2 ਸਾਲਾ ਹਰਮਨ ਦੀ ਛੱਪੜ 'ਚ ਡੁੱਬਣ ਕਰਕੇ ਮੌਤ, ਸਰਕਾਰ ਨੇ ਫ਼ਤਿਹ ਵੀਰ ਮਾਮਲੇ ਤੋ ਨਹੀਂ ਲਿਆ ਸਬਕ ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 14:27
Reading time: 3 mins, 21 secs

ਬੇਸ਼ੱਕ ਸਰਕਾਰ ਨੇ ਭਗਵਾਨਪੁਰਾ ਘਟਨਾ ਤੋਂ ਬਾਅਦ ਆਪਣੀ ਹੋਈ ਕਿਰਕਿਰੀ ਤੋ ਬਾਅਦ ਸੂਬੇ 'ਚ ਖੁੱਲ੍ਹੇ ਬੋਰਵੈਲ ਸਮੇਤ ਖੂਹਾਂ ਅਤੇ ਅਜਿਹੀ ਥਾਵਾਂ ਨੂੰ ਬੰਦ ਕਰਨ ਜਾ ਫਿਰ ਸੁਰੱਖਿਆ ਵੱਜੋ ਕਦਮ ਚੁੱਕੇ ਜਾਣ ਦੇ ਹੁਕਮ ਜਾਰੀ ਕੀਤੇ ਸਨ ਜੋ ਖ਼ਤਰਨਾਕ ਸਾਬਤ ਹੋ ਸਕਦੇ ਹਨ, ਪਰ ਇੱਕ ਵਾਰੀ ਤਾਂ ਕਾਰਵਾਈ ਅਧਿਕਾਰੀਆਂ ਵੱਲੋਂ ਅਮਲ 'ਚ ਲਿਆਂਦੀ ਗਈ ਪਰ ਉਸ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਵਾਲੇ ਹੀ ਬਣੇ ਹੋਏ ਹਨ। ਅਧਿਕਾਰੀ ਵੀ ਕੰਨਾ 'ਚ ਉਂਗਲਾਂ ਤੁੰਨ ਕੇ ਸੁੱਤੇ ਹੋਏ ਨਜ਼ਰ ਆ ਰਹੇ ਹਨ ਇਸ ਦਾ ਹੀ ਕਾਰਨ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਅਤੇ ਇਸ ਲਾਪਰਵਾਹੀ ਦਾ ਸ਼ਿਕਾਰ ਇੱਕ ਮਾਸੂਮ ਹੋਰ ਹੋ ਗਿਆ ਹੈ। 2 ਸਾਲਾ ਦਾ ਮਾਸੂਮ ਪਿੰਡ ਦੇ ਛੱਪੜ 'ਚ ਡੁੱਬ ਕੇ ਮੌਤ ਦਾ ਸ਼ਿਕਾਰ ਹੋ ਗਿਆ।

ਬੇਸ਼ੱਕ ਬੱਚੇ ਦੇ ਮਾਪਿਆ ਦੀ ਵੀ ਇੱਥੇ ਭਗਵਾਨਪੁਰਾ ਮਾਮਲੇ ਵਾਂਗ ਲਾਪਰਵਾਹੀ ਵੇਖੀ ਜਾ ਰਹੀ ਹੈ ਪਰ ਇੱਥੇ ਵੱਡਾ ਸਵਾਲ ਹੈ ਕਿ ਆਖ਼ਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਛੱਪੜਾਂ 'ਚ ਅਜਿਹੇ ਕੋਈ ਹਾਦਸਾ ਨਾ ਵਾਪਰੇ, ਇਸ ਦੇ ਲਈ ਕੋਈ ਠੋਸ ਕਦਮ ਕਿਉਂ ਚੁੱਕੇ ਨਹੀਂ ਜਾਂਦੇ। ਹੱਲੇ 2 ਸਾਲਾ ਮਾਸੂਮ ਫ਼ਤਿਹ ਵੀਰ ਦੇ ਮਾਮਲੇ 'ਚ ਮਾਨਯੋਗ ਹਾਈਕੋਰਟ ਨੇ ਸੂਬਾ ਸਰਕਾਰ ਤੋ ਸਵਾਲ ਕੀਤਾ ਹੈ ਕਿ ਕਿ ਆਖ਼ਰ ਫ਼ਤਿਹ ਵੀਰ ਦੀ ਮੌਤ ਲਈ ਕੋਣ ਜ਼ਿੰਮੇਵਾਰ ਹੈ/ ਉੱਧਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਧਰਮਪੁਰਾ 'ਚ ਵਾਪਰੇ ਇਸ ਹਾਦਸੇ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਮੁੜ ਤੋ ਕਟਹਿਰੇ 'ਚ ਲਾ ਖੜ੍ਹਾ ਕੀਤਾ ਹੈ।  

ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਧਰਮਪੁਰਾ 'ਚ ਉਸ ਸਮੇਂ ਮਾਹੌਲ ਬੇਹੱਦ ਗ਼ਮਗੀਨ ਵਾਲ ਹੋ ਗਿਆ ਜੱਦ ਲੋਕਾਂ ਨੂੰ ਪਤਾ ਚੱਲਿਆ ਕਿ ਪਿੰਡ ਦੇ ਵਾਸੀ ਗੁਰਪ੍ਰੀਤ ਸਿੰਘ ਦਾ 2 ਸਾਲਾ ਮਾਸੂਮ ਬੇਟਾ ਹਰਮਨ ਘਰ ਦੇ ਸਾਹਮਣੇ ਬਣੇ ਛੱਪੜ 'ਚ ਡੁੱਬ ਕੇ ਮਰ ਗਿਆ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ ਚਾਰ ਵਜੇ ਹਰਮਨ ਆਪਣੇ ਵੱਡੇ ਭਰਾ ਅਨਮੋਲ ਦੇ ਨਾਲ ਖੇਡ ਰਿਹਾ ਸੀ ਤਾਂ ਇਸ ਦੌਰਾਨ ਉਹ ਖੇਡਦਾ ਖੇਡਦਾ ਘਰ ਦੇ ਸਾਹਮਣੇ ਬਣੇ ਛੱਪੜ 'ਚ ਡਿੱਗਿਆ। ਥੋੜ੍ਹੀ ਦੇਰ ਬਾਅਦ ਜੱਦ ਬੱਚੇ ਦੇ ਮਾਪਿਆਂ ਨੇ ਬੱਚੇ ਨੂੰ ਘਰ ਦੇ ਸਾਹਮਣੇ ਨਹੀਂ ਵੇਖ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਬੱਚਾ ਕੀਤੇ ਨਹੀਂ ਮਿਲਿਆ। ਬੱਚੇ ਦੀ ਗੁੰਮਸ਼ੁਦਗੀ ਸਬੰਧੀ ਸੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਗਿਆ ਪਰ ਉਸਦਾ ਵੀ ਕੋਈ ਫ਼ਾਇਦਾ ਨਹੀਂ ਹੋਇਆ ਤਾਂ , ਇਸ ਦੌਰਾੰਮ ਪਿੰਡ ਦੇ ਕੁਝ ਲੋਕਾਂ ਦੀ ਨਜ਼ਰ ਸਾਹਮਣੇ ਛੱਪੜ 'ਤੇ ਪਈ ਤਾਂ ਉਨ੍ਹਾਂ ਨੇ ਬੱਚੇ ਦੇ ਮਾਪਿਆ ਨੂੰ ਅਤੇ ਪਿੰਡ ਦੇ ਹੋਰ ਲੋਕਾਂ ਕੋਲ ਗੱਲ ਕਰਕੇ ਛੱਪੜ ਦਾ ਪਾਣੀ ਬਾਹਰ ਸੁੱਟਿਆ ਗਿਆ ਅਤੇ ਪਾਣੀ ਘੱਟ ਹੋਣ 'ਤੇ ਪਿੰਡ ਦੇ ਕਈ ਨੌਜਵਾਨ ਛੱਪੜ 'ਚ ਬੱਚੇ ਦੀ ਭਾਲ ਲਈ ਉੱਤਰੇ।

ਛੱਪੜ 'ਚ ਭਾਲ ਕਰਦੇ ਦੌਰਾਨ ਇੱਕ ਨੌਜਵਾਨ ਦੇ ਹੱਥ ਬੱਚਾ ਆ ਗਿਆ ਤੇ ਉਸ ਨੂੰ ਬਾਹਰ ਕੱਢਿਆ ਗਿਆ, ਪਰ ਤਦ ਤੱਕ ਬੱਚਾ ਦਮ ਤੋੜ ਚੁੱਕਿਆ ਸੀ। ਬੱਚੇ ਦੇ ਮਾਪਿਆ ਸਣੇ ਹਰ ਪਿੰਡ ਵਾਸੀ ਦੀ ਅੱਖਾਂ 'ਚ ਹੰਝੂ ਆ ਗਾਏ ਤੇ ਮਾਪਿਆ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਲੋਕਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਪਰ ਬੱਚੇ ਨੂੰ ਸਾਹਮਣੇ ਵੇਖ ਪਰਿਵਾਰ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸੀ। ਪਿੰਡ ਦੇ ਲੋਕਾਂ ਨੇ ਪੰਚਾਇਤ ਤੋ ਮੰਗ ਕੀਤੀ ਹੈ ਕਿ ਛੱਪੜ ਦੀ ਚਾਰਦੀਵਾਰੀ ਹੋਣੀ ਚਾਹੀਦੀ ਹੈ ਤਾਜੋਂ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ । ਰਸਮਾਂ ਮੁਤਾਬਿਕ ਬੱਚੇ ਨੂੰ ਦਫ਼ਨਾ ਦਿੱਤਾ ਗਿਆ ਹੈ ।

ਭਗਵਾਨ ਪੁਰਾ ਮਾਮਲੇ ਵਾਂਗ ਇਸ ਘਟਨਾ ਤੋ ਬਾਅਦ ਵੀ ਸਵਾਲ ਇਹੀ ਖੜੇ ਹੋਏ ਹਨ ਕਿ ਆਖ਼ਰ ਹਰਮਨ ਦੀ ਮੌਤ ਲਈ ਕੋਣ ਜ਼ਿੰਮੇਵਾਰ ਹੈ, ਉਸ ਦੇ ਮਾਂ-ਪਿਉ ਜਾ ਫਿਰ ਪ੍ਰਸ਼ਾਸਨ ਤੇ ਸਰਕਾਰ ? ਬੁੱਧੀਜੀਵੀ ਵਰਗ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਖੁੱਲ੍ਹੇ ਹੋਏ ਬੋਰ ਵੈਲ ਨੂੰ ਬੰਦ ਕਰਵਾਉਣ, ਖੂਹਾਂ, ਛੱਪੜਾਂ ਦੀ ਚਾਰ ਦੀਵਾਰੀ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੀ ਨਹੀਂ ਸਗੋਂ ਫ਼ਰਜ਼ ਵੀ ਬਣਦਾ ਹੈ ਜਿਸਨੂੰ ਨਿਭਾਉਣ 'ਚ ਸਰਕਾਰਾਂ ਪੂਰੀ ਤਰ੍ਹਾਂ ਨਾਕਾਮਯਾਬ ਸਾਬਤ ਹੋਈਆਂ ਹਨ, ਪਰ ਕੀਤੇ ਨਾ ਕੀਤੇ ਇੱਥੇ ਉਨ੍ਹਾਂ ਮਾਪਿਆ ਦੀ ਵੀ ਲਾਪਰਵਾਹੀ ਨਜ਼ਰ ਆਉਂਦੀ ਹੈ ਜੋ ਬਿਨਾ ਆਪਣੀ ਨਿਗਰਾਨੀ ਦੇ ਬੱਚਿਆ ਨੂੰ ਇੰਝ ਖੇਡਣ ਲਈ ਛੱਡ ਦਿੰਦੇ ਹਨ, ਅੱਖ ਝਪਕਣ ਜਿੰਨੇ ਸਮੇਂ ਦੀ ਲਾਪਰਵਾਹੀ ਜ਼ਿੰਦਗੀ ਭਰ ਲਈ ਸਿਰਫ ਅਫ਼ਸੋਸ ਕਰਨ ਦਾ ਕਰਨ ਬਣ ਜਾਂਦੀ ਹੈ , ਇਸ ਲਈ ਮਾਪਿਆ ਨੂੰ ਆਪਣੇ ਬੱਚਿਆ ਦੀ ਸੁਰੱਖਿਆ ਲਈ ਆਪਣੇ ਰੁਝੇਵਿਆਂ ਤੋ ਬਾਹਰ ਨਿਕਲ ਕੇ ਆਪਣੇ ਮਾਸੂਮਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਤੋ ਬਚਾਉਣ ਲਈ ਆਪਣੀ ਸੋਚ ‘ਚ ਬਦਲਾਵ ਲਿਆਉਣ ਦੀ ਲੋੜ ਹੈ ਉੱਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਿਆਸਤ ਦੀ ਖੇਡ ਨੂੰ ਛੱਡ ਕੇ ਪਿੰਡ ਦੇ ਖੁੱਲ੍ਹੇ ਛੱਪੜਾਂ ਸਣੇ ਹੋਰ ਅਜਿਹੀ ਥਾਵਾਂ 'ਤੇ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਲੋੜ ਹੈ ਤਾਜੋਂ ਭਵਿੱਖ 'ਚ ਹੋਰ ਕੋਈ ਫ਼ਤਿਹ ਵੀਰ ਜਾ ਹਰਮਨ ਇਨ੍ਹਾਂ ਦਾ ਸ਼ਿਕਾਰ ਨਾ ਹੋਵੇ ।