ਕਿਹੜੀ ਹਵਾ 'ਚ ਉੱਡ ਗਿਆ ਰਾਣੇ ਸੋਢੀ ਦਾ 'ਇੱਕ ਕਰੋੜੀ' ਪੁਲ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 12:40
Reading time: 3 mins, 55 secs

ਤਾਰੀਕ 25 ਮਾਰਚ 2018, ਸਭ ਤੋਂ ਵੱਡਾ ਐਲਾਨ 1 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸਤਲੁਜ ਦਰਿਆ ਉੱਪਰ ਪੁਲ। ਜੀ ਹਾਂ ਦੋਸਤੋਂ, ਇਹ ਬਿਆਨ ਕਿਸੇ ਹੋਰ ਨੇ ਨਹੀਂ, ਬਲਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਹੀ ਦਿੱਤਾ ਗਿਆ ਸੀ। ਦਰਅਸਲ, 25 ਮਾਰਚ 2018 ਸਮੇਂ ਰਾਣਾ ਸੋਢੀ ਨਵੇਂ ਨਵੇਂ ਮੰਤਰੀ ਬਣੇ ਸਨ ਅਤੇ ਉਨ੍ਹਾਂ ਦੇ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ, ਪਰ ਦੁੱਖ ਹੈ ਕਿ ਹੁਣ ਤੱਕ ਕੁਝ ਵੀ ਨਹੀਂ ਹੋ ਸਕਿਆ।

ਰਾਣਾ ਸੋਢੀ ਦੇ ਵੱਲੋਂ ਬਣਾਇਆ ਜਾਣ ਵਾਲਾ ਸਤਲੁਜ ਦਰਿਆ ਦੇ ਉੱਪਰ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪੁਲ, ਪਤਾ ਨਹੀਂ ਕਿਹੜੇ ਹਵਾ ਦੇ 'ਬੁੱਲੇ' ਵਿੱਚ ਕਿਧਰ ਨੂੰ ਉਡ ਗਿਆ? ਦੱਸ ਦਈਏ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ 25 ਮਾਰਚ 2018 ਨੂੰ ਇੱਕ ਸੰਬੋਧਨ ਦੌਰਾਨ ਕਿਹਾ ਸੀ ਕਿ ਹਲਕੇ ਦੇ ਸਰਹੱਦੀ ਖੇਤਰ ਵਿੱਚ ਲੋਕਾਂ ਨੂੰ ਦਰਿਆ ਸਤਲੁਜ ਤੋਂ ਆਰ-ਪਾਰ ਜਾਣ ਦੀ ਸਹੂਲਤ ਪ੍ਰਦਾਨ ਕਰਨ ਲਈ 1 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਾਇਆ ਜਾਵੇਗਾ, ਜਿਸ ਨਾਲ ਸਰਹੱਦੀ ਖੇਤਰ ਦੇ ਵੱਡੀ ਪੱਧਰ ਤੇ ਪਿੰਡਾਂ ਦੇ ਆਮ ਲੋਕਾਂ ਤੇ ਕਿਸਾਨਾਂ ਨੂੰ ਫ਼ਾਇਦਾ ਮਿਲੇਗਾ।

ਇਸ ਬਜਟ ਵਿੱਚ ਇਸ ਲਈ ਫ਼ੰਡ ਵੀ ਰਾਖਵੇਂ ਕਰ ਦਿੱਤੇ ਗਏ ਹਨ। ਦੋਸਤੋਂ, ਜੇਕਰ ਰਾਣਾ ਸੋਢੀ ਦੇ ਬਿਆਨ 'ਤੇ ਨਿਗਾਹ ਮਾਰੀਏ ਤਾਂ ਇਹ ਬਿਲਕੁਲ ਹੀ ਕੋਰਾ ਝੂਠ ਵਿਖਾਈ ਦਿੰਦਾ ਹੈ, ਕਿਉਂਕਿ ਹੁਣ ਤੱਕ ਨਾ ਤਾਂ ਸਤਲੁਜ ਦਰਿਆ ਦੇ ਉੱਪਰ ਪੁਲ ਬਣ ਸਕਿਆ ਹੈ ਅਤੇ ਨਾ ਹੀ ਇਸ ਦੇ ਲਈ ਕੋਈ ਫੰਡ ਜਾਰੀ ਹੋਇਆ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਬੀਤੇ ਦਿਨ ਪਿੰਡ ਚਾਂਦੀਵਾਲਾ ਦੇ ਤਿੰਨੋਂ ਭੈਣ ਭਰਾ ਦਰਿਆ ਵਿੱਚ ਬੇੜੀ ਡੁੱਬਣ ਕਾਰਨ ਮਰ ਗਏ ਅਤੇ ਡੀਸੀ ਮ੍ਰਿਤਕਾਂ ਦੇ ਘਰ ਅਫਸੋਸ ਕਰਨ ਲਈ ਪਹੁੰਚੇ, ਜਿੱਥੇ ਡੀਸੀ ਨੇ ਕਿਹਾ ਕਿ ਸਤਲੁਜ ਦਰਿਆ ਉੱਪਰ ਪੁਲ ਬਣਾਉਣ ਦੇ ਲਈ ਸਰਕਾਰ ਨੂੰ ਸਿਫਾਰਿਸ਼ ਕੀਤੀ ਜਾਵੇ।

ਵੇਖਿਆ ਜਾਵੇ ਤਾਂ ਜੇਕਰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ 1 ਕਰੋੜ ਰੁਪਏ ਸਰਕਾਰ ਦੇ ਵੱਲੋਂ ਪੁਲ ਬਣਾਉਣ ਦੇ ਲਈ ਪੁਆ ਲਿਆ ਗਿਆ ਹੈ ਤਾਂ ਉਹ ਇੱਕ ਕਰੋੜ ਰੁਪਏ ਕਿੱਥੇ ਹੈ? ਕਿਹੜੇ ਦਰਿਆ ਦੇ ਵਿੱਚ ਰੁੜ ਗਿਆ, ਹੁਣ ਤੱਕ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਰਾਣਾ ਨੇ ਤਾਂ ਇਹ ਵੀ ਕਿਹਾ ਸੀ ਕਿ ਇੱਕ ਕਰੋੜ ਰੁਪਏ ਦੇ ਪੁਲ ਬਣਾਉਣ ਦੇ ਲਈ ਫ਼ੰਡ ਰਾਖਵਾਂ ਕਰ ਦਿੱਤਾ ਗਿਆ ਹੈ। ਪਰ ਉਕਤ ਇੱਕ ਕਰੋੜ ਕਿਹੜੇ ਭਾਂਡੇ ਵਿੱਚ ਪਿਆ ਹੈ, ਕੁਝ ਵੀ ਕਿਸੇ ਨੂੰ ਪਤਾ ਨਹੀਂ, ਇੱਥੋਂ ਤੱਕ ਕਿ ਫਿਰੋਜ਼ਪੁਰ ਦੇ ਡੀਸੀ ਵੀ ਇਸ ਬਾਰੇ ਨਹੀਂ ਜਾਣਦੇ।

ਰਾਣਾ ਸੋਢੀ ਦੇ ਵੱਲੋਂ ਬੋਲਿਆ ਗਿਆ 25 ਮਾਰਚ 2018 ਨੂੰ ਝੂਠ ਇਸ ਗੱਲ ਦੀ ਗੁਆਹੀ ਭਰਦਾ ਹੈ ਕਿ ਇਨ੍ਹਾਂ ਲੀਡਰਾਂ ਨੂੰ ਕਿਸੇ ਮਾਂ ਬਾਪ ਦੇ ਧੀ ਪੁੱਤ ਦੀ ਮੌਤ ਦੇ ਨਾਲ ਕੋਈ ਹਮਦਰਦੀ ਨਹੀਂ। ਇਹ ਲੀਡਰ ਤਾਂ ਸਿਰਫ ਤੇ ਸਿਰਫ ਚੰਮ ਦੀਆਂ ਹੀ ਚਲਾਉਂਦੇ ਰਹਿੰਦੇ ਹਨ ਅਤੇ ਕਰਨਾ ਕੁਝ ਵੀ ਨਹੀਂ ਹੁੰਦਾ ਤੇ ਫੋਕੇ ਬਿਆਨ ਦੇ ਕੇ ਹੀ ਸਾਰ ਦਿੰਦੇ ਹਨ। ਵੇਖਿਆ ਜਾਵੇ ਤਾਂ ਜਦੋਂ ਵੀ ਕਿਸੇ ਪਾਰਟੀ ਨੇ ਸੱਤਾ ਵਿੱਚ ਆਉਣਾ ਹੁੰਦਾ ਹੈ ਤਾਂ ਉਹ ਜਨਤਾ ਦੇ ਨਾਲ ਵੰਨੇ ਸੁਵੰਨੇ ਵਾਅਦੇ ਕਰਦੀ ਹੈ ਅਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਜੋ ਉਨ੍ਹਾਂ ਨੂੰ ਵੱਧ ਵੋਟਾਂ ਪੈ ਸਕਣ।

ਪਰ ਜਦੋਂ ਵੋਟਾਂ ਬਟੋਰਨ ਤੋਂ ਬਾਅਦ ਪਾਰਟੀ ਦੇ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਜਨਤਾ ਕੋਲੋਂ ਲਈਆਂ ਵੋਟਾਂ ਦਾ ਮੁੱਲ ਵੀ ਨਹੀਂ ਪਾਉਂਦੀ, ਕਦਰ ਕਰਨੀ ਤਾਂ ਬੜੀ ਦੂਰ ਦੀ ਗੱਲ। ਵੇਖਿਆ ਜਾਵੇ ਤਾਂ ਸਾਡੇ ਦੇਸ਼ ਵਿੱਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਹਰ ਸਰਕਾਰ ਨੇ ਦਾਅਵੇ ਤਾਂ ਬੜੇ ਕੀਤੇ ਹਨ, ਪਰ ਦੁੱਖ ਇਸ ਗੱਲ ਦਾ ਹੈ ਕਿ ਪੂਰੇ ਕੋਈ ਵੀ ਨਹੀਂ ਹੋ ਸਕੇ। ਜਨਤਾ ਦੇ ਵਾਅਦਿਆਂ ਨੂੰ ਪਾਸੇ ਰੱਖ ਕੇ ਹਮੇਸ਼ਾ ਹੀ ਸਰਕਾਰ ਦੇ ਵੱਲੋਂ ਆਪਣੀਆਂ ਹੀ ਸਕੀਮਾਂ ਚਲਾਈਆਂ ਜਾਂਦੀਆਂ ਹਨ ਅਤੇ ਜਨਤਾ ਦੀ ਕਦੇ ਵੀ ਨਹੀਂ ਸੁਣੀ ਜਾਂਦੀ।

ਸੋ ਖੈਰ!! ਪੰਜਾਬ ਦੀ ਗੱਲ ਕਰੀਏ ਤਾਂ ਕਰੀਬ ਢਾਈ ਸਾਲ ਹੋ ਗਏ ਹਨ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਇਆ ਨੂੰ, ਪਰ ਹੁਣ ਤੱਕ ਕਾਂਗਰਸ ਸਰਕਾਰ ਦੇ ਵੱਲੋਂ ਜੋ ਵਾਅਦੇ ਪੰਜਾਬ ਵਾਸੀਆਂ ਦੇ ਨਾਲ ਕੀਤੇ ਸਨ, ਉਹ ਵਾਅਦੇ ਹੁਣ ਤੱਕ ਪੂਰੇ ਨਹੀਂ ਹੋ ਸਕੇ, ਜਿਸ ਦੇ ਕਾਰਨ ਅੱਜ ਹਰ ਵਰਗ ਸੜਕਾਂ 'ਤੇ ਉਤਰ ਕੇ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ। ਸਰਕਾਰ ਦੇ ਵੱਲੋਂ ਜੋ ਵੀ ਵਾਅਦੇ ਜਨਤਾ ਦੇ ਨਾਲ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ।

ਦੱਸ ਦਈਏ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਤਲੁਜ ਦਰਿਆ ਉੱਪਰ ਪੁਲ ਬਣਾਉਣ ਦੇ ਝੂਠੇ ਵਾਅਦੇ ਦੇ ਖਿਲਾਫ ਵੀ ਸਰਹੱਦੀ ਲੋਕਾਂ ਦਾ ਗੁੱਸਾ ਫੁੱਟ ਉੱਠਿਆ ਹੈ ਅਤੇ ਲੋਕ ਰਾਣੇ ਸੋਢੀ ਦਾ ਬਾਈਕਾਟ ਕਰ ਰਹੇ ਹਨ। ਦੂਜੇ ਪਾਸੇ ਵਿਰੋਧੀ ਧਿਰ ਅਕਾਲੀ ਦਲ ਵੀ ਭਾਵੇਂ ਹੁਣ ਲੋਕਾਂ ਨਾਲ ਕਈ ਵਾਅਦੇ ਕਰ ਰਹੀ ਹੈ, ਪਰ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਨੇ ਵੀ ਲੋਕਾਂ ਨਾਲ ਧੋਖਾ ਹੀ ਕਮਾਇਆ ਹੈ। ਜੇਕਰ ਅਕਾਲੀਆਂ ਵਿੱਚ ਭੋਰਾ ਜਨਤਾ ਪ੍ਰਤੀ ਪਿਆਰ ਹੁੰਦਾ ਤਾਂ ਸਤਲੁਜ ਦਰਿਆ ਉੱਪਰ ਪੁਲ ਬਣਾ ਦਿੰਦੇ, ਪਰ ਅਜਿਹਾ ਨਹੀਂ ਹੋ ਸਕਿਆ। ਦੇਖਣਾ ਹੁਣ ਇਹ ਹੋਵੇਗਾ ਕਿ ਕੈਪਟਨ ਸਾਹਿਬ ਕਦੋਂ ਹੁਕਮ ਦਿੰਦੇ ਹਨ ਸਤਲੁਜ ਦਰਿਆ ਉੱਪਰ ਪੁਲ ਬਣਾਉਣ ਦਾ। ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ, ਕਿ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।