ਚੋਰਾਂ ਨੇ ਬੋਲਿਆ ਹੱਲਾ, ਦੁਕਾਨ 'ਚੋਂ ਨਕਦੀ ਸਮੇਤ ਸਾਮਾਨ ਚੋਰੀ

Last Updated: Jun 20 2019 15:30
Reading time: 0 mins, 54 secs

ਜ਼ਿਲ੍ਹੇ ਦੇ ਸ਼ਹਿਰ ਅਬੋਹਰ ਵਿੱਚ ਦਿਨੋਂ ਦਿਨ ਵੱਧ ਰਹੀ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ। ਦਿਨ ਦਿਹਾੜੇ ਝਪਟਮਾਰ ਰਾਹਗੀਰਾਂ ਤੋਂ ਮੋਬਾਈਲ ਅਤੇ ਪਰਸ ਝਪਟ ਕੇ ਫਰਾਰ ਹੋ ਜਾਂਦੇ ਹਨ, ਉੱਥੇ ਹੀ ਸ਼ਹਿਰ ਵਿੱਚ ਸਭ ਤੋਂ ਵੱਧ ਦਿਨ-ਰਾਤ ਆਵਾਜਾਈ ਵਾਲੇ ਰਸਤੇ ਤੋਂ ਚੋਰਾਂ ਨੇ ਇੱਕ ਦੁਕਾਨ 'ਤੇ ਹੱਲਾ  ਬੋਲ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ, ਪਰ ਪੁਲਿਸ ਵੱਲੋਂ ਚੋਰਾਂ ਅਤੇ ਝਪਟਮਾਰਾਂ 'ਤੇ ਹਲੇ ਤੱਕ ਨੁਕੇਲ ਨਹੀਂ ਕਸੀ ਗਈ।

ਜਾਣਕਾਰੀ ਅਨੁਸਾਰ ਪੁਰਾਣੀ ਤਹਿਸੀਲ ਰੋਡ ਵਿਖੇ ਮਿਗਲਾਨੀ ਆਪਟਿਕਲ 'ਤੇ ਬੀਤੀ ਰਾਤ ਚੋਰਾਂ ਨੇ ਹੱਲਾ ਬੋਲਕੇ ਉੱਥੋਂ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਅਣਪਛਾਤੇ ਚੋਰ ਛੱਤ ਦੇ ਰਸਤੇ ਤੋਂ ਦੁਕਾਨ ਵਿੱਚ ਵੜੇ ਅਤੇ ਉੱਥੋਂ ਨਕਦੀ, ਘੜੀਆਂ ਅਤੇ ਐਨਕਾਂ ਚੋਰੀ ਕਰਕੇ ਲੈ ਗਏ। ਅੱਜ ਸਵੇਰੇ ਦੁਕਾਨ ਸੰਚਾਲਕ ਵਿਜੈ ਮਿਗਲਾਨੀ ਦੇ ਪੁੱਤਰ ਰਾਹੁਲ ਨੇ ਜਦੋਂ ਦੁਕਾਨ ਖੋਲੀ ਤਾਂ ਦੁਕਾਨ ਵਿੱਚ ਸਾਮਾਨ ਖਿਲਰਿਆ ਵੇਖਕੇ ਉਸਨੇ ਇਸ ਗੱਲ ਦੀ ਸੂਚਨਾ ਆਪਣੇ ਪਿਤਾ ਅਤੇ ਪੁਲਿਸ ਨੂੰ ਦਿੱਤੀ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 15 ਹਜ਼ਾਰ ਦਾ ਨੁਕਸਾਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।