ਨੀ ਦਿੱਲੀਏ ਤੇਰਾ ਕੀ ਵੈਰ ਏ ਸਿੱਖਾਂ ਨਾਲ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 19 2019 12:33
Reading time: 3 mins, 17 secs

1984 ਹਾਲੇ ਕਿਸੇ ਨੂੰ ਭੁੱਲੀ ਨਹੀਂ ਅਤੇ ਨਾ ਹੀ ਸ਼ਾਇਦ ਭੁੱਲੇਗੀ, ਕਿਉਂਕਿ '84 ਦਾ ਕਤਲੇਆਮ ਕਦੇ ਭੁਲਾਇਆ ਹੀ ਨਹੀਂ ਜਾ ਸਕਦਾ। 1984 ਵੇਲੇ ਦੀ ਸਰਕਾਰ ਦੇ ਵਲੋਂ ਸਿੱਖ ਨੌਜਵਾਨਾਂ ਤੋਂ ਇਲਾਵਾ ਹੋਰ ਕਈ ਵਰਗਾਂ ਦੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਵੇਂ ਹੀ ਉਹ ਦੌਰ ਲੰਘੇ ਨੂੰ ਕਰੀਬ 35 ਵਰ੍ਹੇ ਬੀਤ ਚੁੱਕੇ ਹਨ, ਪਰ ਹੁਣ ਤੱਕ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਸੱਜਣ ਕੁਮਾਰ ਵਰਗੇ ਕਈ 84 ਦੇ ਕਾਤਲ ਹੁਣ ਤੱਕ ਜੇਲ੍ਹਾਂ ਦੇ ਅੰਦਰ ਬੰਦ ਹੋ ਚੁੱਕੇ ਹਨ, ਪਰ ਕਈ ਹਾਲੇ ਵੀ ਬੰਦ ਹੋਣੇ ਬਾਕੀ ਹਨ। 

ਦੇਸ਼ ਦੇ ਅੰਦਰ ਹਮੇਸ਼ਾ ਹੀ ਘੱਟ ਗਿਣਤੀਆਂ ਤੋਂ ਇਲਾਵਾ ਸਿੱਖਾਂ 'ਤੇ ਹਮਲੇ ਹੁੰਦੇ ਆਏ ਹਨ। ਕਿਸੇ ਨਾ ਕਿਸੇ ਰਾਜ ਦੇ ਵਿੱਚ ਰੋਜ਼ਾਨਾ ਹੀ ਦਲਿਤ ਲੋਕਾਂ ਦੇ ਉੱਪਰ ਹਮਲੇ ਹੋ ਰਹੇ ਹਨ, ਜਿਸ ਦਾ ਘੋਰ ਨਿੰਦਾ ਵੀ ਹੋ ਰਹੀ ਹੈ। ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਹੈ, ਉਹ ਹੈ ਦਿੱਲੀ ਦਾ। ਦਿੱਲੀ ਦੇ ਵਿਚ ਬੀਤੇ ਦਿਨੀਂ ਦੋ ਸਿੱਖ ਪਿਉ ਪੁੱਤਾਂ 'ਤੇ ਦਿੱਲੀ ਪੁਲਿਸ ਦੇ ਵਲੋਂ ਹਮਲਾ ਕਰਦਿਆ ਹੋਇਆ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸਿੱਖ ਦੇ ਵਲੋਂ ਪਾਏ ਗਏ ਧਾਰਮਿਕ ਕਰਾਰਾ ਦੀ ਵੀ ਬੇਅਦਬੀ ਕੀਤੀ।

ਇਸ ਦੇ ਨਾਲ ਹੀ ਜਦੋਂ ਕੁਝ ਲੋਕ ਸਿੱਖਾਂ 'ਤੇ ਹੋ ਰਹੇ ਹਮਲੇ ਦਾ ਵਿਰੋਧ ਕਰਨ ਲੱਗੇ ਤਾਂ ਪੁਲਿਸ ਵਾਲੇ ਉਨ੍ਹਾਂ ਨੂੰ ਵੀ ਟੁੱਟ ਕੇ ਪੈ ਗਏ। ਦੋਸਤੋ, ਕੁੱਲ ਮਿਲਾ ਕੇ ਕਹਿ ਲਈਏ ਕਿ ਮਨੁੱਖਤਾ ਦਾ ਘਾਣ ਹੋਇਆ ਹੈ ਦਿੱਲੀ ਦੇ ਵਿੱਚ, ਉਹ ਵੀ ਸ਼ਰੇਆਮ ਦਿਨ ਦਿਹਾੜੇ। ਦੱਸ ਦੇਈਏ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਦੇ ਵਲੋਂ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਉਹ ਟੈਂਪੂ ਚਲਾਉਂਦਾ ਹੈ ਅਤੇ ਪੁਲਿਸ ਵਾਲੇ ਉਸ ਕੋਲੋਂ ਰਿਸ਼ਵਤ ਮੰਗਦੇ ਸੀ, ਪਰ ਉਸ ਦੇ ਵਲੋਂ ਰਿਸ਼ਵਤ ਨਹੀਂ ਦਿੱਤੀ ਗਈ, ਜਿਸ ਦੇ ਚੱਲਦਿਆਂ ਦਿੱਲੀ ਪੁਲਿਸ ਵਾਲਿਆਂ ਨੇ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਲੜਕੇ ਦੀ ਵੀ ਕੁੱਟਮਾਰ ਕੀਤੀ। 

ਵੇਖਿਆ ਜਾਵੇ ਤਾਂ ਇਹ ਮਾਮੂਲੀ ਜਿਹਾ ਵਿਵਾਦ ਹੈ, ਜਿਨ੍ਹਾਂ ਤਸ਼ੱਦਦ ਸਿੱਖ ਪਿਉ ਪੁੱਤ ਦੇ ਉੱਪਰ ਪੁਲਿਸ ਦੇ ਵਲੋਂ ਕਰ ਦਿੱਤਾ ਗਿਆ, ਉਹ ਬੇਹੱਦ ਹੀ ਨਿੰਦਣਯੋਗ ਹੈ। ਦੱਸ ਦੇਈਏ ਕਿ ਸਿੱਖਾਂ 'ਤੇ ਪੁਲਿਸ ਦੇ ਵਲੋਂ ਕੀਤੇ ਗਏ ਹਮਲੇ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਅਤੇ ਲੋਕ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ। 'ਨਿਊਜ਼ਨੰਬਰ' ਦੇ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀ ਦੇ ਆਗੂ ਭਾਈ ਲਖਵੀਰ ਸਿੰਘ ਮਹਾਲਮ ਨੇ ਦੱਸਿਆ ਕਿ ਦਿੱਲੀ ਸਮੇਤ ਪੂਰੇ ਦੇਸ਼ ਦੇ ਵਿੱਚ ਹਮੇਸ਼ਾ ਹੀ ਸਿੱਖਾਂ ਦੇ ਨਾਲ ਵਿਤਕਰਾ ਹੁੰਦਾ ਆ ਰਿਹਾ ਹੈ। 

ਸਿੱਖ ਜਦੋਂ ਵੀ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਪੁਕਾਰਿਆ ਜਾਂਦਾ ਹੈ, ਜੋ ਕਿ ਬੇਹੱਦ ਹੀ ਦੁਖੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ 1984 ਦੇ ਵੇਲੇ ਵੀ ਸਿੱਖਾਂ ਦੇ ਵਿੱਚ ਦਿੱਲੀ ਦੇ ਅੰਦਰ ਜੋ ਹਮਲੇ ਹੋਏ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਦਿੱਲੀ ਦਾ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਤੋਂ ਇਲਾਵਾ ਸਿੱਖਾਂ ਦੇ ਨਾਲ ਵੈਰ ਰਿਹਾ ਹੈ। ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ 84 ਵੇਲੇ ਸਾੜਿਆ ਗਿਆ ਅਤੇ ਪੰਜਾਬ ਦੇ ਅੰਦਰ ਵੀ 84 ਵੇਲੇ ਸਿੱਖਾਂ ਦਾ ਬੇਹੱਦ ਹੀ ਮਾੜਾ ਹਾਲ ਕੀਤਾ ਗਿਆ। 

ਉਨ੍ਹਾਂ ਨੇ ਕਿਹਾ ਕਿ 1984 ਲੰਘੀ ਨੂੰ ਭਾਵੇਂ ਹੀ ਹਾਲੇ 35 ਸਾਲ ਬੀਤੇ ਹਨ, ਪਰ ਹੁਣ ਤੱਕ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਅੰਦਰ ਜੋ ਬੀਤੇ ਦਿਨੀਂ ਸਿੱਖਾਂ 'ਤੇ ਪੁਲਿਸ ਦੇ ਵਲੋਂ ਹਮਲਾ ਕੀਤਾ ਗਿਆ, ਉਹ ਨਿੰਦਣਯੋਗ ਹੈ। ਭਾਈ ਮਹਾਲਮ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਅਤੇ ਸਿੱਖਾਂ ਨੂੰ ਸੜਕ 'ਤੇ ਧੂਹ-ਧੂਹ ਕੇ ਥਾਣੇ ਲਿਜਾਣ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਬੀਤੇ ਕੱਲ੍ਹ ਇੱਕ ਸਿੱਖ ਟੈਂਪੂ ਚਾਲਕ ਅਤੇ ਉਸ ਦੇ ਪੁੱਤਰ ਦੀ ਮਾਮੂਲੀ ਗੱਲ ਨੂੰ ਲੈ ਕੇ ਅੰਨ੍ਹੇਵਾਹ ਕੁੱਟਮਾਰ ਕੀਤੀ ਗਈ ਹੈ। 

ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਈ ਮਹਾਲਮ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਟੈਂਪੂ ਚਾਲਕ ਸਿੱਖ ਪਿਤਾ ਪੁੱਤਰ ਉੱਪਰ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀ ਦੇ ਵਿਰੁੱਧ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਵਿਰੁੱਧ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ। ਦੇਖਣਾ ਹੁਣ ਇਹ ਹੋਵੇਗਾ ਕਿ ਆਖ਼ਿਰ ਕਦੋਂ ਸਿੱਖ ਪਿਉ ਪੁੱਤ ਨੂੰ ਇਨਸਾਫ਼ ਮਿਲਦਾ ਹੈ ਅਤੇ ਕਦੋਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਜੇਲ੍ਹਾਂ ਅੰਦਰ ਜਾਂਦੇ ਹਨ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।