ਖੇਡ ਸਟੇਡੀਅਮ ਦੀ ਹਾਲਤ ਸੁਧਾਰਨ ਸੰਬੰਧੀ ਸਪੋਰਟਸ ਕਲੱਬ ਨੇ ਈ.ਓ ਨੂੰ ਸੌਂਪਿਆ ਮੰਗਪੱਤਰ

Last Updated: Jun 19 2019 19:01
Reading time: 1 min, 13 secs

ਨਜ਼ਦੀਕੀ ਸ਼ਹਿਰ ਮਾਛੀਵਾੜਾ ਸਾਹਿਬ 'ਚ ਸਥਿਤ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਸਾਂਭ ਸੰਭਾਲ ਅਤੇ ਸਟੇਡੀਅਮ 'ਚ ਖੇਡਣ ਤੇ ਸੈਰ ਕਰਨ ਆਉਣ ਵਾਲੇ ਲੋਕਾਂ ਦੀ ਸਹੂਲਤਾਂ ਲਈ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਸੰਬੰਧੀ ਦਸ਼ਮੇਸ਼ ਸਪੋਰਟਸ ਕਲੱਬ, ਮਾਛੀਵਾੜਾ ਸਾਹਿਬ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵਫਦ ਵੱਲੋਂ ਨਗਰ ਕੌਂਸਲ ਮਾਛੀਵਾੜਾ ਦੇ ਕਾਰਜ ਸਾਧਕ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਪੋਰਟਸ ਕਲੱਬ ਦੇ ਅਹੁੱਦੇਦਾਰਾਂ ਨੇ ਖੇਡ ਸਟੇਡੀਅਮ 'ਚ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੀ ਮੰਗ ਸੰਬੰਧੀ ਕਾਰਜਸਾਧਕ ਅਫਸਰ ਪੁਸ਼ਪਿੰਦਰ ਕੁਮਾਰ ਨੂੰ ਮੰਗਪੱਤਰ ਸੌਂਪਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਸ਼ਮੇਸ਼ ਸਪੋਰਟਸ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨਾਲ ਕਲੱਬ ਦੇ ਵਫਦ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਖੇਡ ਸਟੇਡੀਅਮ 'ਚ ਕੌਂਸਲ ਵੱਲੋਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗ ਪੱਤਰ 'ਚ ਮੁੱਖ ਤੌਰ ਤੇ ਮੰਗ ਕੀਤੀ ਗਈ ਹੈ ਕਿ ਰੂਟੀਨ 'ਚ ਸਟੇਡੀਅਮ ਦੀ ਸਾਫ ਸਫ਼ਾਈ ਕਰਵਾਈ ਜਾਵੇ, ਖਰਾਬ ਲਾਈਟਾਂ ਦੀ ਰਿਪੇਅਰ, ਗਰਾਊਂਡ 'ਚ ਪਾਣੀ ਦੇ ਪ੍ਰਬੰਧ ਲਈ ਸਬਮਰਸੀਬਲ ਲਗਾਉਣ ਤੋਂ ਇਲਾਵਾ ਸਟੇਡੀਅਮ 'ਚ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਟਾਇਲਟ ਦਾ ਪ੍ਰਬੰਧ ਕੀਤਾ ਜਾਵੇ ਅਤੇ ਜਿੰਮ ਦੀ ਸਾਂਭ ਸੰਭਾਲ ਸਬੰਧੀ ਉਚਿਤ ਕਦਮ ਚੁੱਕੇ ਜਾਣ।

ਕਲੱਬ ਪ੍ਰਧਾਨ ਲਖਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਕਾਰਜ ਸਾਧਕ ਅਫ਼ਸਰ ਨੇ ਉਨਾਂ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਦੇ ਹੋਏ ਵਿਸ਼ਵਾਸ ਦਿਵਾਇਆ ਹੈ ਕਿ ਉਹ ਪਹਿਲ ਦੇ ਅਧਾਰ ਤੇ ਇਨਾਂ ਮੰਗਾਂ ਨੂੰ ਹੱਲ ਕਰਵਾਉਣ ਸੰਬੰਧੀ ਉਪਰਾਲਾ ਕਰਨਗੇ। ਇਸ ਮੌਕੇ ਉਪ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਜਗਜੀਵਨ ਸਿੰਘ, ਟੋਨੀ ਕੋਚ, ਮਨਜੋਤ ਸਿੰਘ, ਕਰਨਦੀਪ ਸਿੰਘ, ਦੀਪ ਸਿੰਘ, ਰਾਜਨ ਕੁਮਾਰ, ਚੈਂਚਲ ਕੁਮਾਰ ਨੀਟਾ ਆਦਿ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।