ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਵੱਲੋਂ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਕਈ ਆਦੇਸ਼ ਜਾਰੀ

Last Updated: Jun 20 2019 17:31
Reading time: 1 min, 17 secs

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਦੇ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ। ਇਸ ਮੌਕੇ ਉਨ੍ਹਾਂ ਨੇ ਘੱਟ ਗਿਣਤੀ ਮਸੀਹੀ ਅਤੇ ਮੁਸਲਿਮ ਭਾਈਚਾਰੇ ਦੀਆਂ ਕਬਰਸਤਾਨ ਬਣਾਉਣ ਦੀਆਂ ਮੰਗਾਂ ਬਾਰੇ ਲੋੜੀਂਦੀ ਕਾਰਵਾਈ ਕਰਕੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਇਹਨਾਂ ਲਈ ਜਗ੍ਹਾ ਮੁਹੱਈਆ ਕਰਨ ਦੇ ਹੁਕਮ ਦਿੱਤੇ ਹਨ।

ਇਸ ਮੌਕੇ ਉਨ੍ਹਾਂ ਨੇ ਭਲਾਈ ਵਿਭਾਗ ਨੂੰ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੀ ਭਲਾਈ ਲਈ ਚੱਲਦੀਆਂ ਸਕੀਮਾਂ ਦੱਸਣ ਵਾਸਤੇ ਜ਼ਿਲ੍ਹਾ ਪੱਧਰ ਦੇ ਸੈਮੀਨਾਰ ਲਗਾਏ ਜਾਣ। ਇਸ ਮੌਕੇ ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਨਾਲ ਪੀਸ ਕਮੇਟੀਆਂ ਬਣਾਉਣ ਅਤੇ ਪੁਲਿਸ ਨੂੰ ਇਹਨਾਂ ਭਾਈਚਾਰੇ ਦੇ ਲੋਕਾਂ ਨੂੰ ਕਿਸੇ ਜ਼ਿਆਦਤੀ ਤੋਂ ਬਚਾਉਣ ਦੇ ਵੀ ਹੁਕਮ ਦਿੱਤੇ। ਇਸ ਮੌਕੇ ਏ.ਡੀ.ਸੀ. ਜਨਰਲ ਡਾ. ਰਿਚਾ ਅਤੇ ਏ.ਡੀ.ਸੀ. ਵਿਕਾਸ ਸ. ਐਚ.ਐਸ. ਸਰਾਂ ਨੇ ਦੱਸਿਆ ਕਿ ਮਲੋਟ ਵਿਖੇ ਮਸੀਹੀ ਭਾਈਚਾਰੇ ਦੇ ਕਬਰਸਤਾਨ ਸਬੰਧੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੌਰਾਨ ਫੈਸਲਾ ਹੋਇਆ ਹੈ ਜਿਸ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਬੈਠਕ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਵਜ਼ੀਫ਼ਿਆਂ ਸਬੰਧੀ 23159 ਅਤੇ ਪੋਸਟ ਮੈਟ੍ਰਿਕ ਵਜ਼ੀਫ਼ਿਆਂ ਲਈ 1651 ਅਰਜ਼ੀਆਂ ਪ੍ਰਵਾਨ ਹੋਈਆਂ ਹਨ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਰੁਣ ਕੁਮਾਰ ਨੇ ਦੱਸਿਆ ਕਿ ਬੇਘਰੇ ਲੋਕਾਂ ਨੂੰ ਜ਼ਿਲ੍ਹੇ ਦੇ ਪਿੰਡਾਂ ਵਿੱਚ 2600 ਪਲਾਟ ਦਿੱਤੇ ਜਾਣਗੇ। ਇਸ ਮੌਕੇ ਇਹਨਾਂ ਅਧਿਕਾਰੀਆਂ ਦੇ ਇਲਾਵਾ ਐਸ.ਪੀ. ਗੁਰਮੇਲ ਸਿੰਘ ਧਾਲੀਵਾਲ, ਐਸ.ਡੀ.ਐਮ. ਰਣਦੀਪ ਸਿੰਘ ਹੀਰ, ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ, ਨਾਇਬ ਤਹਿਸੀਲਦਾਰ ਸ੍ਰੀਮਤੀ ਨੀਲਮ ਆਦਿ ਵੀ ਹਾਜ਼ਰ ਸਨ।