ਮੁੱਖ ਸਕੱਤਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜ 30 ਸਤੰਬਰ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼

Last Updated: Jun 19 2019 19:02
Reading time: 2 mins, 13 secs

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਹਰ ਹਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇੱਥੇ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਸਕੱਤਰ, ਜਿਨ੍ਹਾਂ ਨਾਲ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰੂਸ਼ਾਰਥਾ ਅਤੇ ਆਈ. ਜੀ. ਨੌਨਿਹਾਲ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ 5 ਤੋਂ 15 ਨਵੰਬਰ ਵਿੱਚਾਲੇ ਸ਼ਰਧਾਲੂਆਂ ਦਾ ਭਾਰੀ ਇਕੱਠ ਹੋਵੇਗਾ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਚੱਲ ਰਹੇ ਸਾਰੇ ਵਿਕਾਸ ਕਾਰਜ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਸਮਾਗਮ ਹਰ ਹਾਲ ਵਿੱਚ ਵਧੀਆ ਤਰਾਂ ਨਾਲ ਮੁਕੰਮਲ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਮੁੱਖ ਸਕੱਤਰ ਨੇ ਕਿਹਾ ਕਿ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਤੇ ਮੁਕੰਮਲ ਕਰਵਾਉਣ ਦੇ ਨਾਲ-ਨਾਲ ਹਰ ਅਧਿਕਾਰੀ-ਕਰਮਚਾਰੀ ਇਹ ਵੀ ਯਕੀਨੀ ਬਣਾਏ ਕਿ ਇਹ ਕੰਮ ਮਿਆਰ ਪੱਖੋਂ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਹੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਵਸਨੀਕਾਂ ਲਈ ਇੱਕ ਵੱਡੇ ਤੋਹਫ਼ੇ ਵਜੋਂ ਸੂਬਾ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਸਥਾਨਕ ਬੇਬੇ ਨਾਨਕੀ ਮੈਮੋਰੀਅਲ ਯੂਨੀਵਰਸਿਟੀ ਕਾਲਜ ਫ਼ਾਰ ਗਰਲਜ਼ ਵਿਖੇ 1 ਜੁਲਾਈ ਤੋਂ ਬੀ. ਸੀ. ਏ. ਅਤੇ ਬੀ. ਕਾਮ. ਵਾਲੇ ਪ੍ਰੋਫੈਸ਼ਨਲ ਕੋਰਸ ਚਾਲੂ ਕੀਤੇ ਜਾਣਗੇ। ਇਸ ਨਾਲ ਇਸ ਇਲਾਕੇ ਦੇ ਪਿੰਡਾਂ ਦੀਆਂ ਧੀਆਂ ਨੂੰ ਮਿਆਰੀ ਸਿੱਖਿਆ ਹਾਸਲ ਕਰਨ ਵਿੱਚ ਇੱਕ ਵੱਡੀ ਸਹੂਲਤ ਹੋਵੇਗੀ। 

ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਦੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਵਿਖੇ 280 ਏਕੜ ਜਮੀਨ ਤੇ 40 ਹਜ਼ਾਰ ਸ਼ਰਧਾਲੂਆਂ ਦੀ ਸਹੂਲਤ ਲਈ ਟੈਂਟ ਸਿਟੀ ਦਾ ਨਿਰਮਾਣ ਕੀਤਾ ਜਾਵੇਗਾ। ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਰੇਲ ਅਤੇ ਸੜਕ ਮਾਰਗ ਰਾਹੀ ਵੀ ਉਚੇਚੇ ਪ੍ਰਬੰਧ ਕੀਤੇ ਜਾਣਗੇ। ਕਰੀਬ 2 ਕਿੱਲੋਮੀਟਰ ਖੇਤਰ ਵਿੱਚ ਕਾਲੀ ਵੇਈਂ ਦੇ ਨਾਲ-ਨਾਲ ਤਾਰ ਲਗਾਉਣ ਦਾ ਪ੍ਰਬੰਧ ਕੀਤਾ ਜੇਵਗਾ ਤਾਂ ਜੋ ਸਮਾਗਮ ਦੌਰਾਨ ਕਿਸੇ ਤਰਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਕਪੂਰਥਲਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਬਾਇਓ ਡਾਇਵਰਸਿਟੀ ਪਾਰਕ 8 ਏਕੜ ਜਮੀਨ ਉੱਤੇ ਬਣਾਇਆ ਜਾਵੇਗਾ ਅਤੇ ਸੁਲਤਾਨਪੁਰ ਲੋਧੀ ਵਿਖੇ ਐਸ. ਡੀ. ਐਮ. ਦਫ਼ਤਰ ਦੇ ਸਾਹਮਣੇ ਨਾਨਕ ਬਗੀਚੀ ਵੀ ਬਣਾਈ ਜਾਵੇਗੀ। ਸਮਾਗਮ ਦੇ ਦੌਰਾਨ ਲਾਈਟ ਅਤੇ ਸਾਊਂਡ ਸ਼ੋਅ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਾਫ-ਸਫਾਈ, ਲੋਕਾਂ ਦੀ ਸਿਹਤ ਅਤੇ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐਸ. ਖਰਬੰਦਾ ਨੇ ਮੁੱਖ ਸਕੱਤਰ ਨੂੰ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵਿਸਤਰਿਤ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਬਬੀਤਾ ਕਲੇਰ, ਕਮਿਸ਼ਨਰ ਨਗਰ ਨਿਗਮ ਫਗਵਾੜਾ ਬਖਤਾਵਰ ਸਿੰਘ, ਉੱਪ ਮੰਡਲ ਮੈਜਿਸਟਰੇਟ ਨਵਨੀਤ ਕੌਰ ਬਲ ਅਤੇ ਹੋਰ ਹਾਜ਼ਰ ਸਨ।