550 ਸਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ...(ਭਾਗ-3)

Last Updated: Jun 19 2019 14:27
Reading time: 3 mins, 6 secs

ਪਿਛਲੇ ਅੰਕ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਸ ਤਹਿਤ ਉਨ੍ਹਾਂ ਨੇ ਪੁਰਾਤਨ ਸਮਿਆਂ ਤੋਂ ਚੱਲਦੀ ਆ ਰਹੀ ਜਨੇਊ ਧਾਰਨ ਕਰਨ ਦੀ ਪ੍ਰਥਾ ਦਾ ਖੰਡਨ ਬਾਦਲੀਲ ਕੀਤਾ ਸੀ। ਅੱਜ ਅਸੀਂ ਤੁਹਾਡੇ ਰੂਬਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮੱਝਾਂ ਚਰਾਉਣ ਸਮੇਂ ਦੇ ਬਿਰਤਾਂਤ ਨੂੰ ਪੇਸ਼ ਕਰਨ ਜਾ ਰਹੇ ਹਾਂ:- 

ਗੁਰੂ ਨਾਨਕ ਦੇਵ ਜੀ ਵੱਲੋਂ ਉੱਜੜੇ ਖੇਤਾਂ ਨੂੰ ਹਰਾ ਭਰਾ ਕਰਨਾ: ਇੱਕ ਦਿਨ ਪਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਪੁੱਤਰ ਤੂੰ ਆਪਣੇ ਘਰ ਦੀਆਂ ਗਊਆਂ ਮੱਝੀਆਂ ਹੀ ਚਰਾ ਲਿਆਇਆ ਕਰ ਜਿਸ ਕਰਕੇ ਤੇਰੇ ਮਨ ਵੀ ਪਰਚਿਆ ਰਹੇਗਾ ਜਿਸ ਤੇ ਗੁਰੂ ਜੀ ਨੇ ਕਿਹਾ ਪਿਤਾ ਜੀ ਜੋ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਜਦੋਂ ਵੱਡੀ ਸਵੇਰ ਹੋਈ ਤਾਂ ਗੁਰੂ ਜੀ ਦੇ ਖਾਣ ਵਾਸਤੇ ਕੁਝ ਲੜ ਬੰਨ ਦਿੱਤਾ ਤੇ ਹੱਥ ਵਿੱਚ ਇੱਕ ਛੜੀ ਫੜਾਈ ਤਾਂ ਗੁਰੂ ਜੀ ਮੱਝਾਂ ਅਤੇ ਗਊਆਂ ਬਾਹਰ ਚਰਾਵਣ ਵਾਸਤੇ ਲੈ ਗਏ। ਜਦੋਂ ਗੁਰੂ ਜੀ ਮੱਝਾਂ ਗਊਆਂ ਚਰਾਉਂਦੇ ਹੋਏ ਇਕਾਂਤ ਵੇਖ ਕੇ ਪ੍ਰਭੂ ਦੀ ਬੰਦਗੀ ਵਿੱਚ ਵਲੀਨ ਹੋ ਗਏ ਤੇ ਮੱਝਾਂ ਗਊਆਂ ਚਰਦੀਆਂ ਚਰਦੀਆਂ ਇੱਕ ਬਹੁਤ ਹੀ ਸੁੰਦਰ ਹਰੇ ਭਰੇ ਖੇਤ ਵਿੱਚ ਜਾ ਵੜੀਆਂ ਅਤੇ ਚਰ ਕੇ ਰੱਜ ਕੇ ਉਸੇ ਖੇਤ ਵਿੱਚ ਹੀ ਬੈਠ ਗਈਆਂ ਤੇ ਸਾਰਾ ਖੇਤ ਹੀ ਉਜਾੜ ਦਿੱਤਾ। ਏਨੇ ਨੂੰ ਖੇਤ ਮਾਲਕ ਆ ਗਿਆ ਤੇ ਲੱਗਾ ਗੁਰੂ ਜੀ ਨਾਲ ਬੋਲ ਕੁਬੋਲ ਬੋਲਣ ਜਿਸ ਤੇ ਇਹ ਝਗੜਾ ਰਾਇ ਬੁਲਾਰ ਦੇ ਕੋਲ ਪਹੁੰਚ ਗਿਆ ਜੋ ਉਸ ਵੇਲੇ ਤਲਵੰਡੀ ਦਾ ਹਾਕਮ ਸੀ। ਰਾਇ ਬੁਲਾਰ ਨੇ ਗੁਰੂ ਜੀ ਦੇ ਪਿਤਾ ਜੀ ਨੂੰ ਸੱਦ ਬੁਲਾਇਆ ਤੇ ਹਰਜਾਨਾ ਭਰਨ ਲਈ ਕਿਹਾ। ਜਿਸ ਤੇ ਗੁਰੂ ਜੀ ਨੇ ਕਿਹਾ ਕਿ ਖੇਤ ਵਿੱਚ ਤਾਂ ਕੋਈ ਉਜਾੜਾ ਹੋਇਆ ਹੀ ਨਹੀਂ ਹੈ। ਜਿਸ ਤੇ ਰਾਇ ਬੁਲਾਰ ਨੇ ਆਪਣੇ ਪਿਆਦੇ ਭੇਜ ਦਿੱਤੇ ਜਾ ਖੇਤ ਵਿੱਚ ਜਾਇ ਕੇ ਦੇਖਿਆ ਤਾਂ ਸਾਰੀ ਫਸਲ ਸਾਬਤ ਖੜੀ ਸੀ ਇੱਕ ਪੱਠਾ ਵੀ ਕਿਸੇ ਨਹੀਂ ਸੀ ਖਾਧਾ, ਪਿਆਦਿਆਂ ਨੇ ਚੁਫੇਰੇ ਫਿਰ ਕੇ ਵੇਖਿਆ ਤਾਂ ਕਿਸੇ ਪਸ਼ੂ ਦਾ ਖੋਜ਼ ਵੀ ਨਜ਼ਰ ਨਾ ਆਇਆ। 

ਸੱਪ ਵੱਲੋਂ ਗੁਰੂ ਨਾਨਕ ਦੇਵ ਜੀ ਉੱਪਰ ਛਾਂ ਕੀਤੀ ਗਈ: ਸੰਮਤ 1535 ਵਿਸਾਖ ਵਿੱਚ ਜਦੋਂ ਗੁਰੂ ਜੀ ਗਊਆਂ ਮੱਝਾਂ ਚਰਵਾ ਰਹੇ ਸਨ ਤਾਂ ਦੁਪਹਿਰ ਹੋਈ ਤਾਂ ਗੁਰੂ ਜੀ ਦਰੱਖਤ ਦੀ ਛਾਂ ਹੇਠ ਆਰਾਮ ਕਰਨ ਲੱਗ ਪਏ। ਅਰਾਮ ਕਰਦਿਆਂ ਕਰਦਿਆਂ ਜਦੋਂ ਦਰੱਖਤ ਦਾ ਪਰਛਾਵਾਂ ਢੱਲ ਗਿਆ ਅਤੇ ਧੁੱਪ ਗੁਰੂ ਜੀ ਦੇ ਨੁਰਾਨੀ ਚਿਹਰੇ ਉੱਪਰ ਪੈਣ ਲੱਗ ਪਈ ਤਾਂ ਉਸੇ ਵੇਲੇ ਸ਼ੇਸ਼ਨਾਗ ਆਇਆ ਤੇ ਗੁਰੂ ਜੀ ਨੂੰ ਆਪਣਾ ਸਵਾਮੀ ਜਾਣ ਕੇ ਵੱਡਾ ਫਨ ਖਿਲਾਰ ਕੇ ਮੂੰਹ ਤੇ ਛਾਯਾ ਕਰ ਦਿੱਤੀ। ਏਨੇ ਨੂੰ ਰਾਇ ਬੁਲਾਰ ਉਸ ਰਸਤੇ ਤੇ ਆ ਗਿਆ ਤੇ ਵੇਖਿਆ ਕਿ ਇੱਕ ਨੌਜਵਾਨ ਸੁੱਤਾ ਪਿਆ ਹੈ ਤੇ ਇੱਕ ਨਾਗ ਨੇ ਮੂੰਹ ਤੇ ਫਨ ਦੀ ਛਾਯਾ ਕੀਤੀ ਹੈ। ਰਾਇ ਬੁਲਾਰ ਦੇਖ ਕੇ ਸੋਚਣ ਲੱਗਾ ਕਿ ਜੇਕਰ ਇਹ ਨੌਜਵਾਨ ਬਚਿਆ ਹੋਇਆ ਹੈ ਤਾਂ ਜ਼ਰੂਰ ਕੋਈ ਵੱਡਾ ਔਲੀਆ ਫਕੀਰ ਹੈ, ਨਹੀਂ ਤਾਂ ਇਹ ਸਰਪ ਨੇ ਮਾਰ ਦਿੱਤਾ ਹੋਵੇਗਾ। ਇਸੇ ਦੌਰਾਨ ਹੀ ਰਾਇ ਬੁਲਾਰ ਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਜਾਕਰ ਵੇਖੋ ਤਾਂ ਸਹੀ ਇਹ ਨੌਜਵਾਨ ਹੈ ਕੌਣ? ਉਹ ਦੇਖਣ ਗਏ ਤਾਂ ਆ ਕੇ ਦੱਸਿਆ ਕਿ ਇਹ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਹੈ। ਜਾ ਰਾਇ ਨੇ ਕਿਹਾ ਕਿ ਇਸ ਨੂੰ ਜਗਾਵੋ ਤਾਂ ਸਰਪ ਕੋਲੋ ਛਪਣ ਹੋ ਗਿਆ ਤਾਂ ਨਾਨਕ ਜੀ ਨੂੰ ਜਗਾਇਆ। ਜਿਸ ਤੋਂ ਬਾਅਦ ਰਾਇ ਬੁਲਾਰ ਨੇ ਗੁਰੂ ਜੀ ਨੂੰ ਗਲ ਨਾਲ ਲਾਇਆ ਤੇ ਮੱਥਾ ਚੁੰਮਿਆ। ਬਾਅਦ ਵਿੱਚ ਰਾਇ ਜੀ ਨੇ ਪਿਤਾ ਕਾਲੂ ਨੂੰ ਸੱਦ ਕੇ ਕਿਹਾ ਕਿ ''ਜੋ ਨਾਨਕ ਪੁੱਤਰ ਹਈ ਇਹ ਪੁੱਤਰ ਕਰਕੇ ਨਾ ਜਾਣੀ, ਇਹ ਕੋਈ ਪਰਮੇਸ਼ਵਰ ਦਾ ਭਗਤ ਹੈ, ਕਾਲੂ ਤੂੰ ਨਾਨਕ ਤਾਈ ਕਦੀ ਝਿੜਕੀ ਨਾ ਤੇ ਨਾ ਹੀ ਕੌੜਾ ਬੋਲੀ ਤੇ ਕਦੀ ਵੀ ਇਸ ਪੁੱਤਰ ਦਾ ਮੂੰਹ ਵੀ ਨਾ ਫਿਟਕਾਰੀ, ਇਹ ਮਹਾਪੁਰਖ ਹੈ, ਇਸਦੇ ਸਦਕਾ ਹੀ ਮੇਰਾ ਸ਼ਹਿਰ ਵੱਸਦਾ ਹੈ''। ਇਸ ਤਰ੍ਹਾਂ ਰਾਇ ਬੁਲਾਰ ਨੇ  ਦਰਸ਼ਨ ਕਰਕੇ ਪਹਿਚਾਣ ਲਿਆ ਸੀ ਕਿ ਗੁਰੂ ਨਾਨਕ ਕੋਈ ਆਮ ਇਨਸਾਨ ਨਹੀਂ ਹੈ। ਗੁਰੂ ਜੀ ਨੇ ਆਪਣੇ ਬਚਪਨ ਵਿੱਚ ਕੀਤੇ ਅਜਿਹੇ ਚੋਜ਼ ਕਰਕੇ ਆਪਣੇ ਰੱਬੀ ਰੂਪ ਦੇ ਦਰਸ਼ਨ ਵੀ ਕਰਵਾਏ ਸਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।