ਪਿੰਡ ਦਾਲਮ ਵਿਖੇ ਰੈਡ ਕਰਾਸ ਤੇ ਯੂਨਾਈਟਿਡ ਵੈਲਫੇਅਰ ਕਲੱਬ ਬਟਾਲਾ ਵੱਲੋਂ ਖੂਨਦਾਨ ਕੈਂਪ, 59 ਨੌਜਵਾਨਾਂ ਨੇ ਖੂਨਦਾਨ ਕੀਤਾ

Last Updated: Jun 19 2019 18:37
Reading time: 1 min, 28 secs

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਯੂਨਾਈਟਿਡ ਵੈਲਫੇਅਰ ਕਲੱਬ ਬਟਾਲਾ ਦੇ ਸਹਿਯੋਗ ਨਾਲ ਅੱਜ ਪਿੰਡ ਦਾਲਮ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰ. ਤਜਿੰਦਰਪਾਲ ਸਿੰਘ ਸੰਧੂ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਯੂਨਾਈਟਿਡ ਵੈਲਫੇਅਰ ਕਲੱਬ ਬਟਾਲਾ ਦੇ ਵਲੰਟੀਅਰਾਂ ਅਤੇ ਆਮ ਲੋਕਾਂ ਵੱਲੋਂ 59 ਯੂਨਿਟ ਖੂਨ ਦਾਨ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਖੂਨਦਾਨ ਬਹੁਤ ਮਹਾਨ ਦਾਨ ਹੈ ਅਤੇ ਖੂਨਦਾਨ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨ ਕਿਸੇ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ ਅਤੇ ਇਹ ਲੋੜ ਪੈਣ 'ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵੱਲੋਂ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਜਾਨ ਬਚਾਉਣ ਬਹੁਤ ਵੱਡਾ ਪਰਉਪਕਾਰ ਹੈ ਅਤੇ ਖੂਨਦਾਨ ਰਾਹੀਂ ਇਸ ਨੇਕ ਕਾਰਜ ਨੂੰ ਕੀਤਾ ਜਾ ਸਕਦਾ ਹੈ। ਸ. ਸੰਧੂ ਨੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ।

ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਜਿਹੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਲੋੜ ਪੈਣ 'ਤੇ ਲੋੜਵੰਦ ਵਿਅਕਤੀਆਂ ਨੂੰ ਖੂਨ ਦਿੱਤਾ ਜਾ ਸਕੇ। ਯੂਨਾਈਟਿਡ ਵੈਲਫੇਅਰ ਕਲੱਬ ਬਟਾਲਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਨੇ ਖੂਨਦਾਨ ਕਰਨ ਵਾਲੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ ਵਿੱਚ ਉਨ੍ਹਾਂ ਨੇ ਆਪਣਾ ਵੱਡਾ ਯੋਗਦਾਨ ਪਾਇਆ ਹੈ।

ਸ. ਦਾਲਮ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲੋਂ ਹਰ ਸਾਲ ਅਜਿਹੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਲੋੜ ਪੈਣ 'ਤੇ ਨੌਜਵਾਨ ਹਸਪਤਾਲ ਜਾ ਕੇ ਵੀ ਖੂਨਦਾਨ ਕਰਦੇ ਰਹਿੰਦੇ ਹਨ। ਇਸ ਮੌਕੇ ਐੱਸ.ਐੱਮ.ਓ. ਬਟਾਲਾ ਡਾ. ਸੰਜੀਵ ਕੁਮਾਰ ਭੱਲਾ, ਡਾ. ਪ੍ਰਿਆਗੀਤ ਬੀ.ਟੀ.ਓ. ਬਲੱਡ ਬੈਂਕ ਬਟਾਲਾ, ਸੰਦੀਪ ਗੋਇਲ, ਗੁਰਸਿਮਰਨ ਸਿੰਘ, ਦਾਨਿਸ ਚੌਧਰੀ ਅਤੇ ਪਿੰਡ ਦਾਲਮ ਦੇ ਲੋਕ ਵੀ ਹਾਜ਼ਰ ਸਨ।