ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਹੋਇਆ ਨੂੰ ਕਰੀਬ 72 ਸਾਲ ਬੀਤ ਚੁੱਕੇ ਹਨ। ਇਨ੍ਹਾਂ 72 ਸਾਲਾਂ ਦੇ ਵਿੱਚ ਭਾਰਤ ਦੀ ਜਨਤਾ ਦਾ ਭਾਵੇਂ ਵਿਕਾਸ ਨਹੀਂ ਹੋ ਸਕਿਆ, ਪਰ ਭਾਰਤ 'ਤੇ ਰਾਜ ਕਰਨ ਵਾਲੇ ਜ਼ਰੂਰ ਇਨ੍ਹਾਂ 72 ਸਾਲਾਂ ਦੇ ਦੌਰਾਨ ਕਰੋੜਾਂਪਤੀ ਬਣ ਗਏ ਹਨ। ਦੇਸ਼ ਦੀ ਆਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਅਦ ਵਿੱਚ ਦੇਸ਼ ਦਾ 72 ਪ੍ਰਤੀਸ਼ਤ ਪੂਰਨ ਵਿਕਾਸ ਨਹੀਂ ਹੋ ਸਕਿਆ, ਜਿਸ ਦੇ ਕਾਰਨ ਭਾਰਤ ਦੇ ਲੋਕ ਆਪਣੇ ਆਪ ਨੂੰ ਗੁਲਾਮ ਸਮਝ ਰਹੇ ਹਨ। ਕਿਉਂਕਿ 1947 ਤੋਂ ਪਹਿਲੋਂ ਅੰਗਰੇਜ਼ਾਂ ਦਾ ਭਾਰਤ 'ਤੇ ਰਾਜ ਸੀ।
ਅੰਗਰੇਜ਼ਾਂ ਦੇ ਵੱਲੋਂ ਵੀ ਭਾਰਤ ਦਾ ਵਿਕਾਸ ਨਹੀਂ, ਸਗੋਂ ਆਪਣੇ ਫਾਇਦੇ ਦੇ ਲਈ ਹੀ ਸੜਕਾਂ, ਹਵਾਈ ਅੱਡੇ, ਹਸਪਤਾਲ, ਰੇਲ ਲਾਈਨਾਂ ਤੋਂ ਇਲਾਵਾ ਪੁਲ ਬਣਾਏ ਗਏ। ਭਾਵੇਂ ਹੀ ਅੰਗਰੇਜ਼ਾਂ ਨੇ ਇਹ ਸਭ ਕੁਝ ਆਪਣੇ ਲਈ ਕੀਤਾ ਸੀ, ਪਰ ਇਸ ਦਾ ਫਾਇਦਾ ਭਾਰਤ ਦੀ ਜਨਤਾ ਨੇ ਲਿਆ। ਭਾਰਤ ਦੀ ਜਨਤਾ ਦੇ ਨਾਲ ਆਜ਼ਾਦੀ ਤੋਂ ਬਾਅਦ ਅਜਿਹਾ ਵਿਤਕਰਾ ਭਾਰਤ ਦੀਆਂ ਸਰਕਾਰਾਂ ਦੇ ਵੱਲੋਂ ਕੀਤਾ ਜਾਂਦਾ ਰਿਹਾ ਕਿ ਭਾਰਤ ਦੀ ਆਰਥਿਕ ਦਸ਼ਾ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੀ ਗਈ। ਇਸ ਵੇਲੇ ਜੋ ਹਾਲ ਦੇਸ਼ ਦਾ ਹੈ, ਉਹ ਬੇਹੱਦ ਹੀ ਮਾੜਾ ਹੈ।
ਦੇਸ਼ ਦੇ ਅੰਦਰ ਜਿੱਥੇ ਚੰਗੇ ਹਸਪਤਾਲ ਨਹੀਂ ਹਨ, ਉੱਥੇ ਹੀ ਦੇਸ਼ ਦੇ ਅੰਦਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਫਾਇਰ ਬ੍ਰਿਗੇਡ ਕੋਲ ਪੌੜੀਆਂ ਅਤੇ ਬੋਰਵੈੱਲ ਵਿੱਚ ਡਿੱਗੇ ਬੱਚਿਆਂ ਨੂੰ ਕੱਢਣ ਦੇ ਲਈ ਕੋਈ ਸਾਧਨ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਜਿੰਨਾ ਸਮਾਂ ਸਾਡੇ ਦੇਸ਼ 'ਤੇ ਰਾਜ ਕੀਤਾ, ਉਹ ਬੇਹੱਦ ਹੀ ਵਧੀਆ ਸੀ ਅਤੇ ਇੱਥੋਂ ਦੇ ਹੀ ਕੁਝ ਸਿਆਸਤਦਾਨਾਂ ਦੇ ਵੱਲੋਂ ਅੰਗਰੇਜ਼ਾਂ ਦੇ ਨਾਲ ਮਿਲ ਕੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਬੜਾਵਾ ਦਿੱਤਾ ਗਿਆ। ਅੱਜ ਦੇਸ਼ ਦੀ ਇਹ ਸਥਿਤੀ ਬਣ ਚੁੱਕੀ ਹੈ ਕਿ ਦਿਮਾਗੀ ਬੁਖ਼ਾਰ ਦਾ ਇਲਾਜ ਹੀ ਨਹੀਂ ਹੋ ਰਿਹਾ ਸਰਕਾਰੀ ਹਸਪਤਾਲਾਂ ਦੇ ਵਿੱਚ।
ਅਜਿਹੀਆਂ ਸਰਕਾਰਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿੱਥੇ ਸਰਕਾਰੀ ਹਸਪਤਾਲਾਂ ਦੇ ਅੰਦਰ ਚੰਗੀਆਂ ਸਿਹਤ ਸੁਵਿਧਾਵਾਂ ਹੀ ਨਾ ਮਿਲਦੀਆਂ ਹੋਣ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਡਾਕਟਰ ਬਾਹਰ ਆਪਣੇ ਨਿੱਜੀ ਹਸਪਤਾਲ ਚਲਾ ਕੇ ਗ਼ਰੀਬਾਂ ਦੀ ਲੁੱਟ ਕਰਦੇ ਹੋਣ। ਵੇਖਿਆ ਜਾਵੇ ਤਾਂ ਦੇਸ਼ ਦੀ ਸਥਿਤੀ ਉਨੀ ਦੇਰ ਤੱਕ ਸਹੀ ਨਹੀਂ ਹੋ ਸਕਦੀ, ਜਦੋਂ ਤੱਕ ਭਾਰਤ ਦੇ ਲੋਕ ਕਿਸੇ ਸਮਝਦਾਰ ਇਨਸਾਨ ਨੂੰ ਵੋਟ ਨਹੀਂ ਪਾਉਂਦੇ। ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਸਾਡੇ 'ਤੇ ਰਾਜ ਕੀਤਾ, ਹਰ ਸਰਕਾਰ ਨੇ ਹੀ ਧਰਮ ਅਤੇ ਜਾਤ ਦੀ ਰਾਜਨੀਤੀ ਕੀਤੀ।
ਕਿਸੇ ਵੀ ਸਰਕਾਰ ਨੇ ਇਨਸਾਨੀਅਤ ਦੀ ਗੱਲ ਨਹੀਂ ਕੀਤੀ। ਦੇਸ਼ ਦੇ ਅੰਦਰ ਲੜਾਈ ਝਗੜੇ ਅਤੇ ਦੰਗੇ ਤੇ ਕਤਲੇਆਮ ਉਦੋਂ ਹੀ ਹੁੰਦੇ ਹਨ, ਜਦੋਂ ਦੇਸ਼ ਦੀ ਸਰਕਾਰ ਦੀ ਨੀਤੀ ਵਿੱਚ ਖੋਟ ਹੋਵੇ। ਦੱਸ ਦਈਏ ਕਿ ਇਸ ਵੇਲੇ ਕੁਝ ਬੁੱਧੀਜੀਵੀ ਵਰਗ ਦੇ ਲੋਕ ਇਹ ਦਾਅਵੇ ਕਰਦੇ ਨਜ਼ਰੀ ਆ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇਗਾ, ਜਿਸ ਦੇ ਚੱਲਦਿਆਂ ਹੁਣੇ ਤੋਂ ਹੀ ਦੇਸ਼ ਦੇ ਅੰਦਰ ਫਿਰਕਾਪ੍ਰਸਤੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅਤੇ ਦੇਸ਼ ਦੇ ਅੰਦਰ ਘੱਟ ਗਿਣਤੀਆਂ 'ਤੇ ਹਮਲੇ ਹੋਣੇ ਸ਼ੁਰੂ ਹੋ ਗਏ ਹਨ।
ਦੇਸ਼ ਦੀ ਹਾਲਤ ਉਦੋਂ ਹੋਰ ਮਾੜੀ ਹੋ ਜਾਂਦੀ ਹੈ, ਜਦੋਂ ਬਾਹਰਲੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਫਿਰ ਰਾਸ਼ਟਰਪਤੀ ਇਹ ਬਿਆਨ ਦਿੰਦੇ ਹਨ ਕਿ ਭਾਰਤ ਦੇ ਅੰਦਰ ਤਾਂ ਧਰਮ ਅਤੇ ਜਾਤ ਤੋਂ ਇਲਾਵਾ ਕੁਝ ਨਹੀਂ। ਭਾਰਤ ਦੇ ਵਿੱਚ ਸਿਰਫ਼ ਤੇ ਸਿਰਫ਼ ਸਮੇਂ ਦੀਆਂ ਸਰਕਾਰਾਂ ਪਟੇਲ ਵਰਗਿਆਂ ਦੀਆਂ 3 ਹਜ਼ਾਰ ਕਰੋੜ ਲਗਾ ਕੇ ਮੂਰਤੀਆਂ ਹੀ ਬਣਾ ਸਕਦੀਆਂ ਹਨ, ਹੋਰ ਕੋਈ ਕੰਮ ਨਹੀਂ। ਵੇਖਿਆ ਜਾਵੇ ਤਾਂ ਭਾਰਤ ਦੇ ਧਾਰਮਿਕ ਸਥਾਨਾਂ 'ਤੇ ਰੋਜ਼ਾਨਾ ਕਰੋੜਾਂ ਰੁਪਏ ਦਾ ਚੜਾਵਾ ਚੜਦਾ ਹੈ, ਪਰ ਇਸ ਚੜਾਵੇ ਨੂੰ ਕਦੇ ਵੀ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਨਹੀਂ ਵਰਤਿਆ ਜਾਂਦਾ।
ਦੱਸ ਦਈਏ ਕਿ ਇਸ ਵੇਲੇ ਕੇਂਦਰ ਦੇ ਵਿੱਚ ਮੋਦੀ ਸਰਕਾਰ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਪਰ ਇਸ ਸਰਕਾਰ ਦੇ ਵੱਲੋਂ ਦੇਸ਼ ਨੂੰ ਅੱਗੇ ਲਿਜਾਣ ਦੇ ਲਈ ਕੱਖ ਵੀ ਨਹੀਂ ਕੀਤਾ ਜਾ ਰਿਹਾ। ਦੇਸ਼ ਦੇ ਅੰਦਰ ਜੀਐਸਟੀ ਅਤੇ ਨੋਟਬੰਦੀ ਕਰਕੇ ਲੋਕਾਂ ਨੂੰ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸੋ, ਦੋਸਤੋਂ, ਆਜ਼ਾਦੀ ਦੇ 72 ਵਰ੍ਹਿਆਂ ਤੋਂ ਬਾਅਦ ਅੱਜ ਫਿਰ ਅੰਗਰੇਜ਼ ਸਰਕਾਰ ਦੀ ਯਾਦ ਆਉਂਦੀ ਹੈ, ਕਿ ਕਾਸ਼ ਅੱਜ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਤਾਂ ਦੇਸ਼ ਦੇ ਅੰਦਰ ਲੋਕਾਂ ਨੂੰ ਹਰ ਸੁਵਿਧਾ ਪ੍ਰਦਾਨ ਹੁੰਦੀ, ਪਰ ਅਫ਼ਸੋਸ....
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।