ਸ੍ਰੀ ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਹਫ਼ਤਾਵਾਰੀ ਐਕਸਪ੍ਰੈੱਸ ਦੇ ਪੁਰਾਣੇ ਕੋਚ ਬਦਲਕੇ ਨਵੇਂ ਲਾਏ: ਸਰਦਾਰ ਡੀ ਪੀ ਸਿੰਘ ਚਾਵਲਾ

Last Updated: Jun 26 2019 18:47
Reading time: 0 mins, 45 secs

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਸਰਦਾਰ ਡੀ ਪੀ ਸਿੰਘ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਹਫ਼ਤਾਵਾਰੀ ਰੇਲ ਜੋ ਸੋਮਵਾਰ ਚਲਦੀ ਹੈ ਤੇ ਵਾਪਸੀ ਬੁੱਧਵਾਰ ਨੂੰ ਕਰਦੀ ਹੈ ਦੇ ਸਾਰੇ ਹੀ ਪੁਰਾਣੇ ਕੋਚ ਬਦਲ ਦਿੱਤੇ ਗਏ ਹਨ। ਸਰਦਾਰ ਚਾਵਲਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਬੋਰਡ ਵੱਲੋਂ ਪੁਰਾਣੇ ਕੋਚ ਬਦਲਕੇ ਨਵੇਂ ਲਗਾਉਣ ਦੀ ਮੰਗ ਰੇਲਵੇ ਵਿਭਾਗ ਦੇ ਕੋਲ ਰੱਖੀ ਗਈ ਸੀ ਹੁਣ ਰੇਲਵੇ ਵਿਭਾਗ ਵੱਲੋਂ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆਂ ਅਗਲੇ ਮਹੀਨੇ ਜੁਲਾਈ ਤੋਂ ਇਹ ਟਰੇਨ ਨਵਿਆਂ ਕੋਚਾਂ ਨਾਲ ਚੱਲੇਗੀ। ਸਰਦਾਰ ਚਾਵਲਾ ਨੇ ਦੱਸਿਆ ਕਿ ਮੈਨੇਜਮੈਂਟ ਬੋਰਡ ਵੱਲੋਂ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਹਰ ਸਮੇਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਜੋ ਨਿਰੰਤਰ ਜਾਰੀ ਵੀ ਹਨ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਾ ਆਵੇ ਇਸ ਲਈ ਬੋਰਡ ਵੱਲੋਂ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ ਹੈ।