ਰਜਿੰਦਰਾ ਹਸਪਤਾਲ ਪੁੱਜਾ, ਉੜਤੇ ਪੰਜਾਬ ਦਾ ਵਾਰਸ! (ਵਿਅੰਗ)

Last Updated: Jun 26 2019 13:42
Reading time: 1 min, 47 secs

ਸਰਕਾਰੀ ਸਿਸਟਮ ਤੋਂ ਅੱਕੇ ਤੇ ਖਿਝੇ ਹੋਏ ਲੋਕਾਂ ਦੀ ਮੰਨੀਏ ਤਾਂ, ਸੱਤੀ ਕੱਪੜੀਂ ਅੱਗ ਲੱਗ ਗਈ ਸੀ ਸਾਡੇ ਲੀਡਰਾਂ ਨੂੰ, ਜਦੋਂ ਬਾਲੀਵੁੱਡ ਨੇ 'ਉੜਤਾ ਪੰਜਾਬ' ਫ਼ਿਲਮ ਬਣਾਈ ਸੀ। ਫ਼ਿਲਮ ਦੇ ਪ੍ਰਕਾਸ਼ਨ ਨੂੰ ਰੋਕਣ ਲਈ ਸੂਬੇ ਦੇ ਲੀਡਰਾਂ ਨੇ ਬੜੀਆਂ ਚੀਕਾਂ ਮਾਰੀਆਂ ਸਨ, ਅਕਾਲੀਆਂ ਨੇ ਵੀ ਸੰਘ ਪਾੜੇ ਸਨ, ਤੇ ਪਾੜੇ ਕਾਂਗਰਸ ਨੇ ਵੀ ਬੜੇ ਸਨ, ਅਖ਼ੇ ਇਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਦਨਾਮ ਕਰਨ ਦੀ ਇੱਕ ਕੋਝੀ ਚਾਲ ਹੈ। 

ਪਹਿਲਾਂ ਸਾਲ 2014 ਅਤੇ ਬਾਅਦ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਿੱਟਾ ਹੀ ਸਭ ਤੋਂ ਵੱਡਾ ਚੋਣ ਮੁੱਦਾ ਬਣਿਆ ਸੀ। ਪੂਰੇ ਢਾਈ ਸਾਲ ਪਹਿਲਾਂ ਪੰਜਾਬ 'ਚੋਂ ਅਕਾਲੀ ਸਰਕਾਰੀ ਚਲਦਾ ਹੋ ਗਈ ਤੇ, ਉਨ੍ਹਾਂ ਦੇ ਹੀ ਖ਼ਾਲੀ ਹੋਏ ਸਿੰਘਾਸਣ ਤੇ ਕੈਪਟਨ ਅਮਰਿੰਦਰ ਸਿੰਘ ਚੜ ਗਏ ਪਰ, ਨਸ਼ੇ ਬੰਦ ਨਹੀਂ ਹੋਏ ਇੱਥੇ। 

ਆਲੋਚਕਾਂ ਅਨੁਸਾਰ, ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰਾਂ ਅਸਫਲ ਰਹੀ ਹੈ, ਸ਼ਾਇਦ ਇਹੋ ਕਾਰਨ ਹੈ ਕਿ, ਪੰਜਾਬ ਵਿੱਚ ਨਸ਼ੇ ਦੀ ਓਵਰ ਡੋਜ਼ ਨਾਲ ਮਰੇ ਤੇ ਅੱਧ ਮਰਿਆਂ ਦੀ ਗਿਣਤੀ ਦਾ ਗਰਾਫ਼ ਘਟਣ ਦੀ ਥਾਂ ਤੇ ਹੋਰ ਉੱਚਾ ਹੁੰਦਾ ਜਾ ਰਿਹਾ ਹੈ। 

ਦੋਸਤੋ, ਲੰਘੀ ਦੇਰ ਰਾਤ ਨਸ਼ਿਆਂ ਦੀ ਓਵਰ ਡੋਜ਼ ਨਾਲ ਅੱਧ-ਮੋਇਆ ਨਾਭਾ ਦਾ ਇੱਕ ਨੌਜਵਾਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਪੁੱਜਾ। ਪਿੰਡ ਅਲੋਹਰਾਂ ਕਲਾਂ ਦਾ ਰਹਿਣ ਵਾਲੇ 25 ਸਾਲਾਂ ਦੇ ਜਤਿੰਦਰ ਸਿੰਘ ਨਾਮਕ ਉਕਤ ਨੌਜਵਾਨ ਨਾਭਾ ਦੇ ਡਾਕਟਰਾਂ ਨੇ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਜਵਾਬ ਦੇ ਦਿੱਤਾ ਸੀ। ਦੱਸਿਆ ਜਾਂਦੈ ਕਿ, ਜਤਿੰਦਰ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਆਦੀ ਹੈ ਤੇ ਲੰਘੀ ਸ਼ਾਮ ਉਹ ਓਵਰ ਡੋਜ਼ ਲੈਣ ਕਾਰਨ ਬੇਹੋਸ਼ ਹੋ ਗਿਆ ਸੀ। 

ਦੋਸਤੋ, ਇਹ ਤਾਂ ਕੇਵਲ ਜਤਿੰਦਰ ਦੀ ਕਹਾਣੀ ਹੈ, ਅੱਜ ਵੀ ਉਸ ਵਰਗੇ ਹਜ਼ਾਰਾਂ ਹੀ ਨੌਜਵਾਨ ਹਨ, ਜਿਹੜੇ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਕੇ ਆਪਣੀ ਜ਼ਿੰਦਗੀ ਤੋਂ ਦੂਰ ਅਤੇ ਮੌਤ ਦੇ ਕਰੀਬ ਤੇ ਹੋਰ ਕਰੀਬ ਜਾ ਰਹੇ ਹਨ। ਭਾਵੇਂ ਕਿ ਜਤਿੰਦਰ ਨੂੰ ਬਚਾਉਣ ਲਈ ਡਾਕਟਰ ਆਪਣੀ ਪੂਰੀ ਵਾਹ ਲਗਾ ਰਹੇ ਹਨ ਪਰ, ਯਕੀਨ ਨਾਲ ਨਹੀਂ ਆਖਿਆ ਜਾ ਸਕਦਾ ਕਿ, ਡਾਕਟਰਾਂ ਦੀ ਲੱਗੀ ਵਾਹ ਉਸ ਨੂੰ ਹਰ ਹਾਲਤ ਵਿੱਚ ਬਚਾ ਹੀ ਲਵੇਗੀ। 

ਦੋਸਤੋ, ਮੰਨ ਵੀ ਲਓ ਕਿ, ਜੇਕਰ ਜਤਿੰਦਰ ਬਚ ਵੀ ਗਿਆ ਤਾਂ, ਕੀ ਗਰੰਟੀ ਹੈ ਕਿ, ਉਹ ਹਸਪਤਾਲ ਤੋਂ ਛੁੱਟੀ ਹੋ ਜਾਣ ਦੇ ਬਾਅਦ ਮੁੜ ਨਸ਼ੇ ਨਹੀਂ ਲਵੇਗਾ? ਆਲੋਚਕ ਮੰਨਦੇ ਹਨ ਕਿ, ਜਤਿੰਦਰ ਵਰਗੇ ਨੌਜਵਾਨ ਹੀ ਉੜਤੇ ਪੰਜਾਬ ਦੇ ਵਾਰਸ ਹੁੰਦੇ ਹਨ, ਜਿਨ੍ਹਾਂ ਦੇ ਪ੍ਰਾਣ ਪਖ਼ੇਰੂਆਂ ਨੇ ਇੱਕ ਨਾਂ ਇੱਕ ਦਿਨ ਤਾਂ ਉਡਾਰੀ ਮਾਰ ਹੀ ਜਾਣੀ ਹੈ। ਰੱਬ ਭਲੀ ਕਰੇ।