ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨੇ ਨਸ਼ੇੜੀ ਨੌਜਵਾਨ ਦੀ ਜ਼ਿੰਦਗੀ 'ਚ ਮੁੜ ਲਿਆਂਦੀ ਨਵੀਂ ਰੌਸ਼ਨੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 18 2019 19:04
Reading time: 2 mins, 24 secs

ਸਰਹਿੰਦ ਸ਼ਹਿਰ ਦੇ ਬ੍ਰਾਹਮਣ ਮਾਜਰਾ (ਪੁਰਾਣੇ ਰੇਲਵੇ ਓਵਰ ਬ੍ਰਿਜ ਨਜ਼ਦੀਕ) ਇਲਾਕੇ 'ਚ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਅਤੇ ਹੋਰ ਵਿਅਕਤੀਆਂ ਦੇ ਨਸ਼ੇ ਛੁਡਾਉਣ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ 'ਚ ਨਸ਼ਿਆਂ ਦੇ ਰੋਗੀਆਂ ਦਾ ਇਲਾਜ ਕੀਤੇ ਜਾਣ ਤੋਂ ਇਲਾਵਾ ਉਨ੍ਹਾਂ ਦੇ ਮੁੜ ਵਸੇਬੇ ਲਈ ਸਾਰਥਿਕ ਯਤਨ ਕੀਤੇ ਜਾਂਦੇ ਹਨ ਤਾਂ ਕਿ ਉਹ ਦੁਬਾਰਾ ਤੋਂ ਸਮਾਜ 'ਚ ਆਮ ਵਿਅਕਤੀ ਵਾਂਗ ਆਪਣੀ ਜ਼ਿੰਦਗੀ ਇੱਜ਼ਤ ਨਾਲ ਬਤੀਤ ਕਰ ਸਕਣ। ਇਸ ਕੇਂਦਰ ਨੇ ਇੱਕ ਨਸ਼ਿਆਂ ਦੇ ਆਦੀ ਨੌਜਵਾਨ ਦੀ ਜ਼ਿੰਦਗੀ 'ਚ ਮੁੜ ਨਵੀਂ ਰੌਸ਼ਨੀ ਲੈ ਆਂਦੀ ਹੈ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਰਾਹ ਦਸੇਰੇ ਦਾ ਕੰਮ ਕਰ ਰਿਹਾ ਹੈ।

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਨੇ ਸਰਹਿੰਦ ਦੇ ਰਮੇਸ਼ ਕੁਮਾਰ (ਕਾਲਪਨਿਕ ਨਾਮ) ਦੇ ਜੀਵਨ 'ਚ ਦੁਬਾਰਾ ਤੋਂ ਨਵੀਂ ਰੌਸ਼ਨੀ ਲੈ ਆਂਦੀ ਹੈ। ਨਸ਼ਿਆਂ ਦੀ ਲੱਗੀ ਆਦਤ ਸਬੰਧੀ ਰਮੇਸ਼ ਦਾ ਕਹਿਣਾ ਹੈ ਕਿ ਉਹ ਪਿਛਲੇ 6 ਸਾਲਾਂ ਤੋਂ ਨਸ਼ਿਆਂ 'ਚ ਲਿਪਤ ਹੋਣ ਕਾਰਨ ਨਰਕ ਵਾਲੀ ਜ਼ਿੰਦਗੀ ਜੀਅ ਰਿਹਾ ਸੀ। ਜਿਸ ਕਾਰਨ ਉਹ ਸਰੀਰਕ, ਆਰਥਿਕ ਅਤੇ ਸਮਾਜਿਕ ਤੌਰ ਤੇ ਸਮਾਜ ਵਿੱਚੋਂ ਟੁੱਟ ਚੁੱਕਾ ਸੀ ਅਤੇ ਉਸ ਦੀ ਪਤਨੀ ਤੇ ਬੱਚੇ ਵੀ ਨਫ਼ਰਤ ਕਰਨ ਲੱਗ ਪਏ ਸਨ। ਆਖ਼ਰ ਇੱਕ ਦਿਨ ਪਤਨੀ ਦੇ ਸਮਝਾਉਣ ਤੇ ਉਹ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈਣ ਲਈ ਗਿਆ ਜੋ ਕਾਫੀ ਮਹਿੰਗੀ ਸੀ। ਪ੍ਰੰਤੂ ਦਿਹਾੜੀਦਾਰ ਹੋਣ ਦੇ ਚੱਲਦੇ ਉਸ ਨੂੰ ਜੋ ਵੀ ਦਿਹਾੜੀ ਮਿਲਦੀ ਉਸ ਦਾ ਉਹ ਨਸ਼ਾ ਕਰ ਲੈਂਦਾ ਸੀ। ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੀ ਦਵਾਈ ਮਹਿੰਗੀ ਹੋਣ ਕਾਰਨ ਕਿਸੇ ਵਿਅਕਤੀ ਨੇ ਉਸ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਸਥਿਤ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸਬੰਧੀ ਜਾਣਕਾਰੀ ਦਿੱਤੀ।

ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਜ ਲਈ ਪਤਨੀ ਦੇ ਨਾਲ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ 'ਚ ਪਹੁੰਚਿਆ ਅਤੇ ਕੁਝ ਦਿਨ ਦਾਖਲ ਵੀ ਰਿਹਾ। ਦਵਾਈ ਲੈਣ ਦੇ ਨਾਲ ਡਾਕਟਰਾਂ ਵੱਲੋਂ ਕੀਤੀ ਕੌਂਸਲਿੰਗ ਉਸ ਨੂੰ ਨਸ਼ਾ ਤਿਆਗਣ 'ਚ ਸਹਾਈ ਹੋਈ ਅਤੇ ਉਸ ਨੇ ਡਾਕਟਰਾਂ ਦੇ ਮੁਤਾਬਕ ਦਵਾਈ ਖਾਣ ਦੇ ਨਾਲ ਨਸ਼ੇ ਤਿਆਗਣ ਲਈ ਆਪਣਾ ਮਨ ਪੱਕਾ ਕੀਤਾ। ਬੱਸ ਫਿਰ ਕੀ ਸੀ ਉਸ ਨੇ ਨਸ਼ਿਆਂ ਨੂੰ ਜ਼ਿੰਦਗੀ ਵਿੱਚੋਂ ਤਿਆਗ ਦਿੱਤਾ ਅਤੇ ਮੁੜ ਆਪਣੇ ਪਰਿਵਾਰ ਨਾਲ ਖ਼ੁਸ਼ੀ ਭਰਿਆ ਜੀਵਨ ਬਤੀਤ ਕਰਨ ਲੱਗ ਪਿਆ ਹੈ। ਅੱਜ ਕੱਲ੍ਹ ਉਹ ਨਸ਼ਿਆਂ ਦੇ ਆਦੀ ਨੌਜਵਾਨਾਂ ਅਤੇ ਹੋਰਨਾਂ ਲੋਕਾਂ ਲਈ ਰਾਹ ਦਸੇਰਾ ਬਣਿਆਂ ਹੋਇਆ ਹੈ।

ਉਸ ਦਾ ਕਹਿਣਾ ਹੈ ਕਿ ਨਸ਼ੇ ਵਿਅਕਤੀ ਦੀ ਜ਼ਿੰਦਗੀ ਨਸ਼ਟ ਕਰਨ ਦੇ ਨਾਲ ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ ਲਈ ਵੀ ਵੱਡੀ ਸਿਰਦਰਦੀ ਅਤੇ ਬੋਝ ਬਣ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ ਜ਼ਿੰਦਗੀ ਬਸਰ ਕਰਨ ਦੀ ਅਪੀਲ ਕਰਦੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਬੁਰੀ ਆਦਤ 'ਚ ਫਸਿਆ ਹੋਇਆ ਹੈ ਤਾਂ ਉਸ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਣੂ ਕਰਵਾਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਤਾਂ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਕਰ ਸਕੀਏ। ਜੇਕਰ ਕੋਈ ਨੌਜਵਾਨ ਜਾਂ ਵਿਅਕਤੀ ਨਸ਼ਿਆਂ ਦੀ ਦਲਦਲ 'ਚ ਫਸਿਆ ਹੋਇਆ ਹੈ ਤਾਂ ਉਸ ਨੂੰ ਬਿਨ੍ਹਾਂ ਝਿਜਕ ਆਪਣਾ ਇਲਾਜ ਸਰਕਾਰ ਵੱਲੋਂ ਖੋਲੇ ਗਏ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਜਾਂ ਓਟ ਕਲੀਨਿਕਾਂ 'ਚ ਕਰਵਾਉਣਾ ਚਾਹੀਦਾ ਹੈ।