ਆਜ਼ਾਦੀ 72 ਸਾਲ ਦੀ, ਪਰ ਲੋਕ ਹਾਲੇ ਵੀ ਗ਼ੁਲਾਮ.!!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 11:26
Reading time: 3 mins, 51 secs

ਕਹਿੰਦੇ ਹਨ ਕਿ ਸਾਡਾ ਭਾਰਤ ਆਜ਼ਾਦ ਹੋ ਚੁੱਕਿਆ ਹੈ ਅਤੇ ਆਜ਼ਾਦ ਹੋਇਆ ਨੂੰ ਵੀ 72 ਸਾਲ ਹੋ ਗਏ ਹਨ। ਪਰ ਮੇਰੇ ਹਿਸਾਬ ਨਾਲ ਭਾਰਤ ਤਾਂ ਭਾਵੇਂ ਆਜ਼ਾਦ ਹੋ ਚੁੱਕਿਆ ਹੈ, ਪਰ ਭਾਰਤ ਦੇ ਵਿੱਚ ਰਹਿੰਦੇ ਲੋਕ ਹਾਲੇ ਵੀ ਗ਼ੁਲਾਮ ਹਨ, ਜਿਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ। ਜੀ ਹਾਂ, ਦੋਸਤੋ, ਆਜ਼ਾਦ ਭਾਰਤ ਦੇ ਵਿੱਚ ਗ਼ੁਲਾਮੀ ਦੀਆਂ ਜ਼ੰਜੀਰਾ ਦੇ ਵਿੱਚ ਜਕੜੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਹਜ਼ਾਰਾਂ ਲੋਕ ਸਮੇਂ ਦੀਆਂ ਸਰਕਾਰਾਂ ਨੂੰ ਕੋਸਦੇ ਨਜ਼ਰੀ ਆ ਰਹੇ ਹਨ। 

ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਵਾਅਦੇ ਤਾਂ ਬੜੇ ਕੀਤੇ ਜਾਂਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਕਤ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਪਿਛਲੀਆਂ ਅਤੇ ਮੌਜੂਦਾ ਸਰਕਾਰ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਸਰਹੱਦੀ ਪਿੰਡ ਚਾਂਦੀਵਾਲਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਬੱਚੇ ਸਤਲੁੱਜ ਦਰਿਆ ਵਿੱਚ ਬੇੜੀ ਡੁੱਬਣ ਦੇ ਕਾਰਨ ਮਰ ਗਏ। ਵੇਖਿਆ ਜਾਵੇ ਤਾਂ ਘਟਨਾ ਬੇਹੱਦ ਹੀ ਦੁਖਦਾਈ ਹੈ, ਪਰ ਇਸ ਘਟਨਾ 'ਤੇ ਅਫ਼ਸੋਸ ਜ਼ਾਹਿਰ ਕਰਨ ਨਾ ਤਾਂ ਕੋਈ ਵਿਧਾਇਕ ਅਤੇ ਨਾ ਕੋਈ ਐਮ.ਪੀ. ਜਾਂ ਫਿਰ ਹੋਰ ਸਿਆਸਤਦਾਨ ਪਹੁੰਚਿਆ। 

ਦੱਸ ਦੇਈਏ ਕਿ ਪਿਛਲੇ ਦਿਨੀਂ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਚਾਂਦੀਵਾਲਾ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਤਿੰਨ ਜੀਅ ਤੋਂ ਇਲਾਵਾ 8 ਜਣੇ ਜਦੋਂ ਝੋਨਾ ਲਗਾ ਕੇ ਦੇਰ ਸ਼ਾਮ ਬੇੜੀ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸੀ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਸਤਲੁੱਜ ਦਰਿਆ ਦੇ ਵਿੱਚ ਹੀ ਬੇੜੀ ਡੁੱਬ ਗਈ, ਜਿਸ ਦੇ ਕਾਰਨ ਬੇੜੀ ਵਿੱਚ ਸਵਾਰ ਤਿੰਨ ਭੈਣ ਭਰਾਵਾਂ ਦੀ ਮੌਤ ਹੋ ਗਈ, ਜਦੋਂਕਿ 5 ਜਣਿਆਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਦਰਿਆ ਦੇ ਵਿੱਚੋਂ ਕੱਢਿਆ ਗਿਆ। ਜਿਨ੍ਹਾਂ ਦਾ ਇਲਾਜ ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਹੈ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਜਦੋਂ ਤਾਂ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸਰਹੱਦੀ ਪਿੰਡਾਂ ਦੇ ਲੋਕ ਦਿਸ ਪੈਂਦੇ ਹਨ, ਪਰ ਵੋਟਾਂ ਤੋਂ ਬਾਅਦ ਕੋਈ ਵੀ ਲੀਡਰ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਨਹੀਂ ਪਹੁੰਚਦਾ। ਦਰਅਸਲ, ਸਤਲੁੱਜ ਦਰਿਆ ਵਿੱਚ ਬੇੜੀ ਡੁੱਬਣ ਕਾਰਨ ਮਾਰੇ ਗਏ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਤਾਂ ਹਾਲੇ ਅੰਤਿਮ ਸੰਸਕਾਰ ਹੀ ਹੋਏ ਹਨ, ਪਰ ਲੀਡਰ ਦੇ ਵੱਲੋਂ ਉਨ੍ਹਾਂ ਦੀ ਮੌਤ 'ਤੇ ਪਹਿਲੋਂ ਹੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
 
ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਹੋਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਦਧਿਆ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਢਾਈ ਸਾਲਾਂ ਦੇ ਰਾਜ ਵਿੱਚ ਕੋਈ ਚੱਜ ਦਾ ਕੰਮ ਨਹੀਂ ਕੀਤਾ। ਜਦੋਂਕਿ ਸਾਡੀ ਸਰਕਾਰ ਦੇ ਵੱਲੋਂ ਬੰਡਾਲਾ ਤੋਂ ਕੋਟ ਬੁੱਢਾ ਪੱਤਣ 'ਤੇ ਵੱਡਾ ਪੁਲ ਤਿਆਰ ਕੀਤਾ ਗਿਆ ਅਤੇ ਦੂਸਰੇ ਪੱਤਣਾ 'ਤੇ ਵੱਡੇ ਬੇੜੇ ਦਾ ਪ੍ਰਬੰਧ ਕੀਤਾ ਗਿਆ, ਕਿਉਂਕਿ ਹਰ ਸਾਲ ਦਰਿਆ ਦੇ ਰਸਤੇ ਕਿਸਾਨ ਖੇਤੀ ਕਰਨ ਜਾਇਆ ਕਰਦੇ ਸੀ। 

ਪਰ ਕਾਂਗਰਸ ਸਰਕਾਰ ਦੇ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਵੱਲ ਖ਼ਿਆਲ ਨਹੀਂ ਕੀਤਾ ਗਿਆ। ਵੇਖਿਆ ਜਾਵੇ ਤਾਂ ਸੁਖਬੀਰ ਦੇ ਵੱਲੋਂ ਕਾਂਗਰਸ 'ਤੇ ਦੋਸ਼ ਲਗਾਏ ਜਾ ਰਹੇ ਹਨ, ਜਦੋਂਕਿ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਨਹੀਂ ਮਾਰਿਆ ਜਾ ਰਿਹਾ। 10 ਸਾਲ ਅਕਾਲੀ ਦਲ ਦੀ ਪੰਜਾਬ 'ਤੇ ਸਰਕਾਰ ਰਹੀ, ਪਰ ਅਕਾਲੀ ਦਲ ਦੇ ਵੱਲੋਂ ਸਤਲੁੱਜ ਦਰਿਆ ਦੇ ਉੱਪਰ ਪੁਲ ਵੀ ਨਹੀਂ ਬਣਾ ਕੇ ਦਿੱਤਾ ਗਿਆ। ਜਦੋਂ ਕਿ ਪਿਛਲੇ ਸਮੇਂ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਵੀ ਸੀ, ਜਿਸ ਦੇ ਵੱਲੋਂ ਕਦੇ ਵੀ ਲੋਕ ਮੁੱਦਿਆਂ ਨੂੰ ਸਾਂਸਦ ਵਿੱਚ ਨਹੀਂ ਉਠਾਇਆ ਗਿਆ।

ਸੁਖਬੀਰ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਕਾਂਗਰਸੀ ਉਨ੍ਹਾਂ 'ਤੇ ਵੰਨ ਸੁਵੰਨੇ ਦੋਸ਼ ਲਗਾ ਰਹੇ ਹਨ, ਪਰ ਵੇਖਿਆ ਜਾਵੇ ਤਾਂ ਕਾਂਗਰਸ ਨੇ ਵੀ ਢਾਈ ਸਾਲਾਂ ਵਿੱਚ ਸਰਹੱਦੀ ਲੋਕਾਂ ਦੇ ਲਈ ਕੁਝ ਵੀ ਨਹੀਂ ਕੀਤਾ। ਸਤਲੁੱਜ ਦਰਿਆ 'ਤੇ ਪਲਟੂਨ ਪੁਲ ਬਣਾਉਣ ਦੇ ਲਈ ਡੀਸੀ ਫ਼ਿਰੋਜ਼ਪੁਰ ਦੇ ਵੱਲੋਂ ਸਰਕਾਰ ਨੂੰ ਸਿਫ਼ਾਰਿਸ਼ ਕਰਨ ਦਾ ਬੀਤੇ ਦਿਨ ਸਰਹੱਦੀ ਲੋਕਾਂ ਨੂੰ ਵਿਸ਼ਵਾਸ ਦੁਆਇਆ। ਪਰ ਵੇਖਿਆ ਜਾਵੇ ਤਾਂ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਈ ਲੀਡਰ ਹੁਣ ਤੱਕ ਵੱਡੇ ਵੱਡੇ ਦਾਅਦੇ ਅਤੇ ਵਾਅਦੇ ਕਰਦੇ ਰਹੇ ਹਨ, ਪਰ ਸਮੱਸਿਆਵਾਂ ਦਾ ਕਦੇ ਹੱਲ ਨਹੀਂ ਕੀਤਾ।
 
ਸਤਲੁੱਜ ਦਰਿਆ ਵਿੱਚ ਡੁੱਬੇ ਤਿੰਨ ਬੱਚਿਆਂ ਤੋਂ ਬਾਅਦ ਹੁਣ ਲੋਕਾਂ ਦੀ ਉਮੀਦ ਸਰਕਾਰ 'ਤੇ ਹੈ ਕਿ ਜਲਦ ਤੋਂ ਜਲਦ ਸਤਲੁੱਜ ਦਰਿਆ ਦੇ ਉੱਪਰ ਪੁਲ ਬਣਾਇਆ ਜਾਵੇ। ਦੱਸ ਦੇਈਏ ਕਿ ਸਰਹੱਦੀ ਪਿੰਡਾਂ ਦੇ ਲੋਕ ਬਹੁਤੇ ਅਮੀਰ ਨਹੀਂ ਹਨ, ਜੋ ਆਪਣੀ ਜੇਬ ਦੇ ਵਿੱਚੋਂ ਪੈਸੇ ਖ਼ਰਚ ਕਰਕੇ ਪੁਲ ਬਣਾ ਲੈਣਗੇ, ਇਸ ਦੇ ਲਈ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੀ ਸਹਾਇਤਾ ਕਰਨੀ ਪਵੇਗੀ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ ਹੈ। 

ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਿਰ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਦੋਂ ਹੁੰਦਾ ਹੈ? ਕੀ ਪੰਜਾਬ ਦੀ ਕੈਪਟਨ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸਤਲੁੱਜ ਦਰਿਆ ਦੇ ਉੱਪਰ ਪੁਲ ਬਣਾਉਣ ਸਬੰਧੀ ਕੋਈ ਮਤਾ ਪਾਸ ਕਰੇਗੀ? ਕੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇਗੀ ਜਾਂ ਫਿਰ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਡੀਸੀ ਫ਼ਿਰੋਜ਼ਪੁਰ ਤਾਂ ਦਾਅਵਾ ਕਰ ਹੀ ਰਹੇ ਹਨ ਕਿ ਜਲਦ ਹੀ ਮੁਆਵਜ਼ੇ ਆਦਿ ਦਾ ਐਲਾਨ ਕਰਵਾਇਆ ਜਾਵੇਗਾ। ਦੇਖਦੇ ਹਾਂ ਕਿ ਕੀ ਬਣਦੈ?