ਅਬੋਹਰ ਦੇ ਲੋਕ ਚਾਹੁੰਦੇ ਹਨ ਸਮੱਸਿਆ ਦਾ ਹੱਲ, ਵਿਧਾਇਕ ਨਿਭਾਉਣ ਆਪਣਾ ਫ਼ਰਜ਼ !(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 18 2019 16:22
Reading time: 3 mins, 9 secs

ਉਂਝ ਤਾਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਦੀ ਦੁਰਦਸ਼ਾ ਤੋਂ ਸੂਬਾ ਪੰਜਾਬ ਦੇ ਲੋਕ ਵਾਕਫ਼ ਹੀ ਹਨ ਪਰ ਬਿਨਾਂ ਮੀਂਹ ਹੀ ਅਬੋਹਰ ਦੀ ਖ਼ਾਸ ਸੜਕ 'ਤੇ ਭਰਿਆ ਪਾਣੀ ਲੋਕਾਂ ਲਈ ਹੈਰਾਨੀ ਦਾ ਕਾਰਨ ਬਣਿਆ ਹੋਇਆ ਹੈ, ਲੋਕਾਂ ਦਾ ਕਹਿਣਾ ਹੈ ਕਿ ਮੀਂਹ ਤਾਂ ਪਿਆ ਨਹੀਂ ਤਾਂ ਆਖ਼ਰ ਪਾਣੀ ਕਿਥੋਂ ਆਇਆ ? ਅਬੋਹਰ ਸ਼ਹਿਰ 'ਚ ਕਰੀਬ 162 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਯੋਜਨਾ ਤਹਿਤ ਸੀਵਰੇਜ ਅਤੇ ਪਾਇਪਲਾਇਨ ਵਿਛਾਉਣ ਦਾ ਕੰਮ ਕਰੀਬ ਪੌਨੇ ਦੋ ਸਾਲ ਪਹਿਲਾ ਸ਼ੁਰੂ ਹੋਇਆ ਸੀ ਪਰ ਅੱਜ ਵੀ ਇਸ ਦਾ ਕੰਮ ਅੱਧਾ ਅਧੂਰਾ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਸੀਵਰੇਜ ਵਿਵਸਥਾ ਦਰੁਸਤ ਤਾਂ ਨਹੀਂ ਹੋਈ ਪਰ ਜਾਮ ਕਿਥੋਂ ਹੋ ਜਾਵੇ ਇਸ ਦਾ ਕੋਈ ਸਮੇਂ ਜਾ ਥਾਂ ਦਾ ਪਤਾ ਨਹੀਂ ਹੈ। ਹੁਣ ਵੀ ਅਜਿਹੀ ਸਮੱਸਿਆ ਤੋ ਲੋਕ ਪਰੇਸ਼ਾਨ ਹੋ ਰਹੇ ਹਨ। ਅਬੋਹਰ ਦੀ ਨਵੀਂ ਸੜਕ ਵੱਜੋ ਮਸ਼ਹੂਰ ਸੜਕ ਪਾਣੀ 'ਚ ਡੁੱਬੀ ਹੋਈ ਹੈ ਅਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨੂੰ ਬਚਾਉਣ ਲਈ ਦੁਕਾਨਾਂ ਅੱਗੇ ਮਿੱਟੀ ਸੁਟਾਈ ਹੈ।

ਅਬੋਹਰ ਦੀ ਨਵੀਂ ਸੜਕ ਦੀ ਉਸਾਰੀ ਸਾਲ 2016 'ਚ ਹੋਈ ਅਤੇ ਇਸ ਸੜਕ ਦਾ ਸਬ ਤੋ ਵੱਧ ਪ੍ਰਯੋਗ ਲੋਕਾਂ ਵਲੋਂ ਕੀਤਾ ਜਾਂਦਾ ਹੈ। ਇਸ ਸੜਕ ਤੋ ਰੋਜ਼ਾਨਾ ਆਮ ਲੋਕਾਂ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਪਰ ਇਹ ਸਮੱਸਿਆ ਘਟਣ ਦੀ ਥਾਂ ਵਧਦੀ ਜਾ ਰਹੀ ਹੈ। ਪਾਣੀ ਖੜ੍ਹਾ ਹੋਣ ਕਰਕੇ ਸੜਕ ਬੈਠ ਗਈ ਹੈ ਉੱਥੇ ਹੀ ਸੜਕ ਟੁੱਟ ਗਈ ਹੈ। ਇਸ ਬਾਰੇ ਸੀਵਰੇਜ ਬੋਰਡ ਦੇ ਐਕਸ.ਈ.ਐਨ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਕਈ ਚੈਂਬਰ ਗੈਰ ਕਾਨੂੰਨੀ ਤਰੀਕੇ ਨਾਲ ਬਣੇ ਹੋਏ ਸਨ ਜਿਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ, ਜੇ ਸੜਕ ਟੁੱਟੀ ਹੈ ਜਾ ਪਾਣੀ ਭਰਿਆ ਹੋਇਆ ਹੈ ਤਾਂ ਉਸ ਦੇ ਲਈ ਨਗਰ ਕੌਂਸਲ ਜ਼ਿੰਮੇਵਾਰ ਹੈ। ਉੱਧਰ ਨਗਰ ਕੌਂਸਲ ਦੇ ਜੇ.ਈ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਜੋ ਸਮੱਸਿਆ ਪੈਦਾ ਹੋਈ ਹੈ ਉਸ ਨੂੰ ਦੁਰ ਕਰਨ ਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੀ ਹੈ, ਕੌਂਸਲ ਨੇ ਤਾਂ ਸੜਕ ਬਣਾਉਣੀ ਸੀ ਜੋ ਬਣਾ ਦਿੱਤੀ ਗਈ ਹੈ, ਹੁਣ ਸੀਵਰੇਜ ਸਬੰਧੀ ਸਮੱਸਿਆ ਦਾ ਹੱਲ ਤਾਂ ਸੀਵਰੇਜ ਬੋਰਡ ਕੋਲ ਹੀ ਹੈ।

ਇਸ ਬਾਰੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਸਿਆਸਤ ਦਾ ਪੈਂਤਰਾ ਚਲਦਿਆਂ ਕਿਹਾ ਕਿ ਕੌਂਸਲ ਦੇ ਬੋਰਡ 'ਤੇ ਬੇਸ਼ੱਕ ਭਾਜਪਾ ਕਾਬਜ਼ ਹੈ ਪਰ ਭਾਜਪਾ ਦੇ ਨਗਰ ਕੌਂਸਲ ਵਲੋਂ ਆਪਣੀ ਪ੍ਰਧਾਨਗੀ ਤੋ ਅਸਤੀਫ਼ਾ ਦਿੱਤਾ ਜਾ ਚੁੱਕਿਆ ਹੈ ਇਸ ਲਈ ਹੁਣ ਤਾਂ ਕੌਂਸਲ ਦੀ ਕਾਰਵਾਈ ਸੱਤਾਧਾਰੀ ਕਾਂਗਰਸ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਉਹ ਜਲਦ ਹੀ ਉਪਮੰਡਲ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਇਸ ਦਾ ਹੱਲ ਕਰਵਾਉਣ ਦੀ ਮੰਗ ਕਰਨਗੇ । ਉਨ੍ਹਾਂ ਨੇ ਤਾਂ ਸੰਘਰਸ਼ ਦੀ ਚਿਤਾਵਨੀ ਵੀ ਦੇ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਉਹ ਇਸ ਦੇ ਲਈ ਮਜਬੂਰ ਹੋਣਗੇ।

ਲੋਕਾਂ ਦੀ ਪਰੇਸ਼ਾਨੀ ਨਾਲ ਜੁੜੇ ਇਸ ਮਾਮਲੇ ਬਾਰੇ ਜ਼ਿਲ੍ਹਾ ਕਾਂਗਰਸ ਮੁਖੀ ਸੰਦੀਪ ਜਾਖੜ ਨੇ ਕਿਹਾ ਕਿ ਕੌਂਸਲ ‘ਤੇ ਭਾਜਪਾ ਦਾ ਬੋਰਡ ਹੈ ਅਤੇ ਭਾਜਪਾ ਆਪਣੀ ਜ਼ਿੰਮੇਵਾਰੀ ਤੋ ਪਾਸਾ ਵੱਟ ਕੇ ਪਹਿਲਾ ਹੀ ਕਿਨਾਰਾ ਕਰ ਚੁੱਕੀ ਹੈ ਇਸ ਲਈ ਭਾਜਪਾ ਦੇ ਪ੍ਰਧਾਨ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੁਣ ਵਿਧਾਇਕ ਵੀ ਆਪਣੀ ਜ਼ਿੰਮੇਵਾਰੀ ਤੋ ਕੰਨੀ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦਾ ਫ਼ਰਜ਼ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਹਰ ਵਸੀਲੇ ਕਰਨ, ਪਰ ਵਿਧਾਇਕ ਸਿਰਫ ਗੱਲਾ ਕਰਨ ਜੋਗੇ ਹਨ। ਉਨ੍ਹਾਂ ਕਿਹਾ ਕਿ ਪਰ ਉਹ ਸ਼ਹਿਰ ਦੇ ਲੋਕਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਦੇ ਹੋਇਆ ਸਬੰਧਤ ਅਧਿਕਾਰੀਆਂ ਨੂੰ ਮਿਲਣਗੇ ਅਤੇ ਸਮੱਸਿਆ ਦਾ ਹੱਲ ਕਰਵਾਉਣਗੇ।

ਇੱਥੇ ਇੱਕ ਗੱਲ ਦਾ ਸਪਸ਼ਟ ਹੈ ਕਿ ਸਿਆਸਤ ਦੇ ਇਸ ਗੇੜ 'ਚ ਅਬੋਹਰ ਦਾ ਆਮ ਵਿਅਕਤੀ ਪਿਸ ਰਿਹਾ ਹੈ ਅਤੇ ਸਾਲਾਂ ਤੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰਦਾ ਹੈ ਪਰ ਬੋਲ ਕੁਝ ਨਹੀਂ ਸਕਦਾ। ਇੱਥੇ ਵਿਧਾਇਕ ਸਾਹਿਬ ਵੀ ਹਰ ਤਰ੍ਹਾਂ ਵਾਂਗ ਇਸ ਸਮੱਸਿਆ ਨੂੰ ਲੈ ਕੇ ਵੀ ਸਿਆਸਤ ਕਰਦੇ ਨਜ਼ਰ ਆ ਰਹੇ ਹਨ, ਲੋਕਾਂ ਨੂੰ ਨਹੀਂ ਪਤਾ ਕਿ ਜ਼ਿੰਮੇਵਾਰੀ ਕਿਹੜੇ ਮਹਿਕਮੇ ਦੀ ਬਣਦੀ ਹੈ ਜਾ ਫਿਰ ਸਰਕਾਰ ਕਿਸ ਦੀ ਹੈ, ਲੋਕਾਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਨੇ ਅਰੁਣ ਨਾਰੰਗ 'ਚ ਭਰੋਸਾ ਜਤਾਇਆ ਅਤੇ ਵਿਧਾਇਕ ਦੀ ਕੁਰਸੀ 'ਤੇ ਬਿਠਾਇਆ ਹੈ, ਪਰ ਅੱਜ ਜੇਕਰ ਵਿਧਾਇਕ ਆਪਣੀ ਜ਼ਿੰਮੇਵਾਰੀ ਤੋ ਕੰਨੀ ਕਤਰਾ ਰਹੇ ਹਨ ਤਾਂ ਇਹ ਸਿੱਧੇ ਸਿੱਧੇ ਅਬੋਹਰ ਦੀ ਜਨਤਾ ਨਾਲ ਧੋਖਾ ਹੈ।