ਕਲਯੁਗੀ ਮਾਂ ਦੀ ਕਰਤੂਤ, ਸੁੱਟ ਦਿੱਤੀ ਨਵਜੰਮੀ ਬੱਚੀ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 26 2019 15:20
Reading time: 1 min, 45 secs

ਲੜਕੀਆਂ ਦੀ ਜਨਮ ਦਰ ਨੂੰ ਮੁੰਡਿਆਂ ਦੀ ਜਨਮ ਦਰ ਦੇ ਬਰਾਬਰ ਕਰਨ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਨੰਨ੍ਹੀ ਛਾਂ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤੇ ਜਾਨ ਦਾ ਸਿਲਸਿਲਾ ਜਾਰੀ ਹੈ, ਪਰ ਬਾਵਜੂਦ ਇਸਦੇ ਅੱਜ ਵੀ ਕਈ ਮਾਂ ਪਿਉ ਅਜਿਹੇ ਹਨ ਜੋ ਨਵਜੰਮੀ ਬੱਚੀ ਨੂੰ ਜਾਂ ਤਾਂ ਕੁੱਤਿਆਂ ਦੇ ਨਿਵਾਲਾ ਬਣਨ ਲਈ ਸੁੱਟ ਦਿੰਦੇ ਹਾਂ ਜਾਂ ਫਿਰ ਉਨ੍ਹਾਂ ਨੂੰ ਨਹਿਰਾਂ 'ਚ ਸੁੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਵੀ ਕੁੱਖ 'ਚ ਬੱਚੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ।

ਨਵਜੰਮੀ ਬੱਚੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਭਾਵੇਂ ਹੰਬਲਾ ਮਾਰੀਆਂ ਜਾ ਰਹੀਆਂ ਹਨ ਪਰ ਅਜੇ ਵੀ ਬੱਚੀਆਂ ਕੁਝ ਮਾਪਿਆਂ ਦੀ ਘਟੀਆ ਸੋਚ ਕਾਰਨ ਮਹਿਫੂਜ ਨਹੀਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ਿਲ੍ਹੇ ਦੇ ਪਿੰਡ ਗਿਦੜਾਂਵਾਲੀ ਵਿੱਚ ਅੱਜ ਸਵੇਰ ਸਮੇਂ ਵੇਖਣ ਨੂੰ ਮਿਲਿਆ। ਕੁਝ ਲੋਕਾਂ ਨੇ ਪਿੰਡ ਵਿੱਚ ਇੱਕ ਖਾਲੇ ਵਿੱਚ ਨਵਜੰਮੀ ਬੱਚੀ ਦੀ ਲਾਸ਼ ਵੇਖੀ, ਜਿਨ੍ਹਾਂ ਇਸਦੀ ਸੂਚਨਾ ਪੁਲਿਸ ਅਤੇ ਨਰਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਦਿੱਤੀ। ਪਿਛਲੇ ਇੱਕ ਸਾਲ ਦੌਰਾਨ ਅਜਿਹਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ। 1 ਸਾਲ ਵਿੱਚ ਪੁਲਿਸ ਵੱਲੋਂ ਅਜੇ ਤੱਕ ਇੱਕ ਵੀ ਮਾਮਲਾ ਸੁਲਝਾਇਆ ਨਹੀਂ ਗਿਆ।

ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਗਿੱਦੜਾਂਵਾਲੀ ਦੇ ਇੱਕ ਖਾਲੇ ਵਿੱਚ ਕੁਝ ਵਿਅਕਤੀਆਂ ਨੇ ਨਵਜੰਮੀ ਬੱਚੀ ਦੀ ਲਾਸ਼ ਵੇਖੀ। ਉਨ੍ਹਾਂ ਤੁਰੰਤ ਇਸਦੀ ਸੂਚਨਾ ਸਮਾਜਸੇਵੀ ਸੰਸਥਾ ਨਰਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਦਿੱਤੀ। ਸੰਮਤੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਇਸਦੀ ਸੂਚਨਾ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਹੈ। ਬੱਚੀ ਦੇ ਨਾੜੂ ਉੱਪਰ ਲੱਗੇ ਮੈਡੀਕਲ ਉਪਕਰਨ ਤੋਂ ਪੁਸ਼ਟੀ ਹੁੰਦੀ ਹੈ ਕਿ ਇਸਦਾ ਜਨਮ ਕਿਸੇ ਨਰਸਿੰਗ ਹੋਮ ਵਿੱਚ ਹੋਇਆ ਹੈ। ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲ ਵਿੱਚ ਦੋ ਸਾਲ ਪਹਿਲਾਂ ਬਣਾਏ 'ਪੰਘੂੜੇ' ਵਿੱਚ ਕਿਸੇ ਨੇ ਵੀ ਅਜੇ ਤੱਕ ਅਜਿਹੇ ਬੱਚੇ ਨੂੰ ਨਹੀਂ ਪਾਇਆ ਹੈ ਸਗੋਂ ਮਰਨ ਲਈ ਸੁੱਟ ਦਿੱਤਾ ਜਾਂਦਾ ਹੈ ਜਦ ਕਿ ਜੇਕਰ ਬੱਚੇ ਜਾਂ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਨਹੀਂ ਰੱਖਣ ਦੀ ਹੈਸੀਅਤ ਹੈ ਜਾਂ ਫਿਰ ਆਪਣੇ ਪਾਪ ਨੂੰ ਲੁਕੋਣਾ ਹੀ ਹੈ ਤਾਂ ਬੱਚੀ ਨੂੰ ਮਾਰਨ ਲਈ ਕਿਉਂ ਛੱਡਣਾ ਹੈ ਉਸਨੂੰ ਕਿਸੇ ਦੀ ਬੁਕਲ 'ਚ ਖੇਡਣ ਦਾ ਮੌਕਾ ਦੇਣਾ ਜ਼ਰੂਰ ਬਣਦਾ ਹੈ। ਫਿਲਹਾਲ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੀ ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।