜਿੱਥੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਬੰਦੋਬਸਤ ਕਰਨ ਲਈ ਯੋਜਨਾ ਬਣਾਉਣ ਦੀ ਲੋੜ ਹੈ ਉੱਥੇ ਹੀ ਪੀੜਿਤ ਪਰਿਵਾਰ ਨੂੰ ਆਰਥਿਕ ਮਦਦ ਵੱਜੋ ਕੋਈ ਮਦਦ ਦੇਣ ਲਈ ਹੱਥ ਵਧਾਉਣਾ ਚਾਹੀਦਾ ਹੈ।