'ਮਿਸ਼ਨ ਤੰਦਰੁਸਤ ਮੁਹਿੰਮ' ਹੋਕਾ, ਜਮਾਂ ਹੀ ਫੋਕਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 12:46
Reading time: 3 mins, 7 secs

ਜਦੋਂ ਵੀ ਦੇਸ਼ ਨੂੰ ਸਾਫ਼ ਸੁਥਰਾ ਜਾਂ ਫਿਰ ਹਰਿਆ ਭਰਿਆ ਬਣਾਉਣ ਦੀ ਗੱਲ ਚੱਲਦੀ ਹੈ ਤਾਂ ਸਮੂਹ ਭਾਰਤ ਵਾਸੀ ਅੱਗੇ ਹੋ ਕੇ ਚੱਲਦੇ ਹਨ ਅਤੇ ਦੇਸ਼ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੇ ਲਈ ਆਪਣਾ ਸਹਿਯੋਗ ਪਾਉਂਦੇ ਹਨ। ਪਰ.!! ਜੇਕਰ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹੀ ਦੇਸ਼ ਨੂੰ ਫੋਕਾ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦਾ ਹੋਕਾ ਦਿੱਤਾ ਜਾਵੇ ਤਾਂ ਫਿਰ ਗੱਲ ਤਾਂ ਠੀਕ ਨਹੀਂ ਹੈ। ਸੱਤਾ 'ਤੇ ਕਾਬਜ਼ ਹਰ ਕੋਈ ਪਾਰਟੀ ਇਹ ਚਾਹੁੰਦੀ ਹੈ ਕਿ ਲੋਕ ਮੁੱਦਿਆਂ ਨੂੰ ਪਾਸੇ ਰੱਖ ਕੇ ਆਪਣਾ ਮੁੱਦਾ ਛੇੜਿਆ ਜਾਵੇ। 

ਜਿਵੇਂ ਕਿ ਪੰਜਾਬ ਦੀ ਕੈਪਟਨ ਸਰਕਾਰ ਕਰ ਰਹੀ ਹੈ। ਪੰਜਾਬ ਦੀ ਜਨਤਾ ਦੇ ਨਾਲ ਜੋ ਵਾਅਦੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੀਤੇ ਗਏ, ਉਨ੍ਹਾਂ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਹੁਣ ਤੱਕ ਨੇਪਰੇ ਨਹੀਂ ਚੜ ਸਕਿਆ, ਪਰ ਸਰਕਾਰ ਦੇ ਵੱਲੋਂ ਸਕੀਮਾਂ ਇੰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕੋਈ ਕਹਿਣ ਦੀ ਹੱਦ ਨਹੀਂ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਹੜੇ ਪਾਸੇ ਜਾਣ ਅਤੇ ਕਿਹੜੇ ਪਾਸੇ ਨਾ ਜਾਣ। ਕਿਉਂਕਿ ਸਰਕਾਰ ਨੇ ਕਰਨ ਨੂੰ ਕੁਝ ਛੱਡਿਆ ਹੀ ਨਹੀਂ ਅਤੇ ਸਰਕਾਰ ਲੋਕ ਮੁੱਦਿਆਂ ਨੂੰ ਭੁੱਲ ਕੇ ਆਪਣੇ ਮਿਸ਼ਨ ਦੇ ਝੰਡੇ ਗੱਡ ਰਹੀ ਹੈ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਲੰਘੇ ਸਾਲ ਸੂਬੇ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੇ ਮਕਸਦ ਤਹਿਤ ਮਿਸ਼ਨ ਤੰਦਰੁਸਤ ਮੁਹਿੰਮ ਦਾ ਅੰਗਾਜ਼ ਕੀਤਾ ਗਿਆ। ਇਸ ਮੁਹਿੰਮ ਦੇ ਤਹਿਤ ਤਕਰੀਬਨ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਸਾਫ਼ ਸਫ਼ਾਈ ਤੋਂ ਇਲਾਵਾ ਤੰਦਰੁਸਤ ਭੋਜਨ ਆਦਿ ਸਬੰਧੀ ਜਾਗਰੂਕ ਕੈਂਪ ਤੇ ਸੈਮੀਨਾਰ ਕਰਵਾਏ ਗਏ ਤਾਂ ਜੋ ਸਰਕਾਰ ਦੇ ਮਿਸ਼ਨ ਨੂੰ ਪੂਰਾ ਕੀਤਾ ਜਾ ਸਕੇ। ਵੇਖਿਆ ਜਾਵੇ ਤਾਂ ਸਰਕਾਰ ਮਿਸ਼ਨ ਚਲਾਉਣ ਵਿੱਚ ਤਾਂ ਕਾਮਯਾਬ ਹੋ ਗਈ। 

ਪਰ.!! ਜੋ ਅਸਲ ਵਿੱਚ ਕੰਮ ਕਰਨ ਵਾਲੇ ਸਨ, ਉਨ੍ਹਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਤਹਿਤ ਪੌਦੇ ਲਗਾਊ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਪਰ ਇਹ ਮੁਹਿੰਮ ਵੀ ਚਾਰ ਕੁ ਦਿਨ ਹੀ ਚੱਲੀ ਅਤੇ ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਲੀਡਰਾਂ ਦੇ ਵੱਲੋਂ ਇੱਕ ਦੋ ਪੌਦੇ ਲਗਾ ਕੇ ਫ਼ੋਟੋਆਂ ਖਿਚਵਾ ਕੇ ਚਲਦੇ ਬਣੇ, ਫਿਰ ਕਦੇ ਵੀ ਉਨ੍ਹਾਂ ਪੌਦਿਆਂ ਦੇ ਵੱਲ ਨਿਗਾਹ ਨਹੀਂ ਮਾਰੀ ਕਿ ਪੌਦੇ ਜਿੰਦਾ ਹਨ ਜਾਂ ਫਿਰ ਮਰ ਗਏ। ਇਸ ਤੋਂ ਪਤਾ ਲਗਦਾ ਹੈ ਕਿ ਸਰਕਾਰ ਦੀ ਮੁਹਿੰਮ ਸਿਰਫ਼ ਤੇ ਸਿਰਫ਼ ਖਾਨਾਪੂਰਤੀ ਹੀ ਸੀ। 

ਭਾਵੇਂ ਕਿ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬ ਨੂੰ ਹਰਿਆ ਭਰਿਆ ਰੱਖਿਆ ਜਾਵੇ, ਪਰ ਸਰਕਾਰ ਦਾ ਤਾਂ ਇਸ ਵਿੱਚ ਕੋਈ ਰੋਲ ਰਹਿ ਹੀ ਨਹੀਂ ਜਾਂਦਾ, ਜਦੋਂ ਲੋਕ ਆਪਣਾ ਫ਼ਰਜ਼ ਪੂਰਾ ਕਰਦੇ ਹੋਣ। ਸਰਕਾਰ ਦੇ ਵੱਲੋਂ ਤਾਂ ਸਿਰਫ਼ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਵਿੱਚ ਬਿਆਨ ਹੀ ਦੇਣੇ ਹੁੰਦੇ ਹਨ ਕਿ ''ਵੇਖੋ ਜੀ ਸਾਡੀ ਸਰਕਾਰ ਨੇ ਤਾਂ ਸਮਾਜ ਨੂੰ ਹਰਿਆ ਭਰਿਆ ਕਰ ਦਿੱਤਾ''। ਵੇਖਿਆ ਜਾਵੇ ਜਾਵੇ ਤਾਂ ਸਰਕਾਰ ਦੇ ਬਿਆਨਾਂ ਤੋਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੀਡਰ ਆਉਂਦੀਆਂ ਚੋਣਾਂ ਦੀ ਖ਼ਾਤਰ ਹੀ ਸਭ ਕੁਝ ਕਰਦੇ ਹਨ ਅਤੇ ਅਧਿਕਾਰੀ ਪ੍ਰਮੋਸ਼ਨ ਦੀ ਖ਼ਾਤਰ। 

ਬੁੱਧੀਜੀਵੀਆਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਤੰਦਰੁਸਤ ਮੁਹਿੰਮ ਸਰਕਾਰੀ ਫਾਈਲਾਂ ਦੇ ਵਿੱਚ ਹੀ ਘੁੰਮ ਰਹੀ ਹੈ, ਹੋਰ ਕਿਧਰੇ ਵੀ ਇਸ ਮੁਹਿੰਮ ਦਾ ਜਾਦੂ ਨਜ਼ਰੀ ਨਹੀਂ ਆ ਰਿਹਾ। ਸਰਕਾਰ ਦੇ ਵੱਲੋਂ ਭਾਵੇਂ ਹੀ ਮਿਸ਼ਨ ਤੰਦਰੁਸਤ ਮੁਹਿੰਮ ਦੇ ਵਿੱਚ ਵੱਖ-ਵੱਖ 8 ਵਿਭਾਗਾਂ ਵਿੱਚ ਜੰਗਲਾਤ ਵਿਭਾਗ, ਖੇਤੀਬਾੜੀ ਵਿਭਾਗ, ਪੀ. ਡਬਲ. ਯੂ ਡੀ ਅਤੇ ਸਿਹਤ ਵਿਭਾਗ ਅਤੇ ਆਦਿ ਵਿਭਾਗ ਸ਼ਾਮਿਲ ਕੀਤੇ ਸਨ। ਸਰਕਾਰ ਵੱਲੋਂ ਚਲਾਈ ਮੁਹਿੰਮ ਦਾ ਮਕਸਦ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ, ਬੂਟੇ ਲਾ ਹਰਿਆ ਭਰਿਆ ਬਣਾਉਣਾ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀ ਜਾਂਚ ਕਰਕੇ ਮਿਲਾਵਟ ਖੋਰਾਂ ਖ਼ਿਲਾਫ਼ ਬਣਦੀ ਕਾਰਵਾਈ ਆਦਿ ਕਰਨਾ ਸੀ। 

ਪਰ.!! ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਇਸ ਵੇਲੇ ਖੁੱਲ੍ਹੇਆਮ ਹੀ ਲੋਕਾਂ ਨੂੰ ਮਿਲਵਾਟਰੀ ਖਾਣ ਪੀਣ ਵਾਲੀਆਂ ਵਸਤੂਆਂ ਮਿਲ ਰਹੀਆਂ ਹਨ। ਖੁੱਲ੍ਹੇਆਮ ਹੀ ਰੁੱਖਾਂ ਦੀ ਕਟਾਈ ਹੋ ਰਹੀ ਹੈ, ਥਾਂ ਥਾਂ ਲੱਗੇ ਗੰਦਗੀ ਦੇ ਢੇਰ ਸਰਕਾਰ ਦੀ ਮੁਹਿੰਮ ਨੂੰ ਮੂੰਹ ਚੜ੍ਹਾ ਰਹੇ ਹਨ, ਇੱਥੋਂ ਤੱਕ ਸਿਹਤ ਸੁਵਿਧਾਵਾਂ ਵੀ ਲੋਕਾਂ ਨੂੰ ਚੰਗੀਆਂ ਨਹੀਂ ਮਿਲ ਰਹੀਆਂ। ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਿਰ ਕਦੋਂ ਸਰਕਾਰ ਆਪਣੀ ਚਲਾਈ ਮੁਹਿੰਮ 'ਤੇ ਗ਼ੌਰ ਕਰਦੀ ਹੈ ਅਤੇ ਕਦੋਂ ਰੁੱਖਾਂ ਦੀ ਕਟਾਈ ਬੰਦ ਹੁੰਦੀ ਹੈ, ਕਦੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਸਾਫ਼ ਸੁਥਰਾ ਭੋਜਨ ਮਿਲਦਾ ਹੈ?