'ਨਸ਼ਾ ਮੁਕਤੀ ਦਲ' ਨਸ਼ਿਆਂ ਤੋਂ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ਨੂੰ ਕਰੇਗਾ ਨਸ਼ਾ ਮੁਕਤ

Last Updated: Jun 19 2019 19:29
Reading time: 2 mins, 55 secs

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਨੂੰ ਮੁਕਾਮ 'ਤੇ ਪਹੁੰਚਾਉਣ ਲਈ ਕਪੂਰਥਲਾ ਜ਼ਿਲ੍ਹੇ ਵਿੱਚ ਇਕ ਨਿਵੇਕਲੇ ਉਪਰਾਲੇ ਤਹਿਤ ਵਲੰਟੀਅਰਾਂ ਦੇ ਇਕ 'ਨਸ਼ਾ ਮੁਕਤੀ ਦਲ' ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਜ਼ਿਲ੍ਹੇ ਦੇ ਵੱਧ ਨਸ਼ੇ ਵਾਲੇ ਪਿੰਡਾਂ ਅਤੇ ਕਸਬਿਆਂ ਨੂੰ ਨਸ਼ਾ ਮੁਕਤ ਕਰਨ ਲਈ ਆਪਣਾ ਯੋਗਦਾਨ ਦੇਣਗੇ। ਗਠਿਤ ਕੀਤੇ ਗਏ ਇਸ 'ਨਸ਼ਾ ਮੁਕਤੀ ਦਲ' ਦੇ ਮੈਂਬਰਾਂ ਨੂੰ ਨਸ਼ਿਆਂ ਖਿਲਾਫ਼ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਅਤੇ ਐਸ. ਐਸ.ਪੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਸਿਪਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਇਸ ਸਮਾਗਮ ਵਿੱਚ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਅਤੇ ਏ.ਡੀ.ਜੀ.ਪੀ (ਐਸ.ਟੀ.ਐਫ) ਪੰਜਾਬ ਮੈਡਮ ਗੁਰਪ੍ਰੀਤ ਦਿਓ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। 
 
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇਕਰ ਸਾਰੇ ਲੋਕ ਜਾਤ-ਪਾਤ, ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਹੱਸਦਾ-ਵੱਸਦਾ ਤੇ ਤੰਦਰੁਸਤ ਬਣਾਉਣ ਲਈ ਮਿਲ ਕੇ ਹੰਭਲਾ ਮਾਰਿਆ ਜਾਵੇ। 

ਏ.ਡੀ.ਜੀ.ਪੀ (ਐਸ.ਟੀ.ਐਫ) ਪੰਜਾਬ ਮੈਡਮ ਗੁਰਪ੍ਰੀਤ ਦਿਓ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ਼ ਕਪੂਰਥਲਾ ਵਿੱਚ ਸ਼ੁਰੂ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੂੰ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਅਪਣਾਇਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਰੋਕਣ ਲਈ 'ਕਾਰਵਾਈ, ਨਸ਼ਾ ਮੁਕਤੀ ਅਤੇ ਰੋਕਥਾਮ' ਤਿੰਨ ਪੜਾਈ ਰਣਨੀਤੀ ਅਪਣਾਈ ਗਈ ਹੈ, ਜਿਸ ਤਹਿਤ ਜਿੱਥੇ ਨਸ਼ੇ ਦੇ ਸਮੱਗਲਰਾਂ ਨੂੰ ਫੜਿਆ ਜਾ ਰਿਹਾ ਹੈ, ਉੱਥੇ ਨਸ਼ਾ ਪੀੜਤਾਂ ਦੇ ਇਲਾਜ, ਮੁੜ-ਵਸੇਬੇ ਅਤੇ ਨਸ਼ੇ ਦੀ ਰੋਕਥਾਮ ਲਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੂਬੇ ਵਿੱਚ 176 'ਓਟ' ਕੇਂਦਰ ਖੋਲੇ ਗਏ ਹਨ, ਜਿਸ ਦਾ ਵੱਡਾ ਲਾਭ ਹੋ ਰਿਹਾ ਹੈ। 

ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਕਪੂਰਥਲਾ ਨੂੰ ਸੂਬੇ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ। ਉਨਾਂ ਗਠਿਤ ਕੀਤੇ ਗਏ 'ਨਸ਼ਾ ਮੁਕਤੀ ਦਲ' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਡੈਪੋ' ਵਲੰਟੀਅਰਾਂ ਨੂੰ ਇਸ ਦਲ ਦੇ ਮੈਂਬਰ ਬਣਾਇਆ ਗਿਆ ਹੈ, ਜਿਹੜੇ ਕਿ ਨਸ਼ਿਆਂ ਤੋਂ ਪ੍ਰਭਾਵਿਤ ਜ਼ਿਲ੍ਹੇ ਦੇ 16 ਪਿੰਡਾਂ ਅਤੇ ਕਸਬਿਆਂ ਵਿੱਚ ਗ਼ਲਤ ਅਨਸਰਾਂ 'ਤੇ ਨਜ਼ਰ ਰੱਖਣਗੇ ਅਤੇ ਇਨਾਂ ਦੀ ਸੂਚਨਾ ਪੁਲਿਸ ਨੂੰ ਦੇਣਗੇ, ਜਿਸ ਲਈ ਇਕ ਵਿਸ਼ੇਸ਼ ਵਟਸਐਪ ਗਰੁੱਪ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਇਹ ਸਵੈ-ਇਛੁੱਕ ਵਲੰਟੀਅਰ ਆਪਣੇ ਪਿੰਡਾਂ ਤੇ ਕਸਬਿਆਂ ਦੀ ਨਸ਼ੇ ਤੋਂ ਰਾਖੀ ਕਰਨਗੇ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨਗੇ। 

ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਇਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਪ੍ਰਤੀ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੁਲਿਸ ਨਸ਼ੇ ਦੇ ਖਾਤਮੇ ਲਈ ਦ੍ਰਿੜ ਸੰਕਲਪ ਹੈ, ਪਰੰਤੂ ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਨਿਗਰਾਨੀ ਲਈ ਡੀ.ਐਸ.ਪੀ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। 

ਵਧੀਕ ਸੈਸ਼ਨ ਜੱਜ ਸ੍ਰੀਮਤੀ ਰਾਜਵਿੰਦਰ ਕੌਰ ਨੇ ਨਸ਼ਿਆਂ ਦੀ ਰੋਕਥਾਮ ਸਬੰਧੀ ਕਾਨੂੰਨਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਚਾਨਣਾ ਪਾਇਆ। ਮਨੋਰੋਗਾਂ ਦੇ ਮਾਹਿਰ ਅਤੇ ਨਸ਼ਾ ਛੁਡਾਊ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਨਸ਼ਿਆਂ ਦੇ ਕਾਰਨਾਂ ਅਤੇ ਇਸ ਦੇ ਇਲਾਜ ਸਬੰਧੀ ਤੱਥਾਂ 'ਤੇ ਆਧਾਰਿਤ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੁਨੀਲ ਬਜਾਜ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਏ 'ਬਡੀ' ਪ੍ਰੋਗਰਾਮ ਬਾਰੇ ਪੇਸ਼ਕਾਰੀ ਦਿੱਤੀ। 'ਵਾਈਸ ਆਫ ਸੋਲ' ਨਾਟਕ ਮੰਡਲੀ ਵੱਲੋਂ ਨਸ਼ਿਆਂ ਖਿਲਾਫ਼ ਨਾਟਕ 'ਸਰਹੱਦਾਂ ਹੋਰ ਵੀ ਨੇ' ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਮੰਚ ਸੰਚਾਲਨ ਮੈਡਮ ਸੁਨੀਤਾ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਸਾਬਕਾ ਟ੍ਰਾਂਸਪੋਰਟ ਮੰਤਰੀ ਰਘਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ ਵਰਿੰਦਰ ਪਾਲ ਸਿੰਘ ਬਾਜਵਾ, ਜੈ ਇੰਦਰ ਸਿੰਘ, ਸਕੱਤਰ ਸਿੰਘ ਬੱਲ ਤੇ ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।