ਨਵਜੋਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਤੇ ਜਾ ਸਕਦਾ ਹੈ ਕੈਬਿਨੇਟ ਰੈੰਕ ?( ਨਿਊਜ਼ਨੰਬਰ ਖਾਸ ਖ਼ਬਰ )

Last Updated: Jun 26 2019 13:22
Reading time: 1 min, 49 secs

ਹਮੇਸ਼ਾ ਆਪਣੀ ਬੇਬਾਕੀ ਲਈ ਚਰਚਾ 'ਚ ਰਹਿਣ ਵਾਲੇ ਸੂਬਾ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਮੰਤਰੀ ਅਹੁਦਾ ਵੀ ਹੱਥੋਂ ਖੁੰਝ ਸਕਦਾ ਹੈ, ਜੀ ਹਾਂ ਸਿੱਧੂ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਚੱਲ ਰਿਹਾ ਰੇੜਕਾ ਹੁਣ ਆਪਣੇ ਆਖ਼ਰੀ ਸਿਰੇ 'ਤੇ ਹੈ ਅਤੇ ਅਜਿਹੇ 'ਚ ਹੁਣ ਇਸ ਤਰ੍ਹਾਂ ਦੀਆਂ ਸੰਭਾਵਨਾ ਬਣਦੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਿਆਸੀ ਗਲਿਆਰੇ 'ਚ ਇਹ ਚਰਚਾ ਜ਼ੋਰ ਫੜ ਰਹੀ ਹੈ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸਿੱਧੂ ਸਿਰਫ ਕੈਪਟਨ ਨੂੰ ਨੀਵਾਂ ਦਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਇਸ ਦੇ ਤਹਿਤ ਉਨ੍ਹਾਂ ਨੇ ਬੀਤੇ ਦਿਨੀਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਣੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮਹਿਕਮੇ ਨੂੰ ਬਦਲੇ ਜਾਣ 'ਤੇ ਰੋਸ ਜ਼ਾਹਿਰ ਕੀਤਾ ਗਿਆ। ਗਾਂਧੀ ਪਰਿਵਾਰ ਨੇ ਸਿੱਧੂ ਨੂੰ ਕੌਮੀ ਕਾਰਜਕਾਰਨੀ 'ਚ ਅਹੁਦੇ ਦੀ ਪੇਸ਼ਕਸ਼ ਕੀਤੀ ਪਰ ਸਿੱਧੂ ਨੇ ਇਨਕਾਰ ਕਰਕੇ ਸੂਬਾ ਪੰਜਾਬ 'ਚ ਹੀ ਉੱਚ ਅਹੁਦੇ ਦੀ ਮੰਗ ਕੀਤੀ, ਜਿਸਨੂੰ ਵੇਖ ਤਾਂ ਇਹੀ ਲਗਦਾ ਹੈ ਕਿ ਸਿੱਧੂ ਪੰਜਾਬ ਕਾਂਗਰਸ 'ਚ ਰਹਿ ਕੇ ਕੈਪਟਨ ਦੀ ਹਿੱਕ 'ਤੇ ਮੂੰਗ ਦਲਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੀ ਨਜ਼ਰ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਅਹੁਦੇ 'ਤੇ ਵੀ ਗਈ  ਅਤੇ ਉਨ੍ਹਾਂ ਨੇ ਸੁਨੀਲ ਜਾਖੜ ਦੀ ਨੇੜਤਾ, ਦੋਸਤੀ ਤੱਕ ਦੀ ਪ੍ਰਵਾਹ ਨਹੀਂ ਕੀਤੀ ਕਿ ਜਾਖੜ ਇਸ ਅਹੁਦੇ 'ਤੇ ਹਨ, ਕਿ ਹੋਇਆ ਜੇ ਉਨ੍ਹਾਂ ਨੇ ਚੋਣਾਂ 'ਚ ਹਾਰ ਤੋ ਬਾਅਦ ਨੈਤਿਕਤਾ ਦੇ ਤੌਰ 'ਤੇ ਆਪਣੇ ਅਹੁਦੇ ਤੋ ਅਸਤੀਫ਼ਾ ਦੇ ਦਿੱਤਾ ਸੀ, ਪਰ ਜਿਸਨੂੰ ਹੱਲੇ ਪਾਰਟੀ ਨੇ ਮੰਜੂਰ ਨਹੀਂ ਕੀਤਾ ਸੀ।

ਹੁਣ ਅਜਿਹੇ 'ਚ ਜੱਦ ਹੋਰ ਕੋਈ ਅਹੁਦਾ ਨਜ਼ਰ ਨਹੀਂ ਆ ਰਿਹਾ ਹੈ ਤਾਂ ਸਿੱਧੂ ਸਿਰਫ ਤਿਲਮਿਲਾ ਰਹੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਉਨ੍ਹਾਂ ਦੀ ਇਹ ਜਿੱਦ ਉਨ੍ਹਾਂ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੀ ਨਹੀਂ ਕਰ ਰਹੀ ਸਗੋ ਉਨ੍ਹਾਂ ਦੇ ਮੰਤਰੀ ਅਹੁਦੇ ਨੂੰ ਵੀ ਖ਼ਤਰਾ ਹੋ ਸਕਦਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈਕਮਾਨ ਨੂੰ ਚੱਲ ਰਹੇ ਇਸ ਰੇੜਕੇ ਦੌਰਾਨ ਹੁਣ ਇਸ ਬਾਰੇ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਜੇਕਰ ਸਿੱਧੂ ਆਪਣਾ ਅਹੁਦਾ ਨਹੀਂ ਸੰਭਾਲਦੇ ਹਨ ਤਾਂ ਉਨ੍ਹਾਂ ਨੂੰ ਮਜਬੂਰਨ ਨਵੇ ਮੰਤਰੀ ਦੀ ਨਿਯੁਕਤੀ ਕਰਨੀ ਪਵੇਗੀ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸਿੱਧੂ ਆਪਣੀ ਜਿੱਦ 'ਤੇ ਹੀ ਅੜੇ ਰਹਿ ਕੇ ਆਪਣਾ ਮੰਤਰੀ ਅਹੁਦਾ ਚੋਂ ਜਾਣ ਦਿੰਦੇ ਹਨ ਜਾ ਫਿਰ ਕੁਰਸੀ ਦਾ ਮੋਹ ਉਨ੍ਹਾਂ ਨੂੰ ਕੈਪਟਨ ਦੇ ਇਸ ਦਬਕੇ ਅੱਗੇ ਝੁਕਣ ਲਈ ਮਜਬੂਰ ਕਰ ਦੇਵੇਗੀ।