ਕਾਂਗਰਸ 'ਤੇ ਲੱਗੇ ਜਿਮਨੀ ਚੋਣਾਂ ਲੇਟ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ, ਆਪ ਵੱਲੋਂ ਅਦਾਲਤ ਜਾਣ ਦੀ ਧਮਕੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 13:32
Reading time: 1 min, 27 secs

ਪੰਜਾਬ ਦੇ 'ਚ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਇਸ ਸਮੇਂ ਵਿਧਾਇਕ ਅਹੁਦਾ ਛੱਡ ਕੇ ਅਸਤੀਫ਼ੇ ਦੀ ਪੇਸ਼ਕਸ਼ ਕਰ ਚੁੱਕੇ ਹਨ ਪਰ ਹਾਲੇ ਤੱਕ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਵਿਧਾਇਕੀ ਰੱਦ ਨਹੀਂ ਹੋਈ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਦੇ ਵੱਲੋਂ ਜਾਣਬੁੱਝ ਕੇ ਇਹ ਅਸਤੀਫ਼ੇ ਮਨਜ਼ੂਰ ਕਰਨ ਅਤੇ ਕਾਰਵਾਈ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਦਾਖਾਂ ਤੋਂ ਆਪ ਵਿਧਾਇਕ ਐੱਚ.ਐੱਸ.ਫੂਲਕਾ ਨੇ ਕਈ ਮਹੀਨੇ ਤੋਂ ਅਸਤੀਫ਼ਾ ਦਿੱਤਾ ਹੋਇਆ ਪਰ ਇਹ ਹੁਣ ਵੀ ਮਨਜ਼ੂਰ ਨਹੀਂ ਹੋਇਆ। ਇਸੇ ਤਰ੍ਹਾਂ ਆਪ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਭੁਲੱਥ ਹਲਕੇ ਤੋਂ ਅਸਤੀਫ਼ਾ ਦਿੱਤਾ ਹੈ। ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਦੇ ਵੱਲੋਂ ਵੀ ਕਾਂਗਰਸ ਦਾ ਪੱਲਾ ਫੜ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਅਸਤੀਫ਼ੇ ਵੀ ਹਾਲੇ ਮਨਜ਼ੂਰ ਨਹੀਂ ਹੋਏ। ਇਸੇ ਤਰਾਂ ਜੈਤੋ ਤੋਂ ਆਪ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਖ਼ਿਲਾਫ਼ ਵੀ ਦਲਬਦਲੂ ਕਾਰਵਾਈ ਹੋਣੀ ਹੈ ਪਰ ਉਨ੍ਹਾਂ ਖ਼ਿਲਾਫ਼ ਵੀ ਹਾਲੇ ਤੱਕ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਅਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਦੇ ਵੱਲੋਂ ਸਾਂਸਦ ਬਣਨ ਦੇ ਬਾਅਦ ਆਪਣੇ ਅਹੁਦੇ ਖ਼ਾਲੀ ਕਰ ਦਿੱਤੇ ਗਏ ਹਨ ਅਤੇ ਇੱਥੇ ਨਵੰਬਰ ਅੰਤ ਤੱਕ ਚੋਣ ਹੋਣੀ ਜ਼ਰੂਰੀ ਹੈ। ਦੂਜੇ ਪਾਸੇ ਆਪ ਅਤੇ ਕੁਝ ਹੋਰ ਰਾਜਨੀਤਿਕ ਮਾਹਿਰ ਕਹਿ ਰਹੇ ਹਨ ਕੇ ਕਾਂਗਰਸ ਦੇ ਵੱਲੋਂ ਬਾਕੀ ਪੰਜ ਹਲਕਿਆਂ ਨੂੰ ਜਾਣਬੁੱਝ ਲਮਕਾਅ ਕੇ ਚੋਣਾਂ ਨੂੰ ਇਹ ਦੋ ਜਿਮਨੀ ਚੋਣਾਂ ਦੇ ਬਾਅਦ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਫ਼ਿਲਹਾਲ ਇਨ੍ਹਾਂ ਪੰਜ ਵਿਧਾਇਕਾਂ ਨੂੰ ਸਪੀਕਰ ਦੇ ਵੱਲੋਂ ਅਗਲੇ ਮਹੀਨੇ ਬੁਲਾਇਆ ਗਿਆ ਹੈ ਜੇਕਰ ਉਸ ਸਮੇਂ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਅਸਤੀਫ਼ੇ ਹਾਲੇ ਕੁਝ ਹੋਰ ਸਮਾਂ ਵੀ ਲਮਕ ਸਕਦੇ ਹਨ। ਆਮ ਆਦਮੀ ਪਾਰਟੀ ਦੇ ਵੱਲੋਂ ਇਨ੍ਹਾਂ ਅਸਤੀਫ਼ਿਆਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਅਦਾਲਤ ਪਹੁੰਚ ਕਰਨ ਦੀ ਵੀ ਗੱਲ ਕੀਤੀ ਜਾਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।