...ਪਿੱਗ ਫਾਰਮਿੰਗ ਅਪਣਾਕੇ ਚੇਤੰਨ ਸਿੰਘ ਬਣਿਆ ਕਿਸਾਨਾਂ ਲਈ ਚਾਨਣ ਮੁਨਾਰਾ...(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 26 2019 14:00
Reading time: 2 mins, 34 secs

ਘਾਟੇ ਦਾ ਧੰਦਾ ਬਣਦੀ ਜਾ ਰਹੀ ਰਵਾਇਤੀ ਖੇਤੀਬਾੜੀ ਦੇ ਚੱਲਦੇ ਦੇਸ਼ ਦੇ ਅਨੇਕਾਂ ਅੰਨਦਾਤੇ ਕਰਜ਼ਿਆਂ ਦੇ ਬੌਝ ਥੱਲੇ ਦੱਬਕੇ ਖੁਦਕਸ਼ੀਆਂ ਕਰਕੇ ਸੰਸਾਰ ਨੂੰ ਅਲਵਿਹਾ ਕਹਿਣਾ ਬਿਹਤਰ ਸਮਝਦੇ ਹਨ। ਪਰ, ਦੂਜੇ ਪਾਸੇ ਸੂਬੇ 'ਚ ਅਜਿਹੇ ਕਿਸਾਨ ਵੀ ਹਨ, ਜੋ ਰਵਾਇਤੀ ਖੇਤੀਬਾੜੀ ਦੇ ਚੱਕਰ 'ਚੋਂ ਨਿਕਲਕੇ ਖੇਤੀ ਵਿਭਿੰਨਤਾ ਦੇ ਤਹਿਤ ਸਹਾਇਕ ਧੰਦਿਆਂ ਨੂੰ ਅਪਣਾਕੇ ਚੰਗੀ ਕਮਾਈ ਕਰ ਰਹੇ ਹਨ ਅਤੇ ਆਪਣੀ ਆਰਥਿਕ ਹਾਲਤ ਨੂੰ ਹੋਰਨਾਂ ਕਿਸਾਨਾਂ ਦੇ ਮੁਕਾਬਲੇ ਮਜ਼ਬੂਤ ਬਣਾ ਰਹੇ ਹਨ। ਇਸੇ ਲੜੀ ਤਹਿਤ ਨਜ਼ਦੀਕੀ ਪਿੰਡ ਰਾਜੋਮਾਜਰਾ ਦਾ ਅਗਾਂਹਵਧੂ ਕਿਸਾਨ ਚੇਤੰਨ ਸਿੰਘ (45) ਖੇਤੀਬਾੜੀ ਦੇ ਨਾਲ-ਨਾਲ ਸੂਅਰ ਪਾਲਣ (ਪਿੱਗ ਫਾਰਮਿੰਗ) ਨੂੰ ਖੇਤੀ ਦੇ ਸਹਾਇਕ ਧੰਦੇ ਵਜੋਂ ਅਪਣਾਕੇ ਦੂਸਰੇ ਕਿਸਾਨਾਂ ਲਈ ਚਾਨਣ ਮੁਨਾਰਾ ਬਣਕੇ ਰੌਸ਼ਨੀ ਫੈਲਾ ਰਿਹਾ ਹੈ। ਬੀਤੇ ਪੰਜ ਸਾਲ ਤੋਂ ਚੇਤੰਨ ਸਿੰਘ।ਸੂਅਰ ਪਾਲਣ ਦੇ ਧੰਦੇ ਨੂੰ ਅਪਣਾਉਂਦੇ ਹੋਏ ਖੇਤੀਬਾੜੀ ਦੇ ਨਾਲੋਂ ਵੱਧ ਕਮਾਈ ਕਰ ਰਿਹਾ ਹੈ।

ਪੰਜ ਸਾਲ ਪਹਿਲਾਂ ਸ਼ੁਰੂ ਕੀਤੀ ਪਿੱਗ ਫਾਰਮਿੰਗ
-ਅਗਾਂਹਵਧੂ ਕਿਸਾਨ ਚਤੰਨ ਸਿੰਘ ਸੂਅਰ ਪਾਲਣ ਦੇ ਧੰਦੇ ਸੰਬੰਧੀ ਦੱਸਦਾ ਹੈ ਕਿ ਉਸਨੇ ਸਾਲ 2015 'ਚ ਸਰਕਾਰੀ ਸੂਅਰ ਪ੍ਰਜਣਨ ਕੇਂਦਰ ਛੱਜੂ ਮਾਜਰਾ ਦੇ ਕੇਂਦਰ ਤੋਂ ਸੂਅਰ ਪਾਲਣ ਦੀ ਟਰੇਨਿੰਗ ਹਾਸਲ ਕੀਤੀ। ਇਸਦੇ ਬਾਦ ਉਸਨੇ 10 ਮਾਦਾ ਅਤੇ 2 ਨਰ ਸੂਅਰਾਂ ਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਦੇ ਤੌਰ ਤੇ ਪਾਲਣਾ ਸ਼ੁਰੂ ਕੀਤਾ, ਜਿਸ ਲਈ ਉਸਨੇ 70*45 ਫੁੱਟ ਦਾ ਸ਼ੈੱਡ ਬਣਵਾਇਆ। ਇਸਦੇ ਲਈ ਸਰਕਾਰ ਵੱਲੋਂ ਉਸਨੂੰ 25 ਫੀਸਦੀ ਸਬਸਿਡੀ ਦਿੱਤੀ ਗਈ। ਮੌਜੂਦਾ ਸਮੇਂ 'ਚ ਉਸ ਕੋਲ 20 ਮਾਦਾ ਅਤੇ 2 ਨਰ ਸੂਅਰ ਪਾਲੇ ਹੋਏ।

ਸੂਅਰ ਵੇਚਕੇ ਚੇਤੰਨ ਕਰ ਲੈਂਦਾ ਹੈ ਚੰਗੀ ਕਮਾਈ
-ਉਸ ਵੱਲੋਂ ਦਿਨ ਵਿੱਚ ਇੱਕ ਸੂਰ ਨੂੰ ਕਰੀਬ 2 ਕਿਲੋ ਫੀਡ ਚਾਰੀ ਜਾਂਦੀ ਹੈ। ਅਤੇ ਕਰੀਬ ਢਾਈ ਤੋਂ 3 ਮਹੀਨੇ ਦਾ ਲਗਭਗ 20 ਕਿਲੋ ਦਾ ਬੱਚਾ ਤਿੰਨ ਤੋਂ ਸਾਢੇ ਤਿੰਨ ਹਜ਼ਾਰ ਰੁਪਏ 'ਚ ਵਿਕ ਜਾਂਦਾ ਹੈ। ਉਸਨੂੰ ਸੂਅਰ ਵੇਚਣ ਲਈ ਮਾਰਕੀਟਿੰਗ ਲਈ ਵੀ ਬਾਹਰ ਨਹੀਂ ਜਾਣਾ ਪੈਂਦਾ, ਖਰੀਦਦਾਰ ਉਸਦੇ ਫਾਰਮ ਹਾਊਸ 'ਚ ਪਹੁੰਚਕੇ ਸੂਅਰ ਖਰੀਦ ਲੈ ਜਾਂਦੇ ਹਨ। ਪਿੱਗ ਫਾਰਿਮੰਗ ਦੇ ਧੰਦੇ ਤੋਂ ਉਸਨੂੰ ਇੱਕ ਸਾਲ 'ਚ ਸਾਢੇ 4 ਤੋਂ 5 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ।

ਸੂਅਰਾਂ ਦੇ ਮਲ-ਮੂਤਰ ਨੂੰ ਖੇਤਾਂ 'ਚ ਖਾਦ ਵਜੋਂ ਕਰਦਾ ਹੈ ਇਸਤੇਮਾਲ
-ਚਤੰਨ ਸਿੰਘ ਦਾ ਕਹਿਣਾ ਹੈ ਕਿ ਸੂਅਰ ਪਾਲਣ ਤੋਂ ਇਲਾਵਾ ਉਸਦੇ ਕੋਲ 10 ਏਕੜ ਜ਼ਮੀਨ ਹੈ, ਜਿਸ ਉਪਰ ਉਸ ਵੱਲੋਂ ਵੱਖ-ਵੱਖ ਤਰਾਂ ਦੀਆਂ ਫਸਲਾਂ ਜਿਵੇਂ ਝੋਨਾ, ਕਣਕ, ਆਲੂ, ਪਿਆਜ ਅਤੇ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ। ਉਸ ਵੱਲੋਂ ਸੂਅਰਾਂ ਦੇ ਮਲ-ਮੂਤਰ ਨੂੰ ਗੋਹੇ ਦੀ ਖਾਦ ਵਾਂਗ ਖੇਤਾਂ 'ਚ ਫਸਲਾਂ ਲਈ ਬਤੌਰ ਖਾਦ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਮਾਤਰਾ 'ਚ ਹੁੰਦੀ ਹੈ ਅਤੇ ਖਾਦਾਂ ਦਾ ਖਰਚਾ ਵੀ ਘੱਟ ਹੁੰਦਾ ਹੈ।

ਫਸਲਾ ਦੀ ਰਹਿੰਦ-ਖੁੰਹਦ ਨੂੰ ਖੇਤਾਂ ਚ ਵਾਹਕੇ ਕਰ ਰਿਹਾ ਖੇਤੀ
-ਉਸਨੇ ਅੱਗੇ ਦੱਸਿਆ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤ 'ਚ ਹੀ ਵਾਹ ਕੇ ਖੇਤੀ ਕਰਦਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਕਿਸਾਨ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਲਗਾਏ ਜਾਂਦੇ ਕੈਂਪਾਂ ਅਤੇ ਹੋਰ ਵਿਭਾਗੀ ਗਤੀਵਿਧੀਆਂ 'ਚ ਸਮੇਂ-ਸਮੇਂ ਤੇ ਸ਼ਾਮਲ ਹੋ ਕੇ ਦੂਸਰੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਖੇਤੀਬਾੜੀ ਵਿੱਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਪੰਜਾਬ ਸਰਕਾਰ ਵੱਲੋਂ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਸੂਰ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾਕੇ ਲੋਕਾਂ ਨੂੰ ਆਪਣੀ ਆਮਦਨ 'ਚ ਵਾਧਾ ਕਰਨ ਲਈ ਅਗਵਾਈ ਦਿੱਤੀ ਜਾ ਰਹੀ ਹੈ।