ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ, ਅਰੰਭੀ ਗਈ ਪ੍ਰਕਿਰਿਆ ! (ਨਿਊਜ਼ਨੰਬਰ ਖਾਸ ਖਬਰ)

Last Updated: Jun 26 2019 18:25
Reading time: 3 mins, 14 secs

ਜ਼ਿਲ੍ਹਾ ਫਾਜ਼ਿਲਕਾ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਕਪਤਾਨ ਦੀਪਕ ਹਿਲੋਰੀ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ‘ਚ ਪੁਲਿਸ ਵੱਲੋਂ ਭਾਰੀ ਮਾਤਰਾ ‘ਚ ਨਸ਼ੇ ਦੀ ਬਰਾਮਦਗੀ ਕਰਕੇ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਵਿੱਢੀ ਗਈ ਹੈ, ਇਸਦੇ ਤਹਿਤ ਜ਼ਿਲ੍ਹਾ ਪੁਲਿਸ ਨੇ ਪਹਿਲ ਕਰਦਿਆਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਅਰੰਭੀ ਹੈ। ਵਿਭਾਗ ਵੱਲੋਂ ਸਰਕਾਰ ਨੂੰ ਦੋਸ਼ੀ ਪਾਏ ਗਏ 15 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਲਿਖਿਆ ਗਿਆ ਹੈ। ਜਿਸਨੂੰ ਹਰੀ ਝੰਡੀ ਮਿਲਣ ਬਾਅਦ ਨਸ਼ਾ ਤਸਕਰਾਂ ਨੂੰ ਭਾਜੜਾ ਪੈ ਜਾਣਗੀਆਂ।

ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੇ 6 ਮਹੀਨੇ ਦੌਰਾਨ 237 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਹੈ। ਐਸ.ਐਸ.ਪੀ. ਫ਼ਾਜ਼ਿਲਕਾ ਦੀਪਕ ਹਿਲੋਰੀ ਅਨੁਸਾਰ ਪਿਛਲੇ 6 ਮਹੀਨਿਆਂ ਦੌਰਾਨ ਨਸ਼ਾ ਤਸਕਰੀ ਦੇ ਵੱਖ-ਵੱਖ 180 ਮਾਮਲੇ ਦਰਜ ਕੀਤੇ ਗਏ ਅਤੇ ਨਸ਼ਾ ਤਸਕਰਾਂ ਕੋਲੋਂ 5 ਕਿੱਲੋ 118 ਗ੍ਰਾਮ ਹੈਰੋਇਨ, 5 ਕਿੱਲੋ 450 ਗ੍ਰਾਮ ਅਫ਼ੀਮ, 561 ਕਿੱਲੋ 360 ਗ੍ਰਾਮ ਭੁੱਕੀ, 81 ਕਿੱਲੋ 200 ਗ੍ਰਾਮ ਭੁੱਕੀ ਦੇ ਹਰੇ ਪੌਦੇ, 40 ਗ੍ਰਾਮ ਸਮੈਕ, 1 ਗ੍ਰਾਮ ਨਾਰਕੋਟਿਕਸ ਪਾਊਡਰ ਅਤੇ 148858 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 12 ਤੋਂ 26 ਜੂਨ ਤੱਕ ਨਸ਼ਾ ਵਿਰੋਧੀ ਪੰਦਰਵਾੜਾ ਮੁਹਿੰਮ ਤਹਿਤ ਹੀ ਨਸ਼ਾ ਤਸਕਰੀ ਦੇ 28 ਮਾਮਲੇ ਦਰਜ ਕਰਕੇ 33 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ 1 ਕਿੱਲੋ 250 ਗ੍ਰਾਮ ਅਫ਼ੀਮ, 57 ਕਿੱਲੋ 500 ਗ੍ਰਾਮ ਭੁੱਕੀ, 93 ਮਿਲੀਗ੍ਰਾਮ ਹੈਰੋਇਨ ਅਤੇ 55229 ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ।

ਐਸ.ਐਸ.ਪੀ ਨੇ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਅਤੇ ਤਸਕਰੀ ਰੋਕਣ ਲਈ ਗੁਆਂਢੀ ਸੂਬਿਆਂ ਤੋਂ ਆਉਂਦੇ ਰਸਤਿਆਂ 'ਤੇ ਅਬੋਹਰ ਸਬ ਡਿਵੀਜ਼ਨ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਦੋ ਪਹੀਆ ਵਾਹਨਾਂ ਸਣੇ ਬੱਸਾਂ, ਟਰੱਕਾਂ ਅਤੇ ਜੀਪਾਂ/ਕਾਰਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਨਸ਼ਿਆਂ ਅਤੇ ਨਸ਼ਾ ਤਸਕਰਾਂ ਬਾਰੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਐਸ.ਐਸ.ਪੀ ਅਨੁਸਾਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਅਰੰਭੀ ਗਈ ਹੈ। ਵਿਭਾਗ ਵੱਲੋਂ ਸਰਕਾਰ ਨੂੰ ਦੋਸ਼ੀ ਪਾਏ ਗਏ 15 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਲਿਖਿਆ ਗਿਆ ਹੈ। ਸੀ.ਆਰ.ਪੀ.ਸੀ. ਐਕਟ ਦੀ ਧਾਰਾ 110 (ਐਫ਼) ਤਹਿਤ ਸੁਰੱਖਿਆ ਵੱਜੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਹੁਣ ਤੱਕ ਅਜਿਹੇ ਤਸਕਰਾਂ ਵਿਰੁੱਧ 86 ਕਲੰਦਰੇ ਪੇਸ਼ ਕੀਤੇ ਗਏ ਹਨ ਅਤੇ ਜ਼ਿਆਦਾਤਰ ਨੂੰ ਜੇਲ ਭੇਜ ਦਿੱਤਾ ਗਿਆ ਹੈ। ਸਰਗਰਮ ਨਸ਼ਾ ਤਸਕਰਾਂ 'ਤੇ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਅਤੇ ਭਗੌੜੇ ਤਸਕਰਾਂ ਦੀ ਭਾਲ ਲਈ ਵੀ ਤੀਬਰ ਕਾਰਵਾਈ ਜਾਰੀ ਹੈ।

ਸ਼੍ਰੀ ਦੀਪਕ ਹਿਲੋਰੀ ਨੇ ਦੱਸਿਆ ਕਿ 56 ਅਜਿਹੇ ਪਿੰਡਾਂ ਤੇ ਮੁਹੱਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜੋ ਨਸ਼ਾ ਤਸਕਰੀ ਲਈ ਬਦਨਾਮ ਹਨ। ਉਨ੍ਹਾਂ ਦੱਸਿਆ ਕਿ ਐਸ.ਪੀ. (ਪੀ.ਬੀ.ਆਈ. ਨਾਰਕੋਟਿਕਸ) ਅਤੇ ਐਸ.ਪੀ. (ਪੜਤਾਲ) ਦੀ ਅਗਵਾਈ ਹੇਠ ਜਿੱਥੇ ਇਨ੍ਹਾਂ ਸੰਵੇਦਨਸ਼ੀਲ ਥਾਂਵਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਭਾਸ਼ਣ, ਦਸਤਾਵੇਜ਼ੀ ਫ਼ਿਲਮਾਂ ਅਤੇ ਨਸ਼ੇ ਵਿਰੋਧੀ ਸਾਹਿਤ, ਪੈਂਫ਼ਲੈਟ ਤੇ ਬੈਨਰਾਂ ਰਾਹੀਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਵਿਰੁੱਧ ਖੁੱਲ੍ਹ ਕੇ ਬੋਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਨਸ਼ਾ ਤਸਕਰਾਂ ਨੂੰ ਇਹ ਮਾਰੂ ਰਾਹ ਛੱਡਣ ਅਤੇ ਨਸ਼ਾ ਪੀੜਤਾਂ ਨੂੰ ਮੈਡੀਕਲ ਪ੍ਰਣਾਲੀ ਰਾਹੀਂ ਆਪਣਾ ਇਲਾਜ ਕਰਵਾ ਕੇ ਮੁੱਖ ਧਾਰਾ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਸ਼੍ਰੀ ਹਿਲੋਰੀ ਮੁਤਾਬਕ ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ 18001802181 ਸਥਾਪਤ ਕੀਤਾ ਗਿਆ ਹੈ ਤਾਂ ਜੋ ਲੋਕ ਇੱਥੇ ਆਸਾਨੀ ਨਾਲ ਨਸ਼ੇ ਬਾਰੇ ਕਿਸੇ ਵੀ ਤਰ੍ਹਾਂ ਜਾਣਕਾਰੀ ਸਾਂਝੀ ਕਰ ਸਕਣ। ਉਨ੍ਹਾਂ ਦੱਸਿਆ ਕਿ ਨਸ਼ੇ ਨਾਲ ਸਬੰਧਤ ਮਸਲਿਆਂ ਨੂੰ ਨਜਿੱਠਣ ਲਈ ਐਸ.ਪੀ. ਪੱਧਰ ਦਾ ਅਧਿਕਾਰੀ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਜਿੱਥੇ ਜ਼ਿਲ੍ਹੇ ਵਿੱਚ ਰਜਿਸਟਰਡ 33,070 ਨਸ਼ਾ ਰੋਕਥਾਮ ਅਫ਼ਸਰ (ਡੈਪੋਜ਼) ਅਹਿਮ ਭੂਮਿਕਾ ਨਿਭਾਅ ਰਹੇ ਹਨ, ਉੱਥੇ ਆਮ ਲੋਕ ਵੀ ਨਸ਼ੇ ਦੇ ਖ਼ਾਤਮੇ ਲਈ ਜਾਗਰੂਕਤਾ ਪੈਦਾ ਕਰ ਰਹੇ ਹਨ। ਹੁਣ ਜਿਸ ਤਰ੍ਹਾਂ ਨਾਲ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇ ਦੀ ਪਾਇਪਲਾਇਨ ਨੂੰ ਤੋੜਨ ਲਈ ਕਾਰਵਾਈ ਅਰੰਭੀ ਗਈ ਹੈ ਉਸਨੂੰ ਵੇਖ ਕੇ ਲਗਦਾ ਹੈ ਕਿ ਪੁਲਿਸ ਆਪਣੀ ਫੁਲ ਸਪੀਡ ਵਿੱਚ ਆ ਗਈ ਹੈ ਬਸ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੁਲਿਸ ਦੀ ਇਹ ਤੇਜ਼ੀ ਕਦੋਂ ਤੱਕ ਨਸ਼ਾ ਤਸਕਰਾਂ ਦੇ ਖਿਲਾਫ਼ ਇੰਝ ਹੀ ਬਣੀ ਰਹਿੰਦੀ ਹੈ।