ਕਪੂਰਥਲਾ ਦੇ ਇਸ ਪਿੰਡ ਵਿੱਚ ਸਬਜ਼ੀ ਵੇਚਣ ਤੇ ਲੱਗਦਾ ਹੈ "ਫੇਰੀ ਟੈਕਸ" (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 16:07
Reading time: 2 mins, 9 secs

ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਇੱਕ ਪਿੰਡ ਵਿੱਚ ਵੱਖਰੇ ਹੀ ਤਰ੍ਹਾਂ ਦਾ ਟੈਕਸ ਲੱਗਦਾ ਹੈ। ਇਹ ਪਿੰਡ ਹੈ ਨੰਗਲ ਲੁਬਾਣਾ, ਜਿਸਨੂੰ ਐਨ.ਆਰ.ਆਈ ਪਿੰਡ ਦੇ ਤੌਰ ਦੇ ਜਾਣਿਆ ਜਾਂਦਾ ਹੈ। ਇਸ ਪਿੰਡ ਦੀ ਪੰਚਾਇਤ ਨੇ ਆਮਦਨੀ ਦੇ ਸਾਧਨ ਨਾ ਹੋਣ ਦਾ ਹਵਾਲਾ ਦੇ ਕੇ "ਫੇਰੀ ਟੈਕਸ" ਨਾਂਅ ਦਾ ਇੱਕ ਵਸੂਲੀ ਦਾ ਵਸੀਲਾ ਬਣਾਇਆ ਹੈ। ਇਹ ਟੈਕਸ ਪਿੰਡ ਵਿੱਚ ਰੇਹੜੀ ਤੇ ਸਾਮਾਨ ਲਿਆ ਕੇ ਵੇਚਣ ਵਾਲਿਆਂ ਤੋਂ ਵਸੂਲਿਆ ਜਾ ਰਿਹਾ ਹੈ। ਇਸ ਲਈ ਪੰਚਾਇਤ ਨੇ 50 ਹਜ਼ਾਰ ਰੁਪਏ ਸਾਲਾਨਾ ਤੇ ਠੇਕਾ ਵੀ ਦਿੱਤਾ ਹੋਇਆ ਹੈ। ਨੰਗਲ ਲੁਬਾਣਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਵਿੱਚ ਫੇਰੀ ਲਾ ਕੇ ਸਬਜ਼ੀ ਤੇ ਹੋਰ ਸਮਾਨ ਵੇਚਣ ਵਾਲੇ ਗਰੀਬ ਲੋਕਾਂ ਤੇ ਟੈਕਸ ਲਗਾ ਦਿੱਤਾ ਹੈ।

ਇਸ ਮਕਸਦ ਲਈ ਇੱਕ ਠੇਕੇਦਾਰ ਨਿਯੁਕਤ ਕਰਕੇ ਪਿੰਡ 'ਚ ਦਾਖਲ ਹੋਣ ਵਾਲੇ ਫੇਰੀ ਵਾਲਿਆਂ ਦੀ ਪਰਚੀ ਕੱਟੀ ਜਾਂਦੀ ਹੈ। ਬਣਦੇ ਪੈਸੇ ਨਾ ਦੇਣ ਜਾਂ ਵਿਰੋਧ ਕਰਨ ਤੇ ਮੰਦਾ ਚੰਗਾ ਬੋਲਿਆਂ ਜਾਂਦਾ ਹੈ, ਕੁੱਟਮਾਰ ਵੀ ਕੀਤੀ ਜਾਂਦੀ ਹੈ। ਇਸ ਮਕਸਦ ਲਈ ਪੰਚਾਇਤ ਵੱਲੋਂ ਬਣਾਈ ਰਸੀਦ ਬੁੱਕ ਦੀ ਤਰਤੀਬ ਅਨੁਸਾਰ ਸਾਈਕਲ ਜਾਂ ਰੇਹੜੇ ਤੇ ਸਬਜ਼ੀ ਵੇਚਣ ਵਾਲੇ ਕੋਲੋਂ 20 ਰੁਪਏ, 4 ਟਾਇਰੀ ਕੋਲੋਂ ਗੱਡੀ 40 ਰੁਪਏ, ਡੀਜੇ ਵਾਲੇ ਕੋਲੋਂ 100 ਰੁਪਏ, ਗਟਰ ਸਾਫ਼ ਕਰਨ ਵਾਲੇ ਟੈਂਕਰ ਕੋਲੋਂ 50 ਰੁਪਏ, ਇੱਕ ਮਹੀਨੇ ਦਾ ਰੇਟ 500 ਰੁਪਏ, ਸੀਮੈਂਟ, ਖਾਦ, ਕਰੈਸ਼ਰ ਵਾਲੀ ਗੱਡੀ ਕੋਲੋਂ 50 ਰੁਪਏ, ਬਾਹਰ ਵਾਲੀ ਟਰਾਲੀ 20 ਰੁਪਏ, ਮਕਾਨ ਬਣਾਉਣ ਲਈ ਗਲੀ 'ਚ ਰੱਖੇ ਸਮਾਨ ਇੱਕ ਹਫ਼ਤਾ ਫ੍ਰੀ, ਬਾਅਦ, 'ਚ ਪ੍ਰਤੀ ਦਿਨ 10 ਰੁਪਏ, ਰਸਤੇ/ਗਲੀ 'ਚ ਖੜੇ ਟਰੈਕਟਰ-ਟਰਾਲੀ, ਰੇਹੜਾ ਲਈ 1 ਦਿਨ ਦੀ ਛੋਟ, ਬਾਕੀ ਪ੍ਰਤੀ ਦਿਨ 50 ਰੁਪਏ ਵਸੂਲ ਕੀਤੇ ਜਾਣਗੇ।

ਪਿੰਡ ਵਿੱਚ ਸਪੀਕਰ ਲਗਾਉਣ ਦੀ ਮਨਾਹੀ ਹੋਵੇਗੀ। ਇਸ ਲਾਏ ਗਏ ਟੈਕਸ ਕਾਰਨ ਪਿੰਡ ਵਾਲੇ ਕਾਫੀ ਨਾਰਾਜ਼ ਹਨ। ਸਬਜ਼ੀ ਫੇਰੀ ਵਾਲੇ ਗਰੀਬ ਲੋਕਾਂ ਨੂੰ ਆਰਥਿਕ ਮਾਰ ਪੈ ਰਹੀ ਹੈ। ਫੇਰੀ ਵਾਲਿਆਂ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਹ ਤਾਂ ਇੱਕ ਨੰਗਲ ਲੁਬਾਣਾ ਪਿੰਡ ਦੀ ਗੱਲ ਹੈ। ਅਗਰ ਹੋਰ ਪਿੰਡ ਵੀ ਅਜਿਹਾ ਕਰਨਗੇ ਤਾਂ ਉਹ ਕਮਾ ਕੇ ਘਰ ਕੀ ਲਿਜਾਉਣਗੇ। ਉਨ੍ਹਾਂ ਦੇ ਪਰਿਵਾਰ ਰੋਟੀ ਕਿੱਥੋਂ ਖਾਣਗੇ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਤੇ ਲਾਇਆ ਟੈਕਸ ਬੰਦ ਕੀਤਾ ਜਾਵੇ। ਸਰਪੰਚ ਅਜਮੇਰ ਸਿੰਘ ਨੇ ਆਖਿਆ ਕਿ ਪੰਚਾਇਤੀ ਐਕਟ ਦੀ ਧਾਰਾ-88 ਅਧੀਨ ਟੈਕਸ ਲਾਇਆ ਜਾ ਸਕਦਾ ਹੈ। ਪੂਰੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਭਰੋਸੇ 'ਚ ਲੈ ਕੇ ਇਸ ਸਬੰਧੀ ਮਤਾ ਪਾਇਆ ਗਿਆ ਹੈ।

ਫੇਰੀ ਵਾਲਿਆਂ ਦੀ ਕੁੱਟਮਾਰ ਦੇ ਦੋਸ਼ ਬੇਬੁਨਿਆਦ ਹਨ। ਕਿਸੇ ਠੇਕੇਦਾਰ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਹੈ। ਇਸ ਸਬੰਧੀ ਡੀਡੀਪੀਉ ਕਪੂਰਥਲਾ ਹਰਜਿੰਦਰ ਸਿੰਘ ਸੰਧੂ ਨੇ ਵੀ ਹਾਮੀ ਭਰੀ ਕਿ ਪੰਚਾਇਤ ਅਜਿਹਾ ਟੈਕਸ ਲਾ ਸਕਦੀ ਹੈ। ਪਰ ਪੰਚਾਇਤ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਲਈ ਕਿਹਾ ਜਾਵੇਗਾ। ਪੰਚਾਇਤ ਤੋਂ ਰਿਕਾਰਡ ਲੈ ਲਿਆ ਗਿਆ ਹੈ। ਇਹਨਾਂ ਨੇ ਟੈਕਸ ਲਾਉਣ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਨਹੀਂ ਲਿਆਂਦਾ ਹੈ। ਇਸ ਲਈ ਇਸ ਨੂੰ ਪੰਚਾਇਤੀ ਰਾਜ ਐਕਟ ਦੇ ਤਹਿਤ ਖ਼ਤਮ ਕਰਕੇ ਠੇਕਾ ਰੱਦ ਕੀਤਾ ਜਾਵੇਗਾ।