ਮੋਦੀ ਰਾਜ: ਪਹਿਲੇ ਪੰਜ ਸਾਲਾਂ ਤਾਂ ਬਰਬਾਦ ਕੀਤਾ ਤੇ ਹੁਣ ਬਚਾਵਾਂਗੇ ਪਾਣੀ? (ਵਿਅੰਗ)

Last Updated: Jun 21 2019 13:28
Reading time: 2 mins, 41 secs

ਸਾਡੇ ਦੇਸ਼ ਦਾ ਪਾਣੀ ਇਸ ਵੇਲੇ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਪ੍ਰਦੂਸ਼ਿਤ ਹੋ ਰਹੇ ਪਾਣੀ ਦੇ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੂੰ ਹੁਣ ਪਾਣੀ ਬਚਾਉਣ ਦਾ ਚੇਤਾ ਆ ਗਿਆ ਹੈ ਅਤੇ ਉਹ ਦੇਸ਼ ਦੀਆਂ ਪੰਚਾਇਤਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਪੱਤਰ ਲਿਖ ਰਹੇ ਹਨ ਕਿ ਪਾਣੀ ਨੂੰ ਬਚਾਓ, ਪਾਣੀ ਬਹੁਤ ਅਣਮੋਲ ਖਜ਼ਾਨਾ ਹੈ, ਜੋ ਕੁਦਰਤ ਨੇ ਸਾਨੂੰ ਦਿੱਤਾ ਹੈ। ਵੇਖਿਆ ਜਾਵੇ ਤਾਂ ਮੋਦੀ ਹੁਰਾਂ ਨੂੰ 5 ਸਾਲ ਬਾਅਦ ਹੀ ਕਿਉਂ ਪਾਣੀ ਬਚਾਉਣ ਦਾ ਚੇਤਾ ਆਇਆ?

ਇਸ ਤੋਂ ਪਹਿਲੋਂ ਵੀ ਤਾਂ ਕੇਂਦਰ ਦੇ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਦੋਂ ਵੀ ਤਾਂ ਪਾਣੀ ਬਚਾਉਣ ਦਾ ਹੋਕਾ ਦਿੱਤਾ ਜਾ ਸਕਦਾ ਸੀ, ਪਰ ਪੰਜ ਸਾਲ ਤਾਂ ਚੁੱਕ ਚੁਪੀਤੇ ਸੈਰ ਸਪਾਟੇ ਕਰਦਿਆਂ ਹੀ ਮੋਦੀ ਸਾਹਬ ਦੇ ਲੰਘ ਗਏ, ਪਰ ਹੁਣ ਮੋਦੀ ਸਾਹਬ ਹੁਰੀਂ ਪੱਕਾ ਪਾਣੀ ਬਚਾ ਕੇ ਹੀ ਸਾਹ ਲੈਣਗੇ। ਜਿਵੇਂ ਨੋਟਬੰਦੀ ਕਰਕੇ ਮੋਦੀ ਨੇ ਲੋਕਾਂ ਦੇ ਘਰੋਂ 500 ਅਤੇ 1000 ਦੇ ਨੋਟ ਕਢਵਾਏ ਸੀ, ਬਿਲਕੁਲ ਉਸੇ ਤਰ੍ਹਾਂ ਹੀ ਕੱਢਿਆ ਪਾਣੀ ਧਰਤੀ ਦੇ ਵਿੱਚ ਪਾ ਕੇ ਹੀ ਆਪਣਾ ਪਾਣੀ ਬਚਾਓ ਮਿਸ਼ਨ ਪੂਰਾ ਕਰਨਗੇ।

ਦੋਸਤੋਂ, ਜੇਕਰ ਮੋਦੀ ਰਾਜ ਦੇ ਪਿਛਲੇ ਪੰਜ ਸਾਲਾਂ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਲਈ ਕੱਖ ਵੀ ਨਹੀਂ ਕੀਤਾ। ਦੇਸ਼ ਦੇ ਅੰਦਰ ਪਿਛਲੇ ਪੰਜ ਸਾਲਾਂ ਦੇ ਦੌਰਾਨ ਲੜਾਈ ਝਗੜੇ, ਜੰਗ ਜਿਹੇ ਮਾਹੌਲ ਤੋਂ ਇਲਾਵਾ ਨੋਟਬੰਦੀ, ਜੀਐਸਟੀ ਅਤੇ ਸਵੱਛ ਭਾਰਤ ਮੁਹਿੰਮ ਦਾ ਫੋਕਾ ਹੋਕਾ ਦੇਣ ਤੋਂ ਇਲਾਵਾ ਦੇਸ਼ ਦੇ ਅੰਦਰ ਕੋਈ ਚੱਜ ਦਾ ਕੰਮ ਨਹੀਂ ਹੋ ਸਕਿਆ। ਦੇਸ਼ ਦੇ ਬੈਂਕਾਂ ਨਾਲ ਮੋਟੀਆਂ ਠੱਗੀਆਂ ਮਾਰਨ ਤੋਂ ਬਾਅਦ ਵੱਡੇ ਵਪਾਰੀ ਵਿਦੇਸ਼ ਉਡਾਰੀ ਮਾਰ ਗਏ, ਪਰ ਮੋਦੀ ਸਾਹਬ ਕੁਝ ਨਹੀਂ ਕਰ ਸਕੇ।

ਵੇਖਿਆ ਜਾਵੇ ਤਾਂ ਹੁਣ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਬਚਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ, ਜੇਕਰ ਉਸ 'ਤੇ ਕੁਝ ਬੁੱਧੀਜੀਵੀਆਂ ਦੀ ਟਿੱਪਣੀ ਕਰ ਲਈਏ ਤਾਂ ਬਿਲਕੁਲ ਸਹੀ ਹੀ ਹੋਵੇਗਾ। ਦੋਸਤੋਂ, ਬੁੱਧੀਜੀਵੀਆਂ ਨੇ ਮੋਦੀ ਦੀ ਪਾਣੀ ਬਚਾਓ ਮੁਹਿੰਮ ਨੂੰ ਮਹਿਜ਼ ਡਰਾਮਾ ਦੱਸਿਆ, ਕਿਉਂਕਿ ਪਿਛਲੇ ਪੰਜ ਸਾਲ ਵੀ ਤਾਂ ਕੇਂਦਰ ਦੇ ਵਿੱਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਰਹੀ। ਨਾਸਾ ਤੋਂ ਇਲਾਵਾ ਹੋਰ ਕਈ ਖੋਜ ਕਰਨ ਵਾਲੀਆਂ ਏਜੰਸੀਆਂ ਵਾਰ-ਵਾਰ ਸਰਕਾਰ ਨੂੰ ਤਾੜਣਾ ਕਰਦੀਆਂ ਰਹੀਆਂ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ।

ਦੇਸ਼ ਦੇ ਅੰਦਰ ਪ੍ਰਦੂਸ਼ਣ ਫੈਲ ਰਿਹਾ ਹੈ, ਇਸ ਨੂੰ ਰੋਕਿਆ ਜਾਵੇ। ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅੱਖਾਂ 'ਤੇ ਪੱਟੀ ਬੰਨ ਕੇ ਸਿਰਫ ਤੇ ਸਿਰਫ ਫੋਕੇ ਹੋਕੇ ਦਿੰਦੇ ਹੀ ਵਿਖਾਈ ਦਿੰਦੇ ਰਹੇ। ਬੁੱਧੀਜੀਵੀਆਂ ਮੁਤਾਬਿਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੋਦੀ ਪੱਤਰ ਲਿਖ ਕੇ ਆਖ਼ ਰਹੇ ਹਨ ਕਿ ਪਾਣੀ ਬਚਾਉਣ ਦੀ ਮੁਹਿੰਮ ਵਿੱਚ ਹਿੱਸਾ ਪਾਓ, ਜਦਕਿ ਅਸਲੀਅਤ ਤਾਂ ਇਹ ਹੈ ਕਿ ਦੇਸ਼ ਦੇ ਸ਼ਹਿਰਾਂ ਦੇ ਵਿੱਚ ਪਿੰਡਾਂ ਨਾਲੋਂ ਕਿਤੇ ਜ਼ਿਆਦਾ ਪਾਣੀ ਬਰਬਾਦ ਹੁੰਦਾ ਹੈ। ਸ਼ਹਿਰਾਂ ਨੇੜੇ ਲੱਗੀਆਂ ਫੈਕਟਰੀਆਂ ਦੇ ਵਿੱਚ ਹਜ਼ਾਰਾਂ ਲੀਟਰ ਰੋਜ਼ ਪਾਣੀ ਦਰਿਆਵਾਂ ਅਤੇ ਨਦੀਆਂ ਨੂੰ ਗੰਦਲਾ ਕਰਦਾ ਹੈ।

ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਹੀ ਲੱਗਦਾ ਹੈ ਕਿ ਸਿਰਫ ਪਿੰਡਾਂ ਦੇ ਵਿੱਚ ਪਾਣੀ ਬਰਬਾਦ ਹੁੰਦਾ ਹੈ ਅਤੇ ਪਿੰਡਾਂ ਦੇ ਵਿੱਚ ਹੀ ਪਾਣੀ ਬਚਾਓ ਮੁਹਿੰਮ ਸ਼ੁਰੂ ਕੀਤੀ ਜਾਵੇ। ਚਲੋ.!! ਖ਼ੈਰ ਮੰਨ ਵੀ ਲੈਂਦੇ ਹਾਂ ਕਿ ਪਿੰਡਾਂ ਦੇ ਲੋਕ ਪਾਣੀ ਬਰਬਾਦ ਕਰਦੇ ਹਨ, ਪਰ ਵੇਖਿਆ ਜਾਵੇ ਤਾਂ ਪਿੰਡਾਂ ਦੇ ਲੋਕ ਸਭ ਤੋਂ ਵੱਧ ਪੌਦੇ ਵੀ ਲਗਾਉਂਦੇ ਹਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਦੇਸ਼ ਦੇ ਅੰਦਰ ਧਨਾਢ ਲੋਕਾਂ ਦੀਆਂ ਚਲਦੀਆਂ ਫੈਕਟਰੀਆਂ ਤੋਂ ਨਿਕਲਦੇ ਧੂੰਏਂ ਅਤੇ ਗੰਦਲੇ ਪਾਣੀ ਦੇ ਵੱਲ ਵੀ ਮੋਦੀ ਨੂੰ ਧਿਆਨ ਦੇਣਾ ਚਾਹੀਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।