ਰਾਜਸਥਾਨ ਤੋਂ ਹਰਿਆਣੇ ਲਿਜਾ ਰਹੇ ਸੀ ਅਫ਼ੀਮ, ਤਿੰਨ ਸਮਗਲਰ ਫੜੇ ਗਏ !!!

Last Updated: Jul 03 2019 14:26
Reading time: 0 mins, 57 secs

ਕੈਂਟ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਬੀਤੇ ਦਿਨ ਨਾਕੇਬੰਦੀ ਦੇ ਦੌਰਾਨ ਤਿੰਨ ਸਮਗਲਰਾਂ ਨੂੰ ਇੱਕ ਸਕਾਰਪਿਊ ਗੱਡੀ ਸਮੇਤ ਗ੍ਰਿਫ਼ਤਾਰ ਕਰਦਿਆਂ ਹੋਇਆਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਫ਼ੀਮ ਬਰਾਮਦ ਕੀਤੀ ਗਈ। ਪੁਲਿਸ ਮੁਤਾਬਿਕ ਉਕਤ ਫੜੇ ਗਏ ਤਿੰਨਾਂ ਸਮਗਲਰਾਂ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਐਸਐਚਓ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਚੌਂਕ ਫ਼ਿਰੋਜ਼ਪੁਰ ਕੈਂਟ ਵਿਖੇ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਇੱਕ ਸਕਾਰਪਿਊ ਗੱਡੀ ਨੂੰ ਰੋਕਿਆ ਗਿਆ, ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ।

ਪੁਲਿਸ ਨੇ ਦਾਅਵਾ ਕੀਤਾ ਕਿ ਜਦੋਂ ਉਕਤ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਗੱਡੀ ਵਿੱਚੋਂ 700 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਿਸ ਮੁਤਾਬਿਕ ਅਫ਼ੀਮ ਸਮੇਤ ਫੜੇ ਗਏ ਵਿਅਕਤੀਆਂ ਦੀ ਪਛਾਣ ਪੰਕਜ ਗਰਮਾ ਪੁੱਤਰ ਰਾਜਵੀਰ ਸਿੰਘ ਵਾਸੀ ਮੁਰਾਦਪੁਰ ਤਹਿਸੀਲ ਭਵਾਨਾ ਝੁਨਝੁਨੂ ਰਾਜਸਥਾਨ, ਰਾਜ ਕੁਮਾਰ ਪੁੱਤਰ ਲਾਲ ਚੰਦ ਵਾਸੀ ਬਜ਼ਾਰ ਨੰਬਰ 1 ਅਹਾਤਾ ਨੰਬਰ 51/ਸੀ ਨੇੜੇ ਅਮਰ ਟਾਕੀਜ ਕੈਂਟ ਫ਼ਿਰੋਜ਼ਪੁਰ ਅਤੇ ਨਿਹਾਲ ਸਿੰਘ ਪੁੱਤਰ ਖ਼ੁਸ਼ੀ ਰਾਮ ਵਾਸੀ ਸਰੋਹੀ ਭਹਾਲੀ ਤਹਿਸੀਲ ਨੰਗਲ ਚੌਧਰੀ ਮਹਿੰਦਰਗੜ੍ਹ ਹਰਿਆਣਾ ਵੱਜੋ ਹੋਈ ਹੈ, ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।