ਕੀ ਘੱਟ ਬਿਜਲੀ ਬਾਲ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲ ਸਕੇਗਾ ਰੋਜ਼ਗਾਰ...? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 17:50
Reading time: 2 mins, 33 secs

ਸੂਬੇ ਅੰਦਰ ਸਾਲ-2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪ੍ਰਦੇਸ਼ 'ਚ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਸਰਕਾਰ ਬਣਨ 'ਤੇ ਹਰੇਕ ਘਰ 'ਚ ਇੱਕ ਨੌਕਰੀ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਕਾਂਗਰਸ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਲੀ-ਮੁਹੱਲਿਆਂ 'ਚ ਕੈਂਪ ਲਗਾ ਕੇ ਬੇਰੁਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਦੀ ਨੌਕਰੀ ਸਬੰਧੀ ਰਜਿਸਟਰੇਸ਼ਨ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਫ਼ੋਟੋ ਲੱਗੇ ਰਜਿਸਟਰੇਸ਼ਨ ਕਾਰਡ ਵੰਡੇ ਗਏ ਸਨ, ਜੋ ਕਿ ਸਰਕਾਰ ਬਣਨ ਦੇ ਦੋ ਸਾਲ ਬੀਤ ਜਾਣ ਬਾਦ ਵੀ ਬੇਰੁਜ਼ਗਾਰਾਂ ਨੂੰ ਮੂੰਹ ਚਿੜਾ ਰਹੇ ਹਨ। ਸਰਕਾਰੀ ਵਿਭਾਗਾਂ 'ਚ ਨੌਕਰੀਆਂ ਦੀ ਘਾਟ ਹੋਣ ਦੇ ਚੱਲਦੇ ਸਰਕਾਰ ਵੱਲੋਂ ਮੈਗਾ-ਜਾਬ ਫੇਅਰ ਲਗਾ ਕੇ ਪੜੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ 'ਚ ਨੌਕਰੀਆਂ ਲਗਵਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਬਾਵਜੂਦ, ਇਸ ਦੇ ਸਰਕਾਰੀ ਰੋਜ਼ਗਾਰ ਮੇਲਿਆਂ ਦੀ ਫ਼ੂਕ ਨਿਕਲਦੀ ਤਾਂ ਸੂਬੇ ਦੇ ਲੋਕਾਂ ਨੇ ਆਮ ਦੇਖੀ ਹੈ।

-ਹੁਣ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਕਰਵਾਉਣ ਸਬੰਧੀ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਸਰਕਾਰ ਨੇ ਸੂਬੇ 'ਚ ਬਿਜਲੀ ਦੀ ਖਪਤ ਘਟਾਉਣ ਪ੍ਰਤੀ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਘੱਟ ਬਿਜਲੀ ਬਾਲਣ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਬੇਰੁਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਸਕੀਮ ਹੋਂਦ 'ਚ ਲਿਆਂਦੀ ਗਈ ਹੈ। ਹੁਣ ਆਉਂਦੇ ਸਮੇਂ 'ਚ ਇਹ ਦੇਖਣਾ ਹੋਵੇਗਾ ਕਿ ਇਸ ਸਕੀਮ ਦਾ ਵੀ ਹਸ਼ਰ, ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਸਬੰਧੀ ਪਹਿਲਾਂ ਸ਼ੁਰੂ ਕੀਤੀਆਂ ਸਰਕਾਰੀ ਸਕੀਮਾਂ ਅਜਿਹਾ ਹੀ ਹੋਵੇਗਾ? ਇਸ ਦਾ ਨਤੀਜਾ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਸਕੇਗਾ। ਪਰ, ਸਰਕਾਰ ਵੱਲੋਂ ਇੱਕ ਪੰਥ, ਦੋ ਕਾਜ ਵਾਲਾ ਕਾਰਡ ਖੇਡਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਪ੍ਰੰਤੂ ਲੋਕਾਂ ਦੇ ਜ਼ਿਹਨ ਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਕੀ ਘੱਟ ਬਿਜਲੀ ਬਾਲ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ?

-ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰਦੇਸ਼ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਦਿਸ਼ਾ ਵੱਲ ਕਦਮ ਵਧਾਉਂਦੇ ਹੋਏ ਨਵੀਂ ਸਕੀਮ ਲਿਆਂਦੀ ਗਈ ਹੈ ਕਿ ਜਿਹੜੇ ਪਰਿਵਾਰਾਂ ਦੀ ਘਰੇਲੂ ਬਿਜਲੀ ਖਪਤ ਪ੍ਰਤੀ ਮਹੀਨਾ 200 ਯੂਨਿਟ ਜਾਂ ਇਸ ਤੋਂ ਘੱਟ ਹੋਵੇਗੀ, ਉਨ੍ਹਾਂ ਪਰਿਵਾਰਾਂ ਨਾਲ ਸੰਬੰਧਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪਹਿਲ ਦੇ ਆਧਾਰ ਤੇ ਤਰਜ਼ੀਹ ਦਿੱਤੀ ਜਾਵੇਗੀ। ਇਸ ਦੇ ਲਈ ਸੰਬੰਧਿਤ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸਥਾਪਿਤ ਕੀਤੇ ਗਏ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ 'ਚ ਆਪਣੇ ਸਰਟੀਫਿਕੇਟ ਅਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ।  

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਮੁੱਖ ਕਾਰਜਕਾਰੀ ਅਫ਼ਸਰ ਅਤੇ ਅਸਿਸਟੈਂਟ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਘਰ-ਘਰ ਰੋਜ਼ਗਾਰ ਮੁਹਿੰਮ ਅਧੀਨ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਉਣ ਸਬੰਧੀ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਪਰਿਵਾਰਾਂ ਦੀ ਘਰੇਲੂ ਬਿਜਲੀ ਖਪਤ ਪ੍ਰਤੀ ਮਹੀਨਾ 200 ਯੂਨਿਟ ਜਾਂ ਇਸ ਤੋਂ ਘੱਟ ਹੈ। ਇਸ ਸਬੰਧੀ ਜਨਰਲ ਵਰਗ ਨਾਲ ਸੰਬੰਧਿਤ ਨੌਜਵਾਨਾਂ ਦੀ ਉਮਰ 18 ਤੋਂ 35 ਸਾਲ ਅਤੇ ਰਾਖਵੀਂਆਂ ਸ਼੍ਰੇਣੀਆਂ (ਐਸ.ਸੀ, ਬੀ.ਸੀ ਅਤੇ ਦਿਵਿਆਂਗਾਂ) ਲਈ ਉਮਰ 18 ਤੋਂ 45 ਸਾਲ ਹੋਣੀ ਜ਼ਰੂਰੀ ਹੈ।

ਏ.ਡੀ.ਸੀ ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਅਜਿਹੇ ਪਰਿਵਾਰਾਂ ਨਾਲ ਸਬੰਧਿਤ ਨੌਜਵਾਨ ਕਿਸੇ ਵੀ ਕੰਮਕਾਜ ਵਾਲੇ ਦਿਨ ਆਪਣੇ ਅਸਲ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬਿਜਲੀ ਦਾ ਬਿੱਲ ਅਤੇ ਹੋਰ ਦਸਤਾਵੇਜ਼ਾਂ ਦੀਆਂ ਫ਼ੋਟੋ ਕਾਪੀਆਂ ਨਾਲ ਲਿਆ ਕੇ ਆਪਣੇ ਨਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦਰਜ ਕਰਵਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ।