"ਸ਼ਾਇਦ ਕਿਸੇ ਦੇ ਕੰਮ ਆਵੇ"

Last Updated: Jun 19 2019 16:27
Reading time: 2 mins, 33 secs

ਅਸੀਂ ਕੁੜੀਆਂ ਬੜੇ ਹੌਲੇ ਦਿਲਾਂ ਦੀ ਹੁੰਦੀਆਂ, ਖਾਸਕਰ ਜਦੋਂ ਵਿਆਹੀਆਂ ਜਾਂਦੀਆਂ, ਆਪਣੇ ਘਰੋਂ ਜਦੋਂ ਤੁਰਦੀਆਂ ਹਾਂ ਬਹੁਤੇ ਸਾਰੇ ਚਾਅ ਤੇ ਰੀਝਾਂ ਗੰਢ ਮਾਰ ਲੈਂਦੀਆਂ ਹਾਂ ਦੁਪੱਟੀਆਂ ਨਾਲ।
ਪਰ ਸੱਚ ਤੇ ਸੁਪਨਿਆਂ 'ਚ ਫਰਕ ਕਰਨਾ ਨਹੀਂ ਜਾਣਦੀਆਂ। ਜਿੰਨਾਂ ਦੇ ਲੜ ਲੱਗਦੀਆਂ ਹਾਂ ਉਨ੍ਹਾਂ ਨੂੰ ਉਹੀ ਸੁਪਨਿਆਂ ਦੇ ਰਾਜਕੁਮਾਰ ਸਮਝ-ਸਮਝ ਚਾਅ ਤੇ ਲਾਡ ਹੀ ਭਾਲਦੀਆਂ ਰਹਿੰਦੀਆਂ ਹਾਂ। ਉਨ੍ਹੇਂ ਮਾੜਾ ਜਿਹਾ ਕੁੱਝ ਕਹਿ ਦਿੱਤਾ, ਸੱਸ ਨੇ ਮਾੜਾ ਜਿਹਾ ਟੋਕ ਦਿੱਤਾ, ਨਣਦ ਨੇ ਰਤਾ ਸਾਡੇ ਨਾਲੋਂ ਭੋਰਾ ਵੱਧ ਖਰੀਦ ਲਿਆ, ਸਹੁਰੇ ਨੇ ਜਰਾ ਕਰੁਖਤ ਬੋਲ ਦਿੱਤਾ, ਬਸ ਡੋਲ ਜਾਂਦੀਆਂ ਹਾਂ ਉਦੋਂ ਹੀ। ਝੱਟ ਫੋਨ ਪੇਕਿਆਂ ਨੂੰ, ਕਈ ਅੱਗ ਤੇ ਪਾਣੀ ਪਾਉਣ ਵਾਲੇ ਹੁੰਦੇ ਨੇ ਤੇ ਕਈ ਘੀ, ਬਸ ਫਿਰ ਰਿਸ਼ਤਿਆਂ ਦੇ ਭਾਂਬੜ ਪਲ 'ਚ ਬਲ ਉੱਠਦੇ ਨੇ। ਸਿਰ ਦਾ ਸਾਈਂ ਏ ਭਾਈ ਜੇ ਨਖਰੇ ਉਠਾਉਂਦਾ ਤਾਂ ਘੂਰ ਵੀ ਸਕਦਾ ਕਿਹੜਾ ਪਹਾੜ ਢਹਿੰਦਾ? ਸੱਸ ਨੇ ਰਤਾ ਟੋਕ ਦਿੱਤਾ ਤਾਂ ਕਿਹੜਾ ਗਹਿਣੇ ਲਹਿ ਜਾਣੇ ਨੇ, ਉਹਦਾ ਘਰ ਉਹਨੇਂ ਸਾਰੀ ਉਮਰ ਕਮਾਇਆ, ਰਤਾ ਰੋਹਬ ਦੀ ਹੱਕਦਾਰ ਏ ਉਹ। ਜਦੋਂ ਆਪ ਕੱਲ ਨੂੰ ਨਵੀਂ ਆਈ ਨੂੰ ਘਰ ਸੰਭਾਲਣਾ ਆਪਾਂ ਇੰਨੀਂ ਕੁ ਤਕਲੀਫ਼ ਤਾਂ ਆਪਾਂ ਨੂੰ ਵੀ ਹੋਣੀ ਏ। ਮਾਂ ਬਾਰੇ ਸੋਚ ਲਿਆ ਕਰੋ, ਉਹਦੇ ਤੋਂ ਤਾਂ ਕਈ ਵਾਰ ਚਪੇੜਾਂ ਵੀ ਖਾਧੀਆਂ ਤੇ ਵੀ ਗੁੱਸਾ ਨਹੀਂ ਆਇਆ ਹੋਣਾ ਸ਼ਾਇਦ। ਸਹੁਰੇ ਬਾਰੇ ਸੋਚਕੇ ਇਹ ਸੋਚਿਆ ਕਰੋ ਕਿ ਆਪਣਾ ਬਾਪੂ ਕਿੰਨੀਆਂ ਹਦਾਇਤਾਂ ਲਾਉਂਦਾ ਸੀ। ਕਦੀ ਕਦੀ ਅਸੀਂ ਉਨ੍ਹਾਂ ਨੂੰ ਕਬੂਲਣ ਤੋਂ ਪਹਿਲਾਂ ਇਹੀ ਉਮੀਦ ਕਰ ਬੈਠਦੀਆਂ ਹਾਂ ਕਿ ਉਹ ਸਾਨੂੰ ਪਹਿਲਾਂ ਕਬੂਲਣ ਤੇ ਆਪਣੀ ਕੋਸ਼ਿਸ਼ ਛੱਡ ਦਿੰਦੇ ਹਾਂ ਉਨ੍ਹਾਂ ਨੂੰ ਆਪਣਾ ਬਣਾਉਣ ਦੀ।
ਘਰ 'ਚ ਕੋਈ ਨਵੀਂ ਚੀਜ਼ ਲਿਆਈਏ ਚਾਰ ਕੁ ਦਿਨ ਤਾਂ ਉਹ ਵੀ ਓਪਰੀ ਲੱਗਦੀ ਏ, ਇਸ ਤਰ੍ਹਾਂ ਉਸ ਘਰ ਨੂੰ ਵੀ ਸਾਡੀ ਆਦਤ ਹੌਲੀ ਹੌਲੀ ਪੈਂਦੀ ਏ। ਪਹਿਲਾਂ ਉਨ੍ਹਾਂ ਦੀਆਂ ਆਦਤਾਂ ਸਮਝੋ, ਫਿਰ ਆਪਣੀ ਸਮਝ ਮੁਤਾਬਿਕ ਉਨ੍ਹਾਂ ਅੱਗੇ ਆਪਣੀ ਕਾਬਲੀਅਤ ਦਿਖਾਓ।ਮਾੜੀ-ਮਾੜੀ ਗੱਲ ਤੇ ਪੇਕਿਆਂ ਨੂੰ ਕੀਤੇ ਫੋਨ ਤੁਹਾਡੇ ਜੇਰੇ ਨੂੰ ਕਮਜ਼ੋਰ ਕਰਦੇ ਨੇ। ਮਾਂ ਪਿਓ ਨੇ ਜੇ ਵੀਹ-ਪੱਚੀਆਂ ਸਾਲਾਂ ਦੀ ਕਰਕੇ ਧੀ ਵਿਆਹੀ ਏ ਤਾਂ ਉਸਨੂੰ ਸਮਝਦਾਰੀ ਨਾਲ ਆਪਣਾ ਘਰ ਸੰਭਾਲਣ ਦਾ ਹੌਸਲਾ ਦਿਓ, ਦਖਲਅੰਦਾਜ਼ੀਆਂ ਵਰਗੀਆਂ ਬੇਵਕੂਫੀਆਂ ਨਾਂ ਕਰੋ,
ਸੱਸ ਦਾ ਸੁਭਾਅ ਮਾੜਾ, ਫਲਾਣੇ ਰਿਸ਼ਤੇਦਾਰ ਨੇ ਮੈਨੂੰ ਇਹ ਕਹਿ ਦਿੱਤਾ, ਉਸ ਪ੍ਰੋਗਰਾਮ ਤੇ ਮੈਨੂੰ ਇਹੋ ਜਿਹਾ ਸੂਟ ਨਹੀਂ ਜੁੜਿਆ, ਫਲਾਣੇ ਨੂੰ ਇਹ ਪ੍ਰੋਗਰਾਮ ਇੰਝ ਮਨਾਏ, ਤੂੰ ਕੀ ਕੀਤਾ? ਤੇਰੇ ਮਾਂ ਪਿਓ ਮੇਰੇ ਲਈ ਕੀ ਕੀਤਾ? ਇਹੋ ਜਿਹੇ ਸ਼ਿਕਵੇ ਜ਼ਿੰਦਗੀ 'ਚ ਕੁੜੱਤਣ ਭਰਦੇ ਨੇ। ਉਹਨੇਂ ਇਹ ਕੰਮ ਨਹੀਂ ਕੀਤਾ, ਸਾਰਾ ਕੰਮ ਮੈਂ ਕਰਦੀ ਹਾਂ, ਇਹ ਗੱਲਾਂ ਤੁਹਾਡੇ ਨਿਕੰਮੇਪਣ ਦੀਆਂ ਨਿਸ਼ਾਨੀਆਂ ਨੇ, ਕੰਮ ਤੇ ਕਿਰਤ ਤਾਂ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਏ। ਇੰਨਾ ਛੋਟਿਆਂ ਸ਼ਿਕਵਿਆਂ ਨਾਲ ਨੀਵੇਂ ਨਾ ਹੋਇਆ ਕਰੋ। ਸਬਰ ਦਾ ਪੱਲਾ ਫੜਕੇ ਸਭ ਨੂੰ ਆਪਣਾ ਬਣਾਉਣ 'ਚ ਜੁਟ ਜਾਓ। ਮੰਨਦੀ ਹਾਂ ਦਿਲ ਭਰ ਜਾਂਦਾ ਕਦੀ, ਕੌੜੇ ਬੋਲ ਤੋੜ ਵੀ ਦਿੰਦੇ ਨੇ, ਮਿਜ਼ਾਜ ਸਮਝੋਂ ਬਾਹਰ ਹੁੰਦੇ ਨੇ, ਬੇਗਾਨਗੀ ਦੇ ਅਹਿਸਾਸ ਹੁੰਦਾ, ਪਰ ਕਿੱਥੇ ? ਇਹ ਸੋਚੋ ਮੇਰੇ ਆਪਣੇ ਘਰ।
ਸਿਆਣੇਂ ਕਹਿੰਦੇ ਨੇ ਜੇ ਕੋਈ ਤੁਹਾਡੀ ਨੀ ਮੰਨਦਾ, ਉਹਦੀ ਮੰਨ ਲਿਓ, ਰਿਸ਼ਤੇ ਇੰਨੇਂ ਵੀ ਔਖੇ ਨੀ ਨਿਭਾਉਣੇ ਜਿੰਨੇ ਅਸੀਂ ਬਣਾ ਲਏ। ਸ਼ੁਰੂ-ਸ਼ੁਰੂ 'ਚ ਸਾਰਿਆਂ ਨੂੰ ਮੁਸ਼ਕਿਲਾਂ ਆਉਂਦੀਆਂ ਨੇ ਪਰ ਸਮੇਂ ਨਾਲ ਸਭ ਬਦਲਦਾ ਏ। ਇਸ ਲਈ ਰਿਸ਼ਤਿਆਂ ਨੂੰ ਵਕਤ ਦਿਓ, ਸੋਚੋ ਇਹ ਤਾਂ ਗੱਲ ਹੀ ਕੋਈ ਨਹੀਂ। ਬਾਕੀ ਮੈਂ ਤੁਹਾਡੇ 'ਚੋਂ ਹੀ ਹਾਂ ਪਰ ਵਕਤ ਨਾਲ ਹੌਲੀ ਹੌਲੀ ਬੜਾ ਕੁੱਝ ਸਿੱਖਿਆ ਏ।
ਪੜ੍ਹੀਆਂ ਲਿਖੀਆਂ ਸਿਆਣੀਆਂ ਧੀਆਂ ਹੋ, ਜੇਰਾ ਰੱਖਿਆ ਕਰੋ। ਇੱਕ ਦਿਨ ਸਭ ਨੇ ਤੁਹਾਡੇ ਹੋ ਜਾਣਾ ਬਸ। ਇਹੋ ਦੁਆਵਾਂ ਨੇ ਮੇਰੇ ਵੱਲੋਂ।