ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਨੇ ਰਚਿਆ ਦੋਹਰਾ ਇਤਿਹਾਸ !!! (ਭਾਗ-1)

Last Updated: Jun 20 2019 12:57
Reading time: 2 mins, 9 secs

ਸਿੱਖਾਂ ਦੀ ਤਰਜਮਾਨੀ ਕਰਦੀ ਆ ਰਹੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਸਥਾਪਨਾ ਦੇ 99 ਸਾਲਾਂ ਵਿੱਚ ਕਈ ਪ੍ਰਧਾਨਾਂ ਦੇ ਹੱਥ ਵਾਗਡੋਰ ਆਈ ਪਰ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਆਈ ਹੈ ਅਤੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਪਾਰਟੀ ਨੇ ਦੋਹਰਾ ਇਤਿਹਾਸ ਸਿਰਜਿਆ ਹੈ।

ਪਹਿਲੀ ਵਾਰ 2012 ਵਿੱਚ ਸਿਰਜਿਆ ਇਤਿਹਾਸ: ਜੇਕਰ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਪਹਿਲਾਂ ਲੰਬਾ ਸਮਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਰਹੀ ਸੀ। ਹੌਲੀ-ਹੌਲੀ ਜਦੋਂ ਸਮੁੱਚੀ ਪਾਰਟੀ ਤੇ ਬਾਦਲ ਪਰਿਵਾਰ ਦੀ ਪਕੜ ਮਜ਼ਬੂਤ ਹੁੰਦੀ ਗਈ ਤਾਂ ਬਜ਼ੁਰਗ ਸਿਆਸਤਦਾਨ ਬਾਬੇ ਬਾਦਲ ਨੇ ਪੁਰਾਣੇ ਤੇ ਸੀਨੀਅਰ ਪਾਰਟੀ ਦੇ ਆਗੂਆਂ ਨੂੰ ਖੂੰਜੇ ਲਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਲਖ਼ਤੇ ਜਿਗਰ ਸੁਖਬੀਰ ਸਿੰਘ ਨੂੰ ਪਾਰਟੀ ਦੀ ਵਾਗਡੋਰ ਸੌਂਪ ਦਿੱਤੀ। ਭਾਵੇਂ ਕਿ ਉਸ ਵੇਲੇ ਅੰਦਰਖਾਤੇ ਕੁਝ ਕੁ ਆਗੂਆਂ ਨੇ ਸੁਖਬੀਰ ਦੀ ਲੀਡਰਸ਼ਿਪ ਤੇ ਕਿੰਤੂ ਕੀਤਾ ਸੀ ਪਰ ਜ਼ਿਆਦਾਤਰ ਨੇ ਸਹਿਜ ਨਾਲ ਹੀ ਸੁਖਬੀਰ ਨੂੰ ਪਾਰਟੀ ਅਤੇ ਆਪਣਾ ਆਗੂ ਮੰਨ ਲਿਆ ਸੀ। ਜਿਸ ਤੋਂ ਬਾਅਦ ਸੰਪੂਰਨ ਰੂਪ ਵਿੱਚ ਪਾਰਟੀ ਦੀ ਵਾਗਡੋਰ ਸੁਖਬੀਰ ਬਾਦਲ ਦੇ ਹੱਥਾਂ ਵਿੱਚ ਆ ਗਈ ਸੀ ਤੇ ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਪਾਰਟੀ ਵਿੱਚ ਜਦੋਂ ਕੋਈ ਅਹੁਦਾ ਕਿਸੇ ਵਰਕਰ ਨੂੰ ਦੇਣਾ ਹੁੰਦਾ ਸੀ ਜਾਂ ਸਰਕਾਰ ਵਿੱਚ ਕੋਈ ਵਰਕਰ ਐਡਜਸਟ ਕਰਨਾ ਹੁੰਦਾ ਸੀ ਤਾਂ ਬਾਪੂ ਬਾਦਲ ਸਿੱਧਾ ਹੀ ਕਹਿ ਦਿੰਦਾ ਸੀ 'ਕਾਕਾ ਜੀ' ਨਾਲ ਗੱਲ ਕਰੋ ਭਾਵ ਸੁਖਬੀਰ ਨੂੰ ਮਿਲੋ। ਜਿਸ ਤੋਂ ਬਾਅਦ ਕੋਈ ਵੀ ਅਜਿਹਾ ਸੀਨੀਅਰ ਜਾਂ ਜੂਨੀਅਰ ਆਗੂ ਅਜਿਹਾ ਨਹੀਂ ਸੀ ਰਹਿ ਗਿਆ ਜੋ ਸੁਖਬੀਰ ਦੇ ਗੋਢੇ ਹੱਥ ਲਾਉਣ ਲਈ ਮਜਬੂਰ ਨਾ ਹੋਇਆ ਹੋਵੇ।

2007 ਵਿੱਚ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਕੇ ਮੁੜ ਆਪਣੀ ਸਰਕਾਰ ਪੰਜਾਬ ਵਿੱਚ ਬਣਾਉਣ ਦਾ ਸਿਹਰਾ ਵੀ ਉਸ ਸਮੇਂ ਸੁਖਬੀਰ ਦੀਆਂ ਵਿਰੋਧੀਆਂ ਤੇ ਹਮਲਾਵਰ ਨੀਤੀਆਂ ਨੂੰ ਹੀ ਗਿਆ ਸੀ ਤੇ 2008 ਵਿੱਚ ਸੱਤਾ ਸੰਭਾਲਦਿਆਂ ਹੀ ਭਾਵੇਂ ਕਿ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਨੇ ਕੁਰਸੀ ਸੰਭਾਲੀ ਸੀ ਪਰ ਦੱਸਿਆ ਜਾਂਦਾ ਰਿਹਾ ਹੈ ਕਿ ਸਾਰੀ ਸਿਆਸੀ ਅਤੇ ਸਰਕਾਰੀ ਤਾਕਤ ਸੁਖਬੀਰ ਦੇ ਹੱਥਾਂ ਵਿੱਚ ਹੀ ਰਹੀ ਸੀ। ਇਸ ਤੋਂ ਬਾਅਦ ਆਪਣੇ ਬਾਪੂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਭਾਵੇਂ ਕਿ ਸੁਖਬੀਰ ਬਾਦਲ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਜਾਰੀ ਰੱਖਦਿਆਂ ਹੋਰ ਵੀ ਕਈ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਸਨ ਤੇ ਪਾਰਟੀ ਕਾਡਰ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਸੀ ਕਿ 2012 ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਇਤਿਹਾਸ ਸਿਰਜਿਆ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਜਿੱਤ ਦਰਜ ਕਰਵਾ ਕੇ ਲਗਾਤਾਰ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਹਿਲੀ ਪਾਰਟੀ ਬਣ ਗਈ ਸੀ ਤੇ ਇਸ ਦਾ ਸਿਹਰਾ ਜਿੱਥੇ ਸਾਰਿਆਂ ਨੇ ਰਲ ਮਿਲ ਕੇ ਸੁਖਬੀਰ ਦੀ ਲੀਡਰਸ਼ਿਪ ਨੂੰ ਹੀ ਦਿੱਤਾ ਸੀ ਉੱਥੇ ਸੁਖਬੀਰ ਬਾਦਲ ਦੀ ਨੀਤੀਆਂ ਦਾ ਵਿਰੋਧੀਆਂ ਵੱਲੋਂ ਲੋਹਾ ਵੀ ਮੰਨਿਆ ਗਿਆ ਸੀ।...(ਚਲਦਾ)