ਐਸ.ਡੀ.ਐਮ ਦਾ ਸ਼ਲਾਘਾਯੋਗ ਕਦਮ, ਸਮੱਸਿਆ ਦੇ ਹੱਲ ਲਈ ਤੁਰੰਤ ਕੀਤੀ ਕਾਰਵਾਈ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 14:57
Reading time: 1 min, 20 secs

ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਅਤੇ ਲੋਕਾਂ 'ਚ ਛਾਏ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਕਪਤਾਨ ਸੰਦੀਪ ਗੋਇਲ ਦੀ ਪ੍ਰਸ਼ੰਸਾ ਹੋ ਰਹੀ ਹੈ ਉੱਥੇ ਹੀ ਅਬੋਹਰ ਦੀ ਐਸ.ਡੀ.ਐਮ ਮੈਡਮ ਪੂਨਮ ਸਿੰਘ ਵੱਲੋਂ ਲੋਕਾਂ ਦੀ ਸਮੱਸਿਆ ਦੇ ਸਮਾਧਾਨ ਲਈ ਚੁੱਕੇ ਗਏ ਕਦਮ ਦੀ ਸ਼ਲਾਘਾ ਹੋ ਰਹੀ ਹੈ। ਐਸ.ਡੀ.ਐਮ ਨੇ ਅਬੋਹਰ ਦੀ ਨਵੀਂ ਸੜਕ ਦੇ ਮਾਮਲੇ 'ਚ ਤੁਰੰਤ ਕਾਰਵਾਈ ਅਮਲ 'ਚ ਲਿਆਂਦੀ ਅਤੇ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਨ ਦੇ ਹੁਕਮ ਦਿੱਤੇ। 

ਜਾਣਕਾਰੀ ਅਨੁਸਾਰ ਅਬੋਹਰ ਦੀ ਨਵੀਂ ਸੜਕ ਤੋਂ ਲੋਕਾਂ ਦੀ ਆਵਾਜਾਈ ਉੱਥੇ ਖੜੇ ਪਾਣੀ ਅਤੇ ਟੁੱਟੀ ਸੜਕ ਕਰਕੇ ਪ੍ਰਭਾਵਿਤ ਹੋ ਰਹੀ ਸੀ। ਬੇਸ਼ੱਕ ਇਸ ਸਮੱਸਿਆ ਬਾਬਤ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਇਸਦਾ ਹੱਲ ਨਹੀਂ ਕੀਤਾ ਗਿਆ ਅਤੇ ਸਮੱਸਿਆ ਵਧਦੀ ਗਈ। ਆਖ਼ਰ ਮਾਮਲਾ ਮੀਡੀਆ ਦੀਆਂ ਸੁਰਖ਼ੀਆਂ 'ਚ ਆ ਗਿਆ। ਇੱਥੇ ਮੌਜੂਦਾ ਭਾਜਪਾ ਵਿਧਾਇਕ ਨੇ ਕਾਂਗਰਸ ਸਰਕਾਰ ਨੂੰ ਕੋਸਿਆ ਉੱਥੇ ਹੀ ਕਾਂਗਰਸ ਨੇ ਵਿਧਾਇਕ 'ਤੇ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾਉਣ ਦਾ ਇਲਜ਼ਾਮ ਲਾਇਆ। ਇੱਥੇ ਹੀ ਬਸ ਨਹੀਂ ਸੀਵਰੇਜ ਬੋਰਡ ਦੇ ਅਧਿਕਾਰੀ ਪੈਦਾ ਹੋਈ ਇਸ ਸਮੱਸਿਆ ਬਾਰੇ ਨਗਰ ਕੌਂਸਲ ਨੂੰ ਜ਼ਿੰਮੇਵਾਰ ਦੱਸ ਰਹੇ ਸਨ ਉੱਥੇ ਹੀ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਕੰਮ ਸੀਵਰੇਜ ਬੋਰਡ ਦਾ ਹੈ। 

ਮਹਿਕਮੇ ਅਤੇ ਸਿਆਸੀ ਲੀਡਰ ਇੱਕ-ਦੂਜੇ 'ਤੇ ਜ਼ਿੰਮੇਵਾਰੀ ਦਾ ਕਹਿੰਦੇ ਰਹੇ ਪਰ ਐਸ.ਡੀ.ਐਮ ਮੈਡਮ ਪੂਨਮ ਸਿੰਘ ਨੇ 'ਨਿਊਜ਼ਨੰਬਰ' ਵੱਲੋਂ ਖ਼ਾਸ ਖ਼ਬਰ ਵਜੋਂ ਪ੍ਰਕਾਸ਼ਿਤ ਕੀਤੀ ਖ਼ਬਰ 'ਤੇ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਜਤਾਇਆ ਅਤੇ ਦੂਸਰੇ ਦਿਨ ਦੀ ਸਵੇਰ ਹੀ ਉਨ੍ਹਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਲਿਜਾ ਕੇ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਹੁਕਮ ਨਾ ਸਿਰਫ਼ ਦਿੱਤੇ ਸਗੋਂ ਮੌਕੇ 'ਤੇ ਹੀ ਕੰਮ ਨੂੰ ਸ਼ੁਰੂ ਕਰਵਾਇਆ। ਹੁਣ ਜਲਦ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।