ਫਾਰਮ ਵੇਸਟ ਨਾਲ ਚੱਲਣ ਵਾਲਾ ਛੋਟਾ ਕੋਲਡ ਸਟੋਰ ਸਥਾਪਿਤ

Last Updated: Jun 20 2019 19:36
Reading time: 1 min, 36 secs

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸਰਕਾਰੀ ਬਾਗ ਤੇ ਨਰਸਰੀ ਕਪੂਰਥਲਾ ਵਿਖੇ ਕਿਸਾਨਾਂ ਲਈ ਫਲ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਵਾਸਤੇ ਫਾਰਮ ਵੇਸਟ ਨਾਲ ਚੱਲਣ ਵਾਲੇ ਛੋਟਾ ਕੋਲਡ ਸਟੋਰ (15 ਮੀ.ਟਨ) ਦਾ ਉਦਘਾਟਨ ਐਮ.ਐਲ.ਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ.ਪੀ.ਐਸ ਖਰਬੰਦਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਰਾਣਾ ਗੁਰਜੀਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਇਹ ਜੋ ਫਾਰਮ ਵੇਸਟ ਬਾਓਮਾਸ ਨਾਲ ਚੱਲਣ ਵਾਲਾ ਛੋਟਾ ਕੋਲਡ ਸਟੋਰ ਸਥਾਪਿਤ ਕੀਤਾ ਗਿਆ ਹੈ, ਇਸ ਨੂੰ ਕਿਸਾਨ ਆਪਣੇ ਫਾਰਮਾਂ ਤੇ ਵੀ ਲਗਾਉਣ ਕਿਉਂਕਿ ਇਸ ਵਿੱਚ ਬਿਜਲੀ ਦੀ ਕੋਈ ਖਪਤ ਨਹੀਂ ਹੈ ਅਤੇ ਕਿਸਾਨ ਆਪਣੀਆਂ ਸਬਜ਼ੀਆਂ ਆਪ ਸਟੋਰ ਕਰਕੇ ਭਾਅ ਵੱਧਣ ਤੇ ਆਪ ਵੇਚ ਸਕਣਗੇ ਅਤੇ ਵੱਧ ਮੁਨਾਫਾ ਕਮਾ ਸਕਣਗੇ। ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਵੱਲੋਂ ਵਿਭਾਗ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਕਿਸਾਨਾਂ ਨੂੰ ਅਜਿਹੇ ਕੋਲਡ ਸਟੋਰ ਸਥਾਪਿਤ ਕਰਕੇ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੰਦੇਸ਼ ਦਿੱਤਾ ਗਿਆ।

ਡਿਪਟੀ ਡਾਇਰੈਕਟਰ ਬਾਗਬਾਨੀ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਕੋਲਡ ਸਟੋਰ ਬਤੌਰ ਪਾਇਲਟ ਪ੍ਰੋਜੈਕਟ ਆਰ.ਕੇ.ਵੀ.ਵਾਈ ਸਕੀਮ ਅਧੀਨ ਸਰਕਾਰ ਵੱਲੋਂ ਇਸ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ ਕਿ ਜਦ ਕਿਸੇ ਫਲ ਅਤੇ ਸਬਜ਼ੀ ਦੀ ਜ਼ਿਆਦਾ ਪੈਦਾਵਾਰ ਹੋਣ ਕਰਕੇ ਮੰਡੀ ਵਿੱਚ ਇਸ ਦਾ ਭਾਅ ਬਹੁਤ ਥੱਲੇ ਆ ਜਾਂਦਾ ਹੈ ਤਾਂ ਉਸ ਸਮੇਂ ਕਿਸਾਨ ਆਪਣੇ ਫਾਰਮ ਤੇ ਅਜਿਹੇ ਸਥਾਪਿਤ ਕੀਤੇ ਛੋਟੇ ਕੋਲਡ ਸਟੋਰਾਂ ਵਿੱਚ ਫਲ ਸਬਜ਼ੀਆਂ ਨੂੰ ਸਟੋਰ ਕਰਕੇ ਬਾਅਦ ਵਿੱਚ ਜਦ ਭਾਅ ਵੱਧ ਜਾਣ ਤਾਂ ਜ਼ਿਆਦਾ ਮੁਨਾਫਾ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਕੋਲਡ ਸਟੋਰ ਫਾਰਮ ਵੇਸਟ (ਰਹਿੰਦ ਖੂੰਹਦ) ਨਾਲ ਚਲਦਾ ਹੈ, ਜਿਸ ਨਾਲ ਬਿਜਲੀ ਦਾ ਨਾ ਮਾਤਰ ਖਰਚਾ ਹੀ ਆਉਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੋਲਡ ਸਟੋਰ ਵਿੱਚ ਸਬਜ਼ੀਆਂ ਜਿਵੇਂ ਕਰੇਲਾ, ਭਿੰਡੀ, ਗਾਜਰ, ਸ਼ਿਮਲਾ ਮਿਰਚ, ਫੁੱਲ ਗੋਭੀ, ਬੰਦ ਗੋਭੀ, ਟਮਾਟਰ, ਖ਼ਰਬੂਜ਼ਾ, ਹਦਵਾਣਾ, ਮਟਰ, ਖੀਰਾ ਆਦਿ ਸਟੋਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੰਮ ਵਾਲੇ ਦਿਨ ਇਹ ਕੋਲਡ ਸਟੋਰ ਸਰਕਾਰੀ ਬਾਗ ਤੇ ਨਰਸਰੀ ਕਪੂਰਥਲਾ ਵਿਖੇ ਆ ਕੇ ਵੇਖ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।