ਬੇਅਦਬੀ ਗੋਲੀਕਾਂਡ : ਤਤਕਾਲੀਨ ਡੀਐਸਪੀ ਬਲਜੀਤ ਸਿੰਘ ਨੂੰ ਹਾਈਕੋਰਟ ਚੋਂ ਮਿਲੀ ਅਗਾਊਂ ਜ਼ਮਾਨਤ

Last Updated: Jun 22 2019 12:07
Reading time: 1 min, 5 secs

ਕੋਟਕਪੂਰਾ ਬੇਅਦਬੀ ਗੋਲੀਕਾਂਡ ਦੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਮੁਲਜ਼ਮ ਬਣਾ ਕੇ ਪੇਸ਼ ਕੀਤੇ ਗਏ ਤਤਕਾਲੀਨ ਡੀ.ਐਸ.ਪੀ. ਕੋਟਕਪੂਰਾ ਬਲਜੀਤ ਸਿੰਘ ਸਿੱਧੂ ਨੂੰ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੀ ਮਾਨਯੋਗ ਅਦਾਲਤ ਨੇ ਬਲਜੀਤ ਸਿੰਘ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਸਿੱਟ ਵੱਲੋਂ ਪੇਸ਼ ਕੀਤੇ ਸਪਲੀਮੈਂਟਰੀ ਚਲਾਨ ਦੇ ਬਾਅਦ 15 ਜੂਨ ਨੂੰ ਹੋਈ ਮਾਮਲੇ ਦੀ ਸੁਣਵਾਈ ਵਿੱਚ ਬਲਜੀਤ ਸਿੰਘ ਪੇਸ਼ ਨਹੀਂ ਹੋਏ ਸਨ। ਇਸ ਮਾਮਲੇ ਵਿੱਚ ਫ਼ਰੀਦਕੋਟ ਅਦਾਲਤ ਦੇ ਵੱਲੋਂ ਸਾਰੇ ਛੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਹਨ। ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਦੇ ਬਾਅਦ ਕਿਹਾ ਹੈ ਕਿ ਬਲਜੀਤ ਸਿੰਘ ਨੂੰ ਇਸ ਮਾਮਲੇ ਵਿੱਚ ਫ਼ਰੀਦਕੋਟ ਅਦਾਲਤ ਵਿੱਚ 12 ਜੁਲਾਈ ਨੂੰ ਪੇਸ਼ ਹੋਣਾ ਪਵੇਗਾ ਅਤੇ ਹਾਈਕੋਰਟ ਵੱਲੋਂ ਜ਼ਮਾਨਤ ਮਾਮਲੇ ਤੇ ਅਗਲੀ ਸੁਣਵਾਈ 6 ਅਗਸਤ ਨੂੰ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਗੋਲੀਕਾਂਡ ਦੇ ਸਮੇਂ ਬਲਜੀਤ ਸਿੰਘ ਸਿੱਧੂ ਕੋਟਕਪੂਰਾ ਦੇ ਡੀ.ਐਸ.ਪੀ. ਵਜੋਂ ਤਾਇਨਾਤ ਸਨ ਅਤੇ ਅੱਜ ਕੱਲ੍ਹ ਉਹ ਐਸ.ਪੀ. ਦੇ ਅਹੁਦੇ ਤੇ ਹਨ। ਦੱਸਣਯੋਗ ਹੈ ਕਿ ਸਿੱਟ ਦੇ ਵੱਲੋਂ ਫ਼ਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਏਡੀਸੀਪੀ ਪਰਮਜੀਤ ਸਿੰਘ ਪੰਨੂ, ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ, ਡੀਐਸਪੀ ਬਲਜੀਤ ਸਿੰਘ ਅਤੇ ਐਸਐਚਓ ਗੁਰਦੀਪ ਸਿੰਘ ਪੰਧੇਰ ਦੇ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ ਇਹਨਾਂ ਸਭ ਦੇ ਖ਼ਿਲਾਫ਼ ਧਾਰਾ 307, 323 ਅਤੇ 341 ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ।