ਸਤਲੁਜ ਦਰਿਆ 'ਤੇ ਬਣੇ 60 ਕਿੱਲੋਮੀਟਰ ਲੰਬੇ ਬੰਨ੍ਹ ਦਾ ਡੀਸੀ ਨੇ ਲਿਆ ਜਾਇਜ਼ਾ

Last Updated: Jun 19 2019 15:14
Reading time: 2 mins, 14 secs

ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸਤਲੁਜ ਦਰਿਆ 'ਤੇ ਸਥਿਤ ਸੰਵੇਦਨਸ਼ੀਲ ਇਲਾਕਿਆਂ ਅਤੇ ਬੰਨ੍ਹਾਂ ਦਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੌਰਾ ਕੀਤਾ। ਸਵੇਰੇ 8 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਡੀਸੀ ਨੇ ਗਿਦੜਪਿੰਡੀ ਸਥਿਤ ਧੁੱਸੀ ਬੰਨ੍ਹਾਂ ਤੋਂ ਲੈ ਕੇ ਮਮਦੋਟ ਇਲਾਕੇ ਤੱਕ ਕਰੀਬ 60 ਕਿੱਲੋਮੀਟਰ ਲੰਬੇ ਬੰਨ੍ਹਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਹ ਸੰਵੇਦਨਸ਼ੀਲ ਪਿੰਡਾਂ 'ਚ ਵੀ ਪਹੁੰਚੇ ਅਤੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਗਿੱਦੜਪਿੰਡੀ ਸਥਿਤ ਬੰਨਾ ਦਾ ਦੌਰਾ ਕੀਤਾ। ਇਹ ਬੰਨ੍ਹ ਦਾ ਕੁੱਝ ਹਿੱਸਾ ਰੇਲ-ਰੋਡ ਬ੍ਰਿਜ ਨਾਲ ਸਬੰਧਿਤ ਹੈ, ਜਿਸ ਦੀ ਦੇਖਭਾਲ ਦਾ ਕੰਮ ਰੇਲਵੇ ਵਿਭਾਗ ਕੋਲ ਹੈ। 

ਪਿੰਡ ਲਾਲੂਵਾਲਾ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਹ ਬੰਨ੍ਹ ਕਾਫ਼ੀ ਕਮਜ਼ੋਰ ਹੋ ਚੁੱਕਿਆ ਹੈ, ਜਿਸ ਨੂੰ ਪੱਕਾ/ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਡਿਪਟੀ ਕਮਿਸ਼ਨਰ ਨੇ ਮੌਕੇ 'ਤੇ ਹੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਬੰਨ੍ਹ ਨੂੰ ਬਰਸਾਤੀ ਮੌਸਮ ਤੋਂ ਪਹਿਲਾਂ ਮਜ਼ਬੂਤ ਕਰਨ ਲਈ ਕਿਹਾ। ਪਿੰਡ ਦੇ ਲੋਕਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਰੇਲਵੇ ਅਧਿਕਾਰੀਆਂ ਦੀ ਮਦਦ ਕਰਨ ਦੀ ਵੀ ਪੇਸ਼ਕਸ਼ ਕੀਤੀ, ਜਿਸ ਦੇ ਬਾਰੇ ਡਿਪਟੀ ਕਮਿਸ਼ਨਰ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਪਿੰਡ ਮਹਮੂਦਵਾਲਾ, ਪਿੰਡ ਭੂਪੇਵਾਲਾ, ਹਰੀਕੇ, ਪਿੰਡ ਦੀਨੇਕਾ, ਕਸੋਕੇ, ਮੁਠੀਆਂ ਵਾਲਾ, ਹੁਸੈਨੀਵਾਲਾ ਬਾਰਡਰ ਸਥਿਤ ਬਣੇ ਪਿੰਡਾਂ ਸਮੇਤ ਮਮਦੋਟ ਦੇ ਇਲਾਕਿਆਂ ਦਾ ਦੌਰਾ ਕੀਤਾ।
 
ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਥਾਵਾਂ 'ਤੇ ਨਿਰੀਖਣ ਕਰਨ ਤੋਂ ਬਾਅਦ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਮਿੱਟੀ ਦੇ ਕਟਾਵ ਨੂੰ ਰੋਕਣ ਲਈ ਸਟੱਡ ਲਗਾਉਣ ਦਾ ਨਿਰਦੇਸ਼ ਦਿੱਤਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਬਰਸਾਤੀ ਮੌਸਮ ਵਿਚ ਖ਼ਾਸ ਤੌਰ 'ਤੇ ਸਤਰਕ ਰਹਿਣ ਲਈ ਕਿਹਾ ਅਤੇ ਰਾਤ ਨੂੰ ਠੀਕਰੀ ਪਹਿਰਾ ਲਗਾ ਕੇ ਦਰਿਆ ਦੇ ਜਲ ਸਤਰ ਤੇ ਨਜ਼ਰ ਰੱਖਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਮੌਸਮ 'ਚ ਬਾੜ ਪ੍ਰਬੰਧਾਂ ਦੇ ਮੱਦੇਨਜ਼ਰ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ 'ਤੇ ਜ਼ਰੂਰਤ ਪੈਣ ਤੇ ਕੋਈ ਵੀ ਵਿਅਕਤੀ ਸੂਚਨਾ ਦੇ ਸਕਦਾ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਜ਼ਰੂਰਤ ਪੈਣ ਤੇ ਬਚਾਅ ਕੰਮਾਂ ਲਈ ਤਿਆਰ ਰਹਿਣ ਅਤੇ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਰੱਖਣ ਲਈ ਕਿਹਾ। 

ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੁਦਰਤੀ ਆਪਦਾ ਪ੍ਰਬੰਧਾਂ ਨਾਲ ਸਬੰਧਿਤ ਆਪਣੀ ਐਕਸ਼ਨ ਪਲਾਨ ਦੀ ਰਿਪੋਰਟ ਦੇਣ ਲਈ ਕਿਹਾ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦਰਿਆ 'ਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਰਸਾਤੀ ਮੌਸਮ ਵਿਚ ਖ਼ਾਸ ਤੌਰ 'ਤੇ ਸਾਵਧਾਨੀ ਵਰਤਣ ਅਤੇ ਦਰਿਆ ਵਿਚ ਉੱਤਰਨ ਤੇ ਪਰਹੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਵਿਚ ਜਲ ਸਤਰ ਵਧਣ ਤੇ ਉੱਥੋਂ ਸਤਲੁਜ ਦਰਿਆ ਵਿਚ ਪਾਣੀ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਦਰਿਆ ਦਾ ਜਲ ਸਤਰ ਅਚਾਨਕ ਵੱਧ ਜਾਂਦਾ ਹੈ। ਇਸ ਲਈ ਦਰਿਆ ਤੇ ਸਥਿਤ ਪਿੰਡਾਂ ਅਤੇ ਦਰਿਆ 'ਚ ਜਾ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਖ਼ਾਸ ਤੌਰ 'ਤੇ ਸਤਰਕ ਰਹਿਣ ਦੀ ਲੋੜ ਹੈ। ਇਸ ਮੌਕੇ ਐਸਡੀਐਮ ਫ਼ਿਰੋਜ਼ਪੁਰ ਅਮਿਤ ਗੁਪਤਾ, ਐਸਡੀਐਮ ਜ਼ੀਰਾ ਨਰਿੰਦਰ ਸਿੰਘ, ਐਕਸੀਅਨ ਸੰਦੀਪ ਗੋਇਲ, ਤਹਿਸੀਲਦਾਰ ਮਨਜੀਤ ਸਿੰਘ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਐਸਡੀਓ ਸੁਰਿੰਦਰ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।